ਲੁਧਿਆਣਾ ਪੁਲਿਸ ਵਲੋਂ ਵਿਦਿਆਰਥੀਆਂ ਨੂੰ ਇਲੈਕਟ੍ਰਾਨਿਕ ਸਿਗਰਟ ਵੇਚਣ ਅਤੇ ਹੁੱਕਾ ਬਾਰ ਅੰਦਰ ਐਂਟਰੀ ਦੇਣ ਵਾਲਿਆ ਨੂੰ ਚੇਤਾਵਨੀ
ਸੁਖਮਿੰਦਰ ਭੰਗੂ
ਲੁਧਿਆਣਾ 8 ਜਨਵਰੀ 2026
ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਅੰਦਰ ਵੱਖ-ਵੱਖ ਸਕੂਲ ਅਤੇ ਹੁੱਕਾ ਬਾਰ ਚਲਾਏ ਜਾ ਰਹੇ ਹਨ। ਸਕੂਲਾਂ ਅੰਦਰ ਪੜ੍ਹ ਰਹੇ ਛੋਟੀ ਉਮਰ ਦੇ ਵਿਦਿਆਰਥੀਆਂ ਵੱਲੋਂ ਆਮ ਦੁਕਾਨਾਂ 'ਤੇ ਇਲੈਕਟ੍ਰਾਨਿਕ ਸਿਗਰਟ (ਵੈੱਬ) ਖਰੀਦ ਕੇ ਸਕੂਲਾਂ ਅੰਦਰ ਚੋਰੀ ਛੁਪੇ ਵਰਤੀ ਕੀਤੀ ਜਾਂਦੀ ਹੈ ਅਤੇ ਹੁੱਕਾ ਬਾਰਾਂ ਅੰਦਰ ਛੋਟੀ ਉਮਰ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਤੰਬਾਕੂ, ਸ਼ਰਾਬ, ਸਿਗਰਟ ਅਤੇ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੈਮੀਕਲਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿਸ ਨਾਲ ਛੋਟੀ ਉਮਰ ਦੇ ਬੱਚਿਆਂ ਅਤੇ ਨੌਜਵਾਨਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਛੋਟੀ ਉਮਰ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਘਾਤਕ ਬਿਮਾਰੀਆਂ ਤੋਂ ਬਚਾਉਣ ਲਈ ਵਿਸ਼ੇਸ਼ ਕਦਮ ਚੁੱਕਣ ਦੀ ਜ਼ਰੂਰਤ ਹੈ।
ਰੁਪਿੰਦਰ ਸਿੰਘ, ਆਈ.ਪੀ.ਐਸ. ਡਿਪਟੀ ਕਮਿਸ਼ਨਰ ਪੁਲਿਸ, ਸ਼ਹਿਰੀ-ਕਮ-ਸਥਾਨਕ, ਲੁਧਿਆਣਾ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਸੰਪੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਅੰਦਰ ਪੈਂਦੇ ਸਮੂਹ ਸਕੂਲਾਂ ਅੰਦਰ ਛੋਟੀ ਉਮਰ ਦੇ ਬੱਚਿਆਂ ਵੱਲੋਂ ਇਲੈਕਟ੍ਰਾਨਿਕ ਸਿਗਰਟ (ਵੈੱਬ) ਦੀ ਵਰਤੋਂ ਕਰਨ, ਗੈਰ ਕਾਨੂੰਨੀ ਹੁੱਕਾ ਬਾਰ ਚਲਾਉਣ, ਹੁੱਕਾ ਬਾਰ ਵਿੱਚ ਵਰਤੇ ਜਾਣ ਵਾਲੇ ਕੈਮੀਕਲ, ਤੰਬਾਕੂ, ਸ਼ਰਾਬ, ਸਿਗਰਟ ਅਤੇ ਇਲੈਕਟ੍ਰਿਕ ਸਿਗਰਟ (ਵੈੱਬ) ਵਰਤਣ ਅਤੇ ਇਲੈਕਟ੍ਰਿਕ ਸਿਗਰਟ (ਵੈੱਬ) ਲੋਕਲ ਮਾਰਕੀਟ ਅੰਦਰ ਵੇਚਣ 'ਤੇ ਪਬਲਿਕ ਹਿੱਤ ਵਿੱਚ ਪਾਬੰਦੀ ਲਗਾਈ। ਅਗਰ ਕਿਸੇ ਵੀ ਸਕੂਲ ਜਾਂ ਹੁੱਕਾ ਬਾਰ ਅੰਦਰ ਛੋਟੀ ਉਮਰ ਦਾ ਬੱਚਾ ਜਾਂ ਨੌਜਵਾਨ ਕੈਮੀਕਲ, ਤੰਬਾਕੂ, ਸ਼ਰਾਬ, ਸਿਗਰਟ ਅਤੇ ਇਲੈਕਟ੍ਰਿਕ ਸਿਗਰਟ (ਵੈੱਬ) ਦੀ ਵਰਤੋਂ ਕਰਦਾ ਪਾਇਆ ਜਾਂਦਾ ਹੈ ਤਾਂ ਹੁੱਕਾ ਬਾਰ ਦੇ ਮਾਲਕ/ਸਟਾਫ, ਸਕੂਲ ਦੇ ਮਾਲਕ/ਸਟਾਫ ਅਤੇ ਬੱਚਿਆਂ ਦੇ ਮਾਤਾ-ਪਿਤਾ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਹੁਕਮ ਲਾਗੂ ਹੋਣ ਦੀ ਮਿਤੀ ਤੋਂ 02 ਮਹੀਨੇ ਤੱਕ ਲਾਗੂ ਰਹੇਗਾ ਅਤੇ ਇਹ ਹੁਕਮ ਜ਼ਿਲ੍ਹਾ ਲੋਕ ਸੰਪਰਕ ਵਿਭਾਗ, ਲੁਧਿਆਣਾ ਵੱਲੋਂ ਸਰਕਾਰੀ ਵਹੀਕਲ ਰਾਹੀਂ ਪ੍ਰਚਾਰ ਕਰਕੇ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਵੇਗਾ।