CCT-CGC ਲਾਂਡਰਾਂ ਵਿਖੇ ਪੋਸ਼ ਐਕਟ ਸੰਬੰਧੀ ਜਾਗਰੂਕਤਾ ਸੈਸ਼ਨ
ਚੰਡੀਗੜ੍ਹ, 8 ਜਨਵਰੀ 2026 ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ (ਸੀਸੀਟੀ), ਸੀਜੀਸੀ ਲਾਂਡਰਾਂ ਦੇ ਕੰਪਿਊਟਰ ਐਪਲੀਕੇਸ਼ਨ ਵਿਭਾਗ ਵੱਲੋਂ ਕੈਂਪਸ ਵਿੱਚ ਪ੍ਰੀਵੇਂਸ਼ਨ ਆਫ ਸੈਕਸ਼ੁਅਲ ਹੈਰਾਸਮੈਂਟ (ਪੋਸ਼) ਐਕਟ ਵਿਸ਼ੇ ਸੰਬੰਧੀ ਇੱਕ ਜਾਗਰੂਕਤਾ ਸੈਸ਼ਨ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ ਇੱਕ ਸੁਰੱਖਿਅਤ, ਸਤਿਕਾਰਯੋਗ, ਸਮਾਵੇਸ਼ੀ ਅਕਾਦਮਿਕ ਅਤੇ ਪੇਸ਼ੇਵਰ ਵਾਤਾਵਰਣ ਨੂੰ ਉਤਸ਼ਾਹਿਤ ਕਰਨਾ ਸੀ।
ਇਸ ਸੈਸ਼ਨ ਦਾ ਮਕਸਦ ਸੀਜੀਸੀ ਲਾਂਡਰਾਂ ਦੇ ਫੈਕਲਟੀ ਮੈਂਬਰਾਂ ਨੂੰ ਪੋਸ਼ ਐਕਟ ਦੇ ਤਹਿਤ ਕਾਨੂੰਨੀ ਢਾਂਚੇ, ਅਧਿਕਾਰਾਂ, ਜ਼ਿੰਮੇਵਾਰੀਆਂ ਅਤੇ ਨਿਵਾਰਣ ਵਿਧੀਆਂ ਬਾਰੇ ਜਾਗਰੂਕ ਕਰਨਾ ਸੀ। ਇਸ ਸੈਸ਼ਨ ਵਿੱਚ ਸੁਰਭੀ ਪਰਾਸ਼ਰ, ਮਾਨਯੋਗ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀਜੇਐਮ), ਐਸਏਐਸ ਨਗਰ ਨੇ ਸ਼ਮੂਲੀਅਤ ਕੀਤੀ।ਇਸ ਦੌਰਾਨ ਉਨ੍ਹਾਂ ਨੇ ਪੋਸ਼ ਐਕਟ ਦੇ ਵਿਕਾਸ ਅਤੇ ਉਦੇਸ਼ਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਜਿਨਸੀ ਸ਼ੋਸ਼ਣ ਦੀ ਰੋਕਥਾਮ, ਮਨਾਹੀ ਅਤੇ ਨਿਵਾਰਣ ਦੇ ਇਸ ਦੇ ਮੁੱਖ ਸਿਧਾਂਤਾਂ ’ਤੇ ਜ਼ੋਰ ਦਿੱਤਾ।
ਮਾਣਯੋਗ ਸੀਜੇਐਮ ਨੇ ਇੰਟਰਨਲ ਕਮਪਲੇਨਟਸ ਕਮੇਟੀ (ਆਈਸੀਸੀ) ਦੀ ਬਣਤਰ,ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਵਿਸਤ੍ਰਿਤ ਵਿਆਖਿਆ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਸ਼ਿਕਾਇਤ ਦਰਜ ਕਰਨ ਦੀ ਪ੍ਰਕਿਰਿਆ, ਜਾਂਚ ਦੇ ਤਰੀਕੇ, ਗੋਪਨੀਯਤਾ ਦੇ ਨਿਯਮਾਂ, ਨਿਰਧਾਰਤ ਸਮਾਂ ਸੀਮਾਵਾਂ ਅਤੇ ਪਾਲਣਾ ਨਾ ਕਰਨ ਦੇ ਨਤੀਜਿਆਂ ਬਾਰੇ ਵਿਸਥਾਰਪੂਰਵਕ ਸਮਝਾਇਆ। ਇਸ ਸੈਸ਼ਨ ਨੂੰ ਹੋਰ ਮਾਣ ਮਿਲਿਆ ਜਦੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀਐਲਐਸਏ), ਨਗਰ ਦੇ ਪੈਨਲ ਐਡਵੋਕੇਟ, ਐਡਵੋਕੇਟ ਆਰਤੀ ਸ਼ਰਮਾ ਵੀ ਮੌਜੂਦ ਹੋਏ। ਉਨ੍ਹਾਂ ਨੇ ਪੋਸ਼ ਸਬੰਧਤ ਮਾਮਲਿਆਂ ਨੂੰ ਸੰਭਾਲਣ ਦੇ ਪ੍ਰਕਿਰਿਆਤਮਕ ਅਤੇ ਕਾਨੂੰਨੀ ਪਹਿਲੂਆਂ ਵਿੱਚ ਵਿਹਾਰਕ ਸੂਝ ਸਾਂਝੀ ਕਰਕੇ ਸੈਸ਼ਨ ਨੂੰ ਅਮੀਰ ਬਣਾਇਆ, ਜਿਸ ਨਾਲ ਭਾਗੀਦਾਰਾਂ ਦੀ ਪਾਲਣਾ ਅਤੇ ਲਾਗੂ ਕਰਨ ਦੀ ਸਮਝ ਨੂੰ ਮਜ਼ਬੂਤੀ ਮਿਲੀ।
ਪ੍ਰੋਗਰਾਮ ਦੇ ਅੰਤ ਵਿੱਚ ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਡਾ.ਗਗਨਦੀਪ ਭੁੱਲਰ, ਡਾਇਰੈਕਟਰ ਵਿਦਿਆਰਥੀ ਭਲਾਈ, ਅਤੇ ਡਾ.ਪਲਕੀ ਸਾਹਿਬ ਕੌਰ, ਡਾਇਰੈਕਟਰ ਪ੍ਰਿੰਸੀਪਲ, ਸੀਸੀਟੀ-ਸੀਜੀਸੀ ਲਾਂਡਰਾਂ ਦੁਆਰਾ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਪੋਸ਼ ਐਕਟ ਜਾਗਰੂਕਤਾ ਸੈਸ਼ਨ ਨੇ ਕਾਨੂੰਨੀ ਜਾਗਰੂਕਤਾ, ਲਿੰਗ ਸੰਵੇਦਨਸ਼ੀਲਤਾ ਅਤੇ ਸੰਸਥਾਗਤ ਜਵਾਬਦੇਹੀ ਨੂੰ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਦਰਸਾਇਆ। ਜਿਸ ਨੇ ਸੀਜੀਸੀ ਲਾਂਡਰਾਂ ਦੀ ਇੱਕ ਸੁਰੱਖਿਅਤ, ਮਾਣਮੱਤੇ ਅਤੇ ਸਮਾਵੇਸ਼ੀ ਕੈਂਪਸ ਵਾਤਾਵਰਣ ਨੂੰ ਬਣਾਈ ਰੱਖਣ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।