ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਟੀਮ ਵੱਲੋਂ ਪਿੰਡ ਘਟੌਰ ਜ਼ਿਲ੍ਹਾ ਮੋਹਾਲੀ ਦਾ ਸਰਵੇਖਣ
ਮਾਜਰੀ/ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 7 ਜਨਵਰੀ, 2026:
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇੰਦਰ ਮੋਹਾਲੀ ਅਤੇ ਯੂਨੀਵਰਸਿਟੀ ਦੀ ਸਬਜੀ ਵਿਭਾਗ ਦੀ ਟੀਮ ਵੱਲੋਂ ਪਿੰਡ ਘਟੌਰ ਦਾ ਦੌਰਾ ਕਰਕੇ ਜਾਗਰੂਕਤਾ ਕੈਂਪ ਲਾਇਆ ਗਿਆ। ਇਹ ਦੌਰਾ ਪਿੰਡ ਵਿੱਚ ਸਬਜ਼ੀ ਦੀ ਕਾਸ਼ਤ ਕਰਦੇ ਕਿਸਾਨਾਂ ਵੱਲੋਂ ਮੂਲੀ ਤੇ ਚੁਕੰਦਰ ਉੱਤੇ ਭੂਰੇ ਰੰਗ ਦੇ ਧੱਬੇ ਆਉਣ ਅਤੇ ਉਹਨਾਂ ਦਾ ਆਕਾਰ ਵੀ ਬੇਢੱਬਾ ਹੋਣ ਦੀ ਚਿੰਤਾ ਜ਼ਾਹਿਰ ਕਰਨ ਦੇ ਮੱਦੇਨਜ਼ਰ ਕੀਤਾ ਗਿਆ।
ਟੀਮ ਵੱਲੋਂ ਵੱਖ ਵੱਖ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਗਈ। ਕਿਸਾਨਾਂ ਨੂੰ ਇਸ ਸਮੱਸਿਆ ਦਾ ਹੱਲ ਦਿੱਤਾ ਗਿਆ। ਮਿੱਟੀ ਦੇ ਨਮੂਨੇ ਵੀ ਲਏ ਗਏ। ਨਿਰੀਖਣ ਦੌਰਾਨ ਕਣਕ ਦੇ ਕਾਫੀ ਖੇਤਾਂ ਵਿੱਚ ਮੈਂਗਨੀਜ਼ ਦੀ ਘਾਟ ਵੀ ਪਾਈ ਗਈ। ਕਣਕ ਵਿੱਚ ਆ ਰਹੀ ਮੈਂਗਨੀਜ਼ ਦੀ ਘਾਟ ਬਾਰੇ ਜਾਗਰੂਕ ਕਰਨ ਲਈ ਫਾਰਮ ਸਲਾਹਕਾਰ ਸੇਵਾ ਕੇੰਦਰ, ਮੋਹਾਲੀ ਵੱਲੋਂ ਪਿੰਡ ਘਟੌਰ ਵਿਖੇ ਕੈਂਪ ਲਗਾਇਆ ਗਿਆ ਜਿਸ ਵਿੱਚ ਲਗਭਗ 50 ਕਿਸਾਨਾਂ ਨੇ ਭਾਗ ਲਿਆ।
ਕੈਂਪ ਦੀ ਸ਼ੁਰੂਆਤ ਕਰਦਿਆਂ ਹੋਇਆਂ ਡਾ. ਰਮਿੰਦਰ ਘੁੰਮਣ (ਡੀ. ਈ. ਐਸ. ਫ਼ਸਲ ਵਿਗਿਆਨ) ਨੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਵਿੱਚ ਨਦੀਨਾਂ ਖਾਸ ਕਰਕੇ ਗੁੱਲੀ ਡੰਡੇ ਦੇ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਕਿਸਾਨਾਂ ਨੂੰ ਕਣਕ ਵਿੱਚ ਮੈਂਗਨੀਜ਼ ਦੀ ਘਾਟ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਅਤੇ ਮੈਂਗਨੀਜ਼ ਸਲਫੇਟ ਦੀ ਵਰਤੋਂ ਕਰਕੇ ਇਸ ਦੀ ਘਾਟ ਨੂੰ ਪੂਰਾ ਕਰਨ ਲਈ ਕਿਹਾ। ਉਹਨਾਂ ਨੇ ਕਣਕ ਵਿੱਚ ਪੋਟਾਸ਼ਿਅਮ ਨਾਈਟਰੇਟ ਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ।
ਡਾ. ਅਵਨੀਤ ਕੌਰ (ਡੀ. ਈ. ਐਸ. ਫਲ ਵਿਗਿਆਨ) ਨੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਨੂੰ ਅਪਨਾਉਣ ਲਈ ਪ੍ਰੇਰਨਾ ਦਿੰਦਿਆਂ ਹੋਇਆਂ ਬਾਗਬਾਨੀ ਅਤੇ ਸਬਜੀਆਂ ਦੀ ਕਾਸ਼ਤ ਕਰਨ ਲਈ ਕਿਹਾ। ਉਹਨਾਂ ਨੇ ਕਿਸਾਨਾਂ ਨੂੰ ਪਤਝੜੀ ਬੂਟਿਆਂ ਦੀ ਕਾਂਟ ਛਾਂਟ ਬਾਰੇ ਅਤੇ ਫਲਦਾਰ ਬੂਟੇ ਲਗਾਉਣ ਦੇ ਢੰਗ ਅਤੇ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ।
ਖੇਤੀਬਾੜੀ ਮਹਿਕਮੇ ਤੋਂ ਆਏ ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਜੀਤ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਸਹਾਇਕ ਕਿੱਤਿਆਂ ਨੂੰ ਅਪਨਾਉਣ ਲਈ ਪ੍ਰੇਰਨਾ ਦਿੱਤੀ ਅਤੇ ਵੱਖ-ਵੱਖ ਕਿੱਤਾ ਮੁਖੀ ਸਿਖਲਾਈ ਕੋਰਸਾਂ ਬਾਰੇ ਜਾਣੂ ਕਰਵਾਇਆ। ਉਹਨਾਂ ਨੇ ਕਿਸਾਨਾਂ ਨੂੰ ਖੇਤੀਬਾੜੀ ਮਹਿਕਮੇ ਵੱਲੋਂ ਦਿੱਤੀ ਜਾਂਦੀਆਂ ਸਬਸਿਡੀਆਂ ਅਤੇ ਸਕੀਮਾਂ ਬਾਰੇ ਜਾਣੂ ਕਰਵਾਇਆ।
ਇਸ ਜਾਗਰੂਕਤਾ ਅਭਿਆਨ ਅਧੀਨ ਕਿਸਾਨਾਂ ਨੂੰ ਪ੍ਰਦਰਸ਼ਨੀਆਂ ਲਗਾਉਣ ਲਈ ਮੈਂਗਨੀਜ਼ ਸਲਫੇਟ ਵੀ ਮੁਹਈਆ ਕਰਵਾਇਆ ਗਿਆ। ਅੰਤ ਵਿੱਚ ਕਿਸਾਨਾਂ ਨੇ ਵਿਗਿਆਨੀਆਂ ਨਾਲ ਵਿਚਾਰ-ਵਟਾਂਦਰਾ ਕਰਕੇ ਆਪਣੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ। ਕੈਂਪ ਦਾ ਅਖੀਰ ਨਿਯਮਤ ਸੁਝਾਵਾਂ ਅਤੇ ਧੰਨਵਾਦ ਨਾਲ ਕੀਤਾ ਗਿਆ।