ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਰਾਮ ਰਹੀਮ ਨੂੰ ਮੁੜ ਪੈਰੋਲ ਦੇਣ ਦੀ ਕੀਤੀ ਨਿਖੇਧੀ
ਸ੍ਰੀ ਅੰਮ੍ਰਿਤਸਰ, 4 ਜਨਵਰੀ-
ਸੰਗੀਨ ਅਪਰਾਧਾਂ ਵਿੱਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ 40 ਦਿਨ ਦੀ ਪੈਰੋਲ ਦਿੱਤੇ ਜਾਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਨਿਖੇਧੀ ਕੀਤੀ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਜਿਹੜਾ ਵਿਅਕਤੀ ਗੰਭੀਰ ਦੋਸ਼ਾਂ ਵਿੱਚ ਸਜ਼ਾ ਕੱਟ ਰਿਹਾ ਹੈ ਅਤੇ ਸਿੱਖ ਧਰਮ ਵਿਰੋਧੀ ਗਤੀਵਿਧੀਆਂ ਦਾ ਵੀ ਦੋਸ਼ੀ ਹੈ ਉਸ ਉੱਤੇ ਸਰਕਾਰਾਂ ਦੀ ਇਹ ਦਰਿਆਦਿਲੀ ਹੈਰਾਨੀਜਨਕ ਹੀ ਨਹੀਂ, ਸਗੋਂ ਲੋਕਤੰਤਰ ਅਤੇ ਇਨਸਾਫ਼ ਪ੍ਰਣਾਲੀ ਦਾ ਵੀ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਵਿਅਕਤੀਆਂ ਨੂੰ ਸਰਕਾਰ ਵੱਲੋਂ ਵਿਸ਼ੇਸ਼ ਰਿਆਇਤਾਂ ਦੇਣਾ ਜਿਥੇ ਪੀੜਤ ਲੋਕਾਂ ਨਾਲ ਮਜ਼ਾਕ ਹੈ ਉਥੇ ਨਿਆਂ ਪ੍ਰਣਾਲੀ ਲਈ ਵੀ ਸਵਾਲ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਜੇਕਰ ਸਰਕਾਰਾਂ ਨੇ ਦੋਸ਼ੀਆਂ ਨੂੰ ਸਿਆਸੀ ਲਾਭ ਲਈ ਰਾਹਤ ਦੇਣ ਦਾ ਇਹ ਰੁਝਾਨ ਜਾਰੀ ਰੱਖਿਆ ਤਾਂ ਲੋਕਾਂ ਦਾ ਇਨਸਾਫ਼ ਪ੍ਰਣਾਲੀ ਤੋਂ ਭਰੋਸਾ ਉੱਠ ਜਾਵੇਗਾ।