Babushahi Special ਬਠਿੰਡਾ ’ਚ ਭਾਜਪਾ ਦੀ ਸਿਆਸੀ ਲੱਸੀ ਲਈ ਚਿਰਾਂ ਮਗਰੋਂ ਪ੍ਰਗਟ ਹੋਏ ‘ਹਰਮਿੰਦਰ ਸਿੰਘ ਜੱਸੀ’
ਅਸ਼ੋਕ ਵਰਮਾ
ਬਠਿੰਡਾ, 3 ਜਨਵਰੀ 2025 : ਭਾਜਪਾ ਆਗੂ ਹਰਮਿੰਦਰ ਸਿੰਘ ਜੱਸੀ ਨੇ ਕਾਫੀ ਸਮੇਂ ਪਿੱਛੋਂ ਬਠਿੰਡਾ ਸ਼ਹਿਰੀ ਹਲਕੇ ’ਚ ਨਵੇਂ ਸਾਲ ਅਤੇ ਲੋਹੜੀ ਦੀ ਵਧਾਈ ਦੇਣ ਵਾਲੇ ਪੋਸਟਰਾਂ ਰਾਹੀਂ ਸਿਆਸੀ ਹਾਜ਼ਰੀ ਲਵਾਈ ਹੈ। ਜੱਸੀ ਡੇਰਾ ਸਿਰਸਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਕੁੜਮ ਹਨ ਜਿੰਨ੍ਹਾਂ ਵੱਲੋਂ ਬਠਿੰਡਾ ਤੋਂ ਤੀਸਰੀ ਵਾਰ ਕਿਸਮਤ ਅਜਮਾਉਣ ਦੀ ਗੱਲ ਸਾਹਮਣੇ ਆ ਰਹੀ ਹੈ। ਬਠਿੰਡਾ ’ਚ ਡੇਰਾ ਪੈਰੋਕਾਰਾਂ ਦੀ ਗਿਣਤੀ ਕਾਫੀ ਵੱਡੀ ਹੈ ਅਤੇ ਰਿਸ਼ਤੇਦਾਰੀ ਕਾਰਨ ਹੀ ਜੱਸੀ ਇੰਨ੍ਹਾਂ ਵੋਟਾਂ ਪ੍ਰਤੀ ਆਸਵੰਦ ਵੀ ਹਨ। ਮੰਨਿਆ ਜਾ ਰਿਹਾ ਹੈ ਕਿ ਇੰਨ੍ਹਾਂ ਗਿਣਤੀਆਂ ਮਿਣਤੀਆਂ ਅਤੇ ਹਰਿਆਣਾ ’ਚ ਤਿੰਨ ਵਾਰ ਭਾਜਪਾ ਸਰਕਾਰ ਬਣਨ ’ਚ ਡੇਰਾ ਪ੍ਰੇਮੀਆਂ ਦੇ ਯੋਗਦਾਨ ਦੀ ਚੁੰਝ ਚਰਚਾ ਨੂੰ ਦੇਖਦਿਆਂ ਜੱਸੀ ਨੇ 18 ਸਾਲ ਪਿੱਛੋਂ ਇਹ ਸਿਆਸੀ ਦਸਤਕ ਦਿੱਤੀ ਹੈ। ਭਾਜਪਾ ਕੀ ਫੈਸਲਾ ਕਰੇਗੀ ਇਹ ਤਾਂ ਸਮਾਂ ਦੱਸੇਗਾ ਪਰ ਜੱਸੀ ਦਾ ਬਠਿੰਡਾ ਮੋਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਰਹਿ ਗਿਆ ਹੈ।
ਦਰਅਸਲ 2007 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਬਠਿੰਡਾ ਹਲਕੇ ਤੋਂ ਕਾਂਗਰਸ ਨੇ ਹਰਮਿੰਦਰ ਸਿੰਘ ਜੱਸੀ ਨੂੰ ਉਮੀਦਵਾਰ ਬਣਾਇਆ ਸੀ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਤਰਫੋਂ ਸਰੂਪ ਚੰਦ ਸਿੰਗਲਾ ਮੈਦਾਨ ਵਿੱਚ ਸਨ । ਉਦੋਂ ਬਠਿੰਡਾ ਹਲਕਾ ਨਿਰੋਲ ਸ਼ਹਿਰੀ ਨਹੀਂ ਸੀ ਅਤੇ ਇਸ ’ਚ ਕਈ ਪਿੰਡ ਵੀ ਸਨ। ਇਸ ਮੌਕੇ ਸਿਆਸੀ ਵਿੰਗ ਵੱਲੋਂ ਕਾਂਗਰਸ ਨੂੰ ਦਿੱਤੀ ਨੰਗੀ ਚਿੱਟੀ ਹਮਾਇਤ ਅਤੇ ਡੇਰਾ ਮੁਖੀ ਨਾਲ ਰਿਸ਼ਤੇਦਾਰੀ ਕਾਰਨ ਡੇਰਾ ਪ੍ਰੇਮੀਆਂ ਨੇ ਨਿੱਠਕੇ ਵੋਟਾਂ ਪਾਈਆਂ ਅਤੇ ਸ਼ਹਿਰੀ ਵੋਟਰਾਂ ਨੇ ਵੀ ਭਰਵਾਂ ਹੁੰਗਾਰਾ ਭਰਿਆ ਜਿਸ ਕਰਕੇ ਜੱਸੀ 50 ਫੀਸਦੀ ਤੋਂ ਵੱਧ ਵੋਟਾਂ ਲੈ ਗਏ ਸਨ। ਕਾਂਗਰਸ ਨੂੰ ਦਿੱਤੀ ਹਮਾਇਤ ਦੇ ਬਾਵਜੂਦ ਅਕਾਲੀ ਦਲ ਦੀ ਸਰਕਾਰ ਬਣਨ ਕਾਰਨ ਬਠਿੰਡਾ ’ਚ ਕਈ ਡੇਰਾ ਪ੍ਰੇਮੀਆਂ ਨੂੰ ਪੁਲਿਸ ਕੇਸਾਂ ਦਾ ਸਾਹਮਣਾ ਕਰਨਾ ਪਿਆ। ਉਦੋਂ ਉਮੀਦ ਸੀ ਕਿ ਜੱਸੀ ਇੰਨ੍ਹਾਂ ਵਧੀਕੀਆਂ ਖਿਲਾਫ ਡਟਣਗੇ ਪਰ ਜਦੋਂ ਅਜਿਹਾ ਨਾਂ ਹੋਇਆ ਤਾਂ ਡੇਰਾ ਪ੍ਰੇਮੀਆਂ ਦਾ ਉਨ੍ਹਾਂ ਤੋਂ ਮੋਹ ਭੰਗ ਹੋ ਗਿਆ।
ਹੁਣ ਵੀ ਡੇਰਾ ਪ੍ਰੇਮੀਆਂ ਦਾ ਵੱਡਾ ਹਿੱਸਾ ਇਸ ਕਾਰਨ ਐਨੇ ਸਾਲ ਬਾਅਦ ਵੀ ਅੰਦਰੋ ਅੰਦਰੀ ਜੱਸੀ ਨਾਲ ਨਰਾਜ਼ ਚੱਲਿਆ ਆ ਰਿਹਾ ਹੈ। ਇਸ ਦੀ ਮਿਸਾਲ 2012 ’ਚ ਦੇਖਣ ਨੂੰ ਮਿਲੀ ਜਦੋਂ ਸਰੂਪ ਚੰਦ ਸਿੰਗਲਾ ਨੇ ਹਰਮਿੰਦਰ ਸਿੰਘ ਜੱਸੀ ਨੂੰ ਹਰਾ ਕੇ ਚੋਣ ਜਿੱਤ ਲਈ ਅਤੇ ਪਿਛਲੀ ਹਾਰ ਦਾ ਬਦਲਾ ਵੀ ਚੁਕਾ ਲਿਆ। ਹਾਲਾਂਕਿ ਜੱਸੀ ਸਾਲ 2017 ’ਚ ਵੀ ਬਠਿੰਡਾ ਤੋਂ ਕਾਂਗਰਸ ਦੀ ਟਿਕਟ ਦੇ ਵੱਡੇ ਦਾਅਵੇਦਾਰ ਸਨ ਪਰ ਮਨਪ੍ਰੀਤ ਸਿੰਘ ਬਾਦਲ ਦੇ ਆਉਣ ਕਾਰਨ ਉਨ੍ਹਾਂ ਦੇ ਦਿਲ ਦੀਆਂ ਦਿਲ ’ਚ ਹੀ ਰਹਿ ਗਈਆਂ ਅਤੇ 2022 ’ਚ ਵੀ ਦਾਲ ਨਾਂ ਗਲ ਸਕੀ। ਹੁਣ ਜਦੋਂ ਜੱਸੀ ਭਾਜਪਾ ’ਚ ਹਨ ਤਾਂ ਉਨ੍ਹਾਂ ਨੇ ਇੱਕ ਵਾਰ ਫਿਰ ਤੋਂ ਬਠਿੰਡਾ ਤੇ ਨਜ਼ਰਾਂ ਟਿਕਾਈਆਂ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਚੋਣ ਵਰ੍ਹਾ ਸ਼ੁਰੂ ਹੋਣ ਅਤੇ ਨਗਰ ਨਿਗਮ ਬਠਿੰਡਾ ਦੀਆਂ ਪ੍ਰਸਤਾਵਿਤ ਚੋਣਾਂ ਦੀ ਆਹਟ ਤੋਂ ਪਹਿਲਾਂ ਪੋਸਟਰ ਲਾਉਣੇ ਸਹਿਜ ਨਹੀਂ ਹਨ।
ਇਹ ਫਲੈਕਸਾਂ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਅਤੇ ਜਨਤਕ ਥਾਵਾਂ ਤੇ ਲਾਈਆਂ ਗਈਆਂ ਹਨ ਜਦੋਂਕਿ ਕੁੱਝ ਸਥਾਨ ਅਜਿਹੇ ਵੀ ਹਨ ਜਿੱਥੇ ਇਹ ਫਲੈਕਸ ਉੱਭਰਵੇਂ ਰੂਪ ’ਚ ਲੱਗੇ ਹੋਏ ਹਨ। ਦੱਸਿਆ ਜਾਂਦਾ ਹੈ ਕਿ ਪੋਸਟਰ ਲਾਉਣ ਲਾਉਣ ਵਾਲੇ ਸਥਾਨਾਂ ਦੀ ਚੋਣ ਜੱਸੀ ਦੇ ਇੱਕ ਕੱਟੜ ਹਮਾਇਤੀ ਵੱਲੋਂ ਪੂਰੀ ਤਰਾਂ ਸੋਚ ਵਿਚਾਰ ਪਿੱਛੋਂ ਕੀਤੀ ਗਈ ਹੈ ਤਾਂ ਜੋ ਇਹ ਹਰ ਲੰਘਣ ਟੱਪਣ ਵਾਲੇ ਨੂੰ ਨਜ਼ਰ ਆਉਣ। ਪੋਸਟਰਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ , ਕੌਮੀ ਪ੍ਰਧਾਨ ਜੇਪੀ ਨੱਢਾ , ਕਾਰਜਕਾਰੀ ਕੌਮੀ ਪ੍ਰਧਾਨ, ਸੂਬਾ ਪ੍ਰਧਾਨ ਸੁਨੀਲ ਜਾਖੜ , ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ। ਦਿਲਚਸਪੀ ਵਾਲੀ ਗੱਲ ਹੈ ਕਿ ਪੋਸਟਰਾਂ ਤੇ ਭਾਜਪਾ ਦੇ ਸ਼ਹਿਰੀ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਫੋਟੋ ਗਾਇਬ ਹੈ ਜੋਕਿ ਅਕਸਰ ਸ਼ਹਿਰ ’ਚ ਲੱਗਣ ਵਾਲੀ ਭਾਜਪਾ ਦੀ ਹਰ ਇੱਕ ਫਲੈਕਸ ਤੇ ਪਹਿਲ ਦੇ ਅਧਾਰ ਤੇ ਲੱਗੀ ਹੁੰਦੀ ਹੈ।
ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੂੰ ਮਿਸ਼ਨ 2027 ਦੌਰਾਨ ਭਾਜਪਾ ਦਾ ਮਜਬੂਤ ਦਾਅਵੇਦਾਰ ਮੰਨਿਆ ਜਾਂਦਾ ਹੈ। ਸਿੰਗਲਾ ਦਾ ਹਿੰਦੂ ਵੋਟ ਬੈਂਕ ਖਾਸ ਤੌਰ ਤੇ ਅਗਰਵਾਲ ਭਾਈਚਾਰੇ ਵਿੱਚ ਵੱਡਾ ਪ੍ਰਭਾਵ ਹੈ। ਮੀਟਿੰਗ ’ਚ ਰੁੱਝੇ ਹੋਣ ਕਾਰਨ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨਾਲ ਸੰਪਰਕ ਨਹੀਂ ਹੋ ਸਕਿਆ ਜਦੋਂਕਿ ਇੱਕ ਸੀਨੀਅਰ ਭਾਜਪਾ ਆਗੂ ਦਾ ਕਹਿਣਾ ਸੀ ਕਿ ਟਿਕਟ ਮੰਗਣਾ ਹਰੇਕ ਦਾ ਹੱਕ ਹੈ ਪਰ ਫੈਸਲਾ ਭਾਜਪਾ ਹਾਈਕਮਾਂਡ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਤੀਸਰੀ ਵਾਰ ਪ੍ਰਧਾਨ ਬਣਾਕੇ ਸਰੂਪ ਚੰਦ ਸਿੰਗਲਾ ਦਾ ਪਾਰਟੀ ਵਿੱਚ ਵਜ਼ਨ ਦੱਸ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ 2024 ਮੌਕੇ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੂੰ ਮਿਲੇ ਭਰਵੇਂ ਹੁੰਗਾਰੇ ਵਿੱਚ ਸਿੰਗਲਾ ਦਾ ਅਹਿਮ ਯੋਗਦਾਨ ਸੀ। ਉਨ੍ਹਾਂ ਕਿਹਾ ਕਿ ਚੋਣ ਮੌਕੇ ਜਿਲ੍ਹਾ ਪ੍ਰਧਾਨ ਦੇ ਅਹਿਯੋਗ ਦੀ ਜਰੂਰਤ ਪੈਂਦੀ ਹੈ ਪਰ ਜੱਸੀ ਨੇ ਤਾਂ ਸ੍ਰੀ ਸਿੰਗਲਾ ਦੀ ਫੋਟੋ ਲਾਉਣੀ ਵੀ ਮੁਨਾਸਿਬ ਨਹੀਂ ਸਮਝੀ ਹੈ।
ਮਿਸ਼ਨ 2027 ਲੜਾਂਗੇ: ਜੱਸੀ
ਸੰਪਰਕ ਕਰਨ ਤੇ ਹਰਮਿੰਦਰ ਸਿੰਘ ਜੱਸੀ ਨੇ ਫੋਨ ਨਹੀਂ ਚੁੱਕਿਆ ਜਦੋਂਕਿ ਉਨ੍ਹਾਂ ਦੇ ਭਰਾ ਗੋਪਾਲ ਸਿੰਘ ਜੱਸੀ ਦਾ ਕਹਿਣਾ ਸੀ ਕਿ ਹਰਮਿੰਦਰ ਜੱਸੀ 2027 ’ਚ ਬਠਿੰਡਾ ਹਲਕੇ ਤੋਂ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਬਠਿੰਡਾ ’ਚ ਜੱਸੀ ਸਮਰਥਕਾਂ ਦੀ ਗਿਣਤੀ ਕਾਫੀ ਵੱਡੀ ਹੈ ਜਿੰਨ੍ਹਾਂ ਵੱਲੋਂ ਜੋਰ ਪਾਉਣ ਤੇ ਹੀ ਇਹ ਫੈਸਲਾ ਲਿਆ ਹੈ।