ਗਰੀਬ ਪਰਿਵਾਰਾਂ ਲਈ ਦਿੱਲੀ ਸਰਕਾਰ ਦਾ ਵੱਡਾ ਫੈਸਲਾ
ਨਵੀਂ ਦਿੱਲੀ, 4 ਜਨਵਰੀ, 2026: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਲਾਨ ਕੀਤਾ ਹੈ ਕਿ ਰਾਜਧਾਨੀ ਦੇ ਲੱਖਾਂ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਨੂੰ ਹੁਣ ਰਾਸ਼ਨ ਦੇ ਨਾਲ-ਨਾਲ ਮੁਫ਼ਤ ਚੀਨੀ ਦੀ ਸਹੂਲਤ ਵੀ ਮਿਲੇਗੀ। ਸਰਕਾਰ ਦਾ ਮੰਨਣਾ ਹੈ ਕਿ ਵਧਦੀ ਮਹਿੰਗਾਈ ਦੇ ਦੌਰ ਵਿੱਚ ਇਹ ਕਦਮ ਗਰੀਬ ਪਰਿਵਾਰਾਂ ਦੇ ਘਰੇਲੂ ਬਜਟ ਨੂੰ ਰਾਹਤ ਦੇਵੇਗਾ।
ਸਮਾਂ ਸੀਮਾ: ਇਹ ਯੋਜਨਾ ਜਨਵਰੀ 2026 ਤੋਂ ਮਾਰਚ 2027 ਤੱਕ, ਯਾਨੀ ਕੁੱਲ 15 ਮਹੀਨਿਆਂ ਲਈ ਲਾਗੂ ਰਹੇਗੀ। ਇਸ ਦਾ ਲਾਭ ਸਾਰੇ ਅੰਤਯੋਦਯ ਅੰਨ ਯੋਜਨਾ (AAY) ਕਾਰਡਧਾਰਕਾਂ ਨੂੰ ਮਿਲੇਗਾ। ਉਦੇਸ਼ ਹੈ ਕਿ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਲੋੜਵੰਦ ਪਰਿਵਾਰਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ ਵਿੱਚ ਮਦਦ ਕਰਨਾ।
ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਗਰੀਬਾਂ ਅਤੇ ਲੋੜਵੰਦਾਂ ਦਾ ਕਲਿਆਣ ਹੈ। ਉਨ੍ਹਾਂ ਕਿਹਾ, "ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਰਾਜਧਾਨੀ ਵਿੱਚ ਕੋਈ ਵੀ ਪਰਿਵਾਰ ਬੁਨਿਆਦੀ ਲੋੜਾਂ ਤੋਂ ਵਾਂਝਾ ਨਾ ਰਹੇ। ਮੁਫ਼ਤ ਚੀਨੀ ਦੇਣ ਦਾ ਇਹ ਫੈਸਲਾ ਸਮਾਜਿਕ ਨਿਆਂ ਨੂੰ ਮਜ਼ਬੂਤ ਕਰਨ ਵੱਲ ਇੱਕ ਕਦਮ ਹੈ।"
ਕੀ ਹੈ ਅੰਤਯੋਦਯ ਅੰਨ ਯੋਜਨਾ (AAY)?
ਇਹ ਯੋਜਨਾ ਸਮਾਜ ਦੇ ਸਭ ਤੋਂ ਪਿਛੜੇ ਅਤੇ ਗਰੀਬ ਵਰਗਾਂ ਲਈ ਹੈ, ਜਿਸ ਵਿੱਚ ਬੇਸਹਾਰਾ ਬਜ਼ੁਰਗ, ਦਿਵਯਾਂਗ, ਅਤੇ ਬਹੁਤ ਗਰੀਬ ਪਰਿਵਾਰ ਸ਼ਾਮਲ ਹਨ। ਇਸ ਯੋਜਨਾ ਤਹਿਤ ਪਹਿਲਾਂ ਹੀ ਹਰ ਮਹੀਨੇ 35 ਕਿਲੋ ਅਨਾਜ (ਕਣਕ ਅਤੇ ਚੌਲ) ਦਿੱਤਾ ਜਾਂਦਾ ਹੈ। ਹੁਣ ਦਿੱਲੀ ਸਰਕਾਰ ਨੇ ਇਸ ਵਿੱਚ 15 ਮਹੀਨਿਆਂ ਲਈ ਮੁਫ਼ਤ ਚੀਨੀ ਨੂੰ ਵੀ ਜੋੜ ਦਿੱਤਾ ਹੈ।