ਮੇਰਾ ਖ਼ਜ਼ਾਨਾ…
ਮੇਰੀ ਧੀ ਜ਼ੀਨੀਆ ਫੋਰਟਿਸ ਹਸਪਤਾਲ ਦੇ ICU ਚ ਵੈਂਟੀਲੇਟਰ ‘ਤੇ ਪਈ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਸੀ ...
ਮੋਹਾਲੀ ਚ ਹੋਏ ਲਿਵਰ ਟਰਾਂਸਪਲਾਂਟ… ਨੇ ਯਾਦ ਕਰਾਈ ਇਕ ਦਰਦ ਭਰੀ ਕਹਾਣੀ…
9 ਦਸੰਬਰ ਨੂੰ ਮੋਹਾਲੀ ਤੋਂ ਖ਼ਬਰ ਆਈ—ਪੰਜਾਬ ਨੇ ਇਤਿਹਾਸ ਰਚਿਆ। ਮੋਹਾਲੀ ਚ ਚਾਲੂ ਹੋਈ Punjab Institute of Liver and Biliary Sciences (PILBS) ਵਿਚ ਲਿਵਰ ਟਰਾਂਸਪਲਾਂਟ ਦੀ ਪਹਿਲੀ ਸਰਜਰੀ ਕੀਤੀ ਗਈ ਤੇ ਉਹ ਵੀ ਸਫ਼ਲਤਾ ਨਾਲ। ਦੱਸਿਆ ਗਿਆ ਕਿ ਪਿਛਲੇ ਮਹੀਨੇ ਦੇ ਅੱਖਰ ਚ ਸਰਜਰੀ ਹੋਈ ਸੀ ਅਤੇ ਇਹ ਸਫਲ ਹੋਈ ਹੈ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਫ਼ਖ਼ਰ ਵਿੱਚ ਬਾਗੋ-ਬਾਗ਼ ਹੋਏ।
ਅਸੀਂ ਆਪਣੇ ਬਾਬੂਸ਼ਾਹੀ ਨੈੱਟਵਰਕ ਮੀਡੀਆ ਤੇ ਇਹ ਖ਼ਬਰ ਬਹੁਤ ਖ਼ੁਸ਼ੀ ਨਾਲ ਪਬਲਿਸ਼ ਵੀ ਕੀਤੀ ਅਤੇ ਸ਼ੇਅਰ ਵੀ ਕੀਤੀ। ਪਰ ਮੇਰੇ ਲਈ ਇਹ ਸਿਰਫ਼ ਇਕ ਖ਼ਬਰ ਨਹੀਂ ਸੀ—ਇਕ ਅਜੀਬ ਕਿਸਮ ਦੀ ਜਜ਼ਬਾਤੀ ਕਰਨ ਵਾਲੀ ਘਟਨਾ ਸੀ, ਜਿਸ ਨੇ ਮੇਰੀਆਂ ਅੱਖਾਂ ਚ ਹੰਝੂ ਲਿਆ ਦਿੱਤੇ। ਇਨ੍ਹਾਂ ਹੰਝੂਆਂ ਵਿੱਚ ਖ਼ੁਸ਼ੀ ਵੀ ਸੀ, ਪਰ ਨਾਲ ਹੀ ਅੰਦਰ ਦੱਬੀ ਦਰਦ ਦੀ ਇਕ ਪੁਰਾਣੀ ਚੀਸ ਅਤੇ ਬਹੁਤ ਕੌੜੀ ਯਾਦ ਵੀ ਰਲ਼ੀ ਹੋਈ ਸੀ।
ਮੇਰੇ ਸਾਹਮਣੇ ਅਕਤੂਬਰ 2021 ਦਾ ਉਹ ਸਮਾਂ ਰੀਲ ਵਾਂਗ ਘੁੰਮ ਗਿਆ ਜਦੋਂ ਹਫ਼ਤੇ ਭਰ ਤੋਂ ਮੇਰੀ ਧੀ ਜ਼ੀਨੀਆ ਫੋਰਟਿਸ ਹਸਪਤਾਲ ਦੇ ICU ਚ ਵੈਂਟੀਲੇਟਰ ‘ਤੇ ਪਈ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਸੀ । ਉਸ ਨੇ ਬੱਚੀ ਜਨਮ ਦਿੱਤਾ ਸੀ; ਆਪ੍ਰੇਸ਼ਨ ਥੀਏਟਰ ਚ ਹੀ ਹਾਲਤ ਖ਼ਰਾਬ ਹੋ ਗਈ ਸੀ ਅਤੇ ਉਸ ਨੂੰ ICU ਚ ਲਿਜਾ ਕੇ ਵੈਂਟੀਲੇਟਰ ‘ਤੇ ਪਾ ਦਿੱਤਾ ਗਿਆ ਸੀ।
ਹਫ਼ਤੇ ਭਰ ਤੋਂ ਉਸ ਦਾ ਇਲਾਜ ਕਰ ਰਹੇ DIRECTOR GASTROENTEROLOGY ਡਾ. ਸਾਹਨੀ ਨੇ ਸੁਨੇਹਾ ਭੇਜਿਆ ਮਿਲਣ ਲਈ, ਨਾਲ ਹੀ ਕਿਹਾ ਕਿ ਸਿਰਫ਼ ਮਰਦ ਹੀ ਆਉਣ। ਮੈਂ ਤੇ ਮੇਰਾ ਦਾਮਾਦ—ਭਾਵ ਜ਼ੀਨੀਆ ਦਾ ਪਤੀ ਅਭੀਨਵ—ਡਾ. ਸਾਹਨੀ ਕੋਲ ਗਏ। ਉਸ ਨੇ ਬਹੁਤ ਵੇਰਵੇ ਨਾਲ ਉਹ ਬਿਮਾਰੀ ਐਕਿਊਟ ਫੈੱਟੀ ਲਿਵਰ ਆਫ਼ ਪ੍ਰੈਗਨੈਂਸੀ (AFLP- ਇਸਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ )* ਸਮਝਾਈ ਜਿਸ ਦਾ ਸ਼ਿਕਾਰ ਜ਼ੀਨੀਆ ਹੋਈ ਸੀ, ਅਤੇ ਦੱਸਿਆ ਕਿ ਇਹ ਲੱਖਾਂ ਵਿੱਚੋਂ ਕਿਸੇ ਇਕ ਨੂੰ ਹੁੰਦੀ ਹੈ।
ਅਗਲਾ ਵਾਕ ਉਸ ਨੇ ਜੋ ਬੋਲਿਆ, ਉਸ ਨੇ ਤਾਂ ਸਾਡੀਆਂ ਅੱਖਾਂ ਅੱਗੇ ਹਨੇਰਾ ਲਿਆ ਦਿੱਤਾ। ਕਹਿਣ ਲੱਗੇ—"ਬੇਟੀ ਦਾ ਲਿਵਰ ਫ਼ੇਲ੍ਹ ਹੋਣ ਕਿਨਾਰੇ ਹੈ, ਕਿਡਨੀ ਵੀ ਜਵਾਬ ਦੇ ਰਹੇ ਹਨ। ਹਾਲਾਤ ਬਹੁਤ ਗੰਭੀਰ ਹਨ, ਪਰ ਜੇਕਰ ਲਿਵਰ ਟਰਾਂਸਪਲਾਂਟ ਹੋ ਜਾਂਦਾ ਹੈ ਤਾਂ ਸ਼ਾਇਦ ਉਹ ਬਚ ਜਾਵੇ।ਜ਼ੀਨੀਆ ਨੂੰ ਦਿੱਲੀ ਜਾਂ ਗੁੜਗਾਉਂ ਲਿਜਾਓ ਕਿਉਂਕਿ ਚੰਡੀਗੜ੍ਹ ਮੋਹਾਲੀ ਵਿਚ ਇਹ ਸਰਜਰੀ ਮੁਸ਼ਕਿਲ ਹੈ। ਨਾਲ ਕਿਹਾ ਕਿ ਕੋਈ ਲਿਵਰ ਡੋਨਰ ਵੀ ਚਾਹੀਦਾ ਹੈ, ਜਿਸ ਦਾ ਬਲੱਡ ਗਰੁੱਪ ਤੇ ਲਿਵਰ ਜੀਨੀਆ ਨੂੰ ਸੂਟ ਕਰੇ।"
ਸਾਨੂੰ ਸਮਝ ਨਾ ਆਏ ਕਿ ਕੀ ਕਰੀਏ। ਵੈਂਟੀਲੇਟਰ ਵਾਲੀ ਹਾਲਤ ਵਿੱਚ ਦਿੱਲੀ-ਗੁੜਗਾਉਂ ਸ਼ਿਫ਼ਟ ਕਰਨਾ ਹੋਰ ਵੀ ਖ਼ਤਰੇ ਭਰਿਆ ਸੀ। ਮੇਰਾ ਦਾਮਾਦ ਅਭਿਨਵ ਬੈਰਾਗੀ ( ਮੈਂ ਉਸ ਦੇ ਆਪਣੀ ਪਤਨੀ ਅਤੇ ਪਰਿਵਾਰ ਪ੍ਰਤੀ ਸਨੇਹ, Committment ਅਤੇ ਕੁਰਬਾਨੀ ਵਾਲੀ ਭਾਵਨਾ ਦੀ ਦਾਦ ਦਿੰਦਾ ਹਾਂ ) ਇਕਦਮ ਡੋਨਰ ਬਣਨ ਲਈ ਤਿਆਰ ਹੋ ਗਿਆ। ਡਾਕਟਰ ਨੇ ਕਿਹਾ ਟੈਸਟ ਅਸੀਂ ਇੱਥੇ ਹੀ ਕਰਾਂਗੇ। ਅਭੀ ਨੇ ਟੈਸਟ ਕਰਵਾ ਵੀ ਲਏ।
ਇਹ ਵੀ ਸੁਝਾਅ ਆਇਆ ਕਿ ਏਅਰ ਐਂਬੂਲੈਂਸ ਰਾਹੀਂ ਦਿੱਲੀ-ਗੁੜਗਾਉਂ ਲਿਜਾਇਆ ਜਾ ਸਕਦਾ ਹੈ, ਪਰ ਹੈਲੀਪੈਡ ਤੱਕ ਲਿਜਾਣਾ ਕਿਹੜਾ ਸੌਖਾ ਸੀ? ਡਾਕਟਰ ਨੇ ਕਿਹਾ—ਸਮਾਂ ਬਹੁਤ ਥੋੜ੍ਹਾ ਹੈ, ਛੇਤੀ ਸ਼ਿਫ਼ਟ ਕਰਨਾ ਪਵੇਗਾ।
ਚਿੰਤਾ ਅਤੇ ਸਹਿਮ ਵਿੱਚ ਡੁੱਬਾ ਸਾਡਾ ਸਾਰਾ ਟੱਬਰ—ਦੋਸਤ ਮਿੱਤਰ—ਦਿੱਲੀ ਦੇ ਸਰਕਾਰੀ ਲਿਵਰ ਹਸਪਤਾਲ, ਗੁੜਗਾਉਂ ਦੇ ਮੇਦਾਂਤਾ, ਫੋਰਟਿਸ ਅਤੇ ਹੋਰ ਹਸਪਤਾਲਾਂ ਨਾਲ ਸੰਪਰਕ ਕਰਨ ਲੱਗ ਪਏ। PGI ਦੇ ਮਾਹਰ ਡਾਕਟਰਾਂ ਨਾਲ ਵੀ ਸਲਾਹ ਕੀਤੀ। ਖ਼ਰਚਾ ਪਤਾ ਕੀਤਾ—ਦਿੱਲੀ ਦੀ ਸਰਕਾਰੀ Liver Sciences Institute ਵਿੱਚ ਘੱਟ ਖ਼ਰਚਾ ਸੀ, ਪਰ ਪ੍ਰਾਈਵੇਟ ਹਸਪਤਾਲਾਂ ਵਿੱਚ ਘੱਟੋ-ਘੱਟ 24–25 ਲੱਖ ਰੁਪਏ ਦਾ ਸੀ।
ਇਸ ਤੋਂ ਬਾਅਦ ਵੀ ਇਹ ਯਕੀਨ ਨਹੀਂ ਸੀ ਕਿ ਟਰਾਂਸਪਲਾਂਟ ਸਹੀ ਹੋਵੇਗਾ ਜਾਂ ਬਾਅਦ ਵਿੱਚ ਹਾਲਾਤ ਕੀ ਹੋਣਗੇ।
ਇਸ ਦੌਰਾਨ ਡਾ. ਸਾਹਨੀ ਨੇ ਫਿਰ ਬੁਲਾਇਆ। ਕਹਿਣ ਲੱਗੇ—ਉਹ ਜ਼ੀਨੀਆ ਦੀ ਪਲਾਜ਼ਮਾ ਥੈਰੇਪੀ ਕਰਨਾ ਚਾਹੁੰਦੇ ਹਨ, ਜਿਸ ਨਾਲ ਉਹ ਕੁਝ ਹੋਰ ਸਮਾਂ ਸਟੇਬਲ ਰਹਿ ਸਕਦੀ ਹੈ ਤਾਂ ਕਿ ਟਰਾਂਸਪਲਾਂਟ ਲਈ 3–4 ਦਿਨ ਮਿਲ ਜਾਣ। ਨਾਲ ਹੀ ਕਿਹਾ ਕਿ ਇਸ ਦਾ ਰਿਸਕ ਵੀ ਹੈ—ਕਈ ਵਾਰ ਦਿਮਾਗ਼ ‘ਤੇ ਅਸਰ ਹੋ ਜਾਂਦਾ ਹੈ—ਪਰ ਇਸ ਦਾ ਇਲਾਜ ਹੈ। ਸਾਡੀ ਲਿਖਤੀ ਹਾਂ ਲੈ ਕੇ ਉਹਨਾਂ ਨੇ ਪਲਾਜ਼ਮਾ ਥੈਰੇਪੀ ਸ਼ੁਰੂ ਕਰ ਦਿੱਤੀ।
ਕੁਦਰਤ ਦੀ ਮੇਹਰ ਅਤੇ ਡਾਕਟਰਾਂ ਦੀ ਮਿਹਨਤ ਨਾਲ, ਪਲਾਜ਼ਮਾ ਥੈਰੇਪੀ ਨਾਲ ਹੀ ਜ਼ੀਨੀਆ ਦੀ ਹਾਲਤ ਸੁਧਰਨ ਲੱਗ ਪਈ। 3–4 ਵਾਰ ਥੈਰੇਪੀ ਤੋਂ ਬਾਅਦ ਲਿਵਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਕਿਡਨੀ ਵੀ ਠੀਕ ਹੋਣ ਲੱਗ ਪਏ। ਇਸ ਲਈ ਟਰਾਂਸਪਲਾਂਟ ਦੀ ਨੌਬਤ ਨਹੀਂ ਆਈ।
ਕੁੱਲ 17 ਦਿਨ ਉਹ ICU ਵਿੱਚ ਰਹੀ, ਜਿਸ ਵਿੱਚੋਂ 12 ਦਿਨ ਵੈਂਟੀਲੇਟਰ ‘ਤੇ। ਕੁੱਲ 52 ਬੋਤਲਾਂ ਖ਼ੂਨ ਦੀਆਂ ਲੱਗੀਆਂ, ਜਿਸ ਵਿੱਚੋਂ 36 ਅਸੀਂ ਦਿੱਤੀਆਂ। ਉਸ ਨੇ ਜ਼ਿੰਦਗੀ ਦੀ ਲੜਾਈ ਜਿੱਤ ਲਈ। ਪਰ ਸਿਹਤਮੰਦ ਹੋਣ ਵਿੱਚ ਮਹੀਨੇ ਲੱਗ ਗਏ।ਡਾ. ਸਾਹਨੀ, ਉਹਨਾਂ ਦੇ ਸਾਥੀਆਂ ਅਤੇ ਫੋਰਟਿਸ ਸਟਾਫ਼ ਦਾ ਕਹਿਣਾ ਸੀ—ਜ਼ੀਨੀਆ ਦੇ ਤੰਦਰੁਸਤ ਹੋਣ ਵਿਚ ਉਸਦੀ Will Power ਅਤੇ ਸਿਰੜ ਦਾ ਮਹੱਤਵਪੂਰਨ ਯੋਗਦਾਨ ਸੀ।
ਉਸਦੀ ਬੇਬੀ—ਭਾਵ ਸਾਡੀ ਦੋਹਤੀ—21 ਦਿਨ NICU ਵਿੱਚ ਰਹੀ। ਪ੍ਰੀਮੈਚਿਊਰ ਸੀ, ਪਰ ਹੁਣ ਸਿਹਤਮੰਦ ਹੈ ਅਤੇ 4 ਸਾਲ ਦੀ ਹੋ ਗਈ ਹੈ।
ਮੈਂ ਤੇ ਮੇਰੀ ਬੀਵੀ ਤ੍ਰਿਪਤਾ, ਉਸ ਸੰਕਟ ਦੇ ਸਮੇਂ ਸਾਡੇ ਸਮੂਹ ਪਰਿਵਾਰ , ਸਕੇ ਸਬੰਧੀਆਂ , ਦੋਸਤਾਂ ਮਿੱਤਰਾਂ ਅਤੇ ਸਨੇਹੀਆਂ ਵੱਲੋਂ ਹਰ ਪੱਖੋਂ ਦਿੱਤੀ ਗਈ ਮੱਦਦ ਅਤੇ ਕੀਤੀਆਂ ਗਈ ਦੁਆਵਾਂ ਲਈ ਉਨ੍ਹਾਂ ਸਭ ਦੇ ਬੇਹੱਦ ਸ਼ੁਕਰਗੁਜ਼ਾਰ ਹਾਂ ਅਤੇ ਰਹਾਂਗੇ .
ਮੇਰੇ ਅਤੇ ਸਾਡੇ ਪਰਿਵਾਰ ਦੇ ਇਸ ਦਰਦਨਾਕ ਅਨੁਭਵ ਨਾਲ ਜੁੜੇ ਹੋਣ ਕਰਕੇ ਮੋਹਾਲੀ ਵਿਚ ਸਰਕਾਰੀ ਹਸਪਤਾਲ ‘ਚ ਲਿਵਰ ਟਰਾਂਸਪਲਾਂਟ ਦੀ ਸਹੂਲਤ ਮਿਲਣਾ ਬਹੁਤ ਵੱਡੀ ਸ਼ੁਰੂਆਤ ਹੈ। ਜੇ ਸਾਨੂੰ ਉਸ ਵੇਲੇ ਲੀਵਰ ਟ੍ਰਾਂਸਪਲਾਂਟ ਲਈ ਬੇਟੀ ਨੂੰ ਦਿੱਲੀ-ਗੁੜਗਾਉਂ ਸ਼ਿਫ਼ਟ ਕਰਨਾ ਪੈਂਦਾ ਤਾਂ ਕਿੰਨੀ ਵੱਡੀ ਮੁਸੀਬਤ ਸੀ।
PILBS ਨਾਲ ਉਮੀਦ ਹੈ ਕਿ ਲਿਵਰ ਦੇ ਮਰੀਜ਼ਾਂ ਨੂੰ ਵੱਡਾ ਫ਼ਾਇਦਾ ਹੋਵੇਗਾ। ਭਗਵੰਤ ਮਾਨ ਸਰਕਾਰ ਅਤੇ ਹੋਰ ਜਿਸ ਜਿਸ ਨੇ ਇਸ ਸੰਸਥਾ ਨੂੰ ਕਾਇਮ ਕਰਨ ਵਿੱਚ ਭਾਗ ਲਿਆ—ਉਹਨਾਂ ਨੇ ਲੋਕ ਭਲਾਈ ਦਾ ਵੱਡਾ ਕੰਮ ਕੀਤਾ ਹੈ—ਬਸ਼ਰਤੇ ਇਹ ਵੀ ਕੁਝ ਹੋਰ ਸਰਕਾਰੀ ਹਸਪਤਾਲਾਂ ਵਾਂਗ ਬਦਹਾਲ ਨਾ ਹੋ ਜਾਵੇ।
AFLP ਬਿਮਾਰੀ ਬਾਰੇ
ਐਕਿਊਟ ਫੈੱਟੀ ਲਿਵਰ ਆਫ ਪ੍ਰੈਗਨੈਂਸੀ (AFLP) ਗਰਭਾਵਸਥਾ ਦੇ ਤੀਜੇ ਤਿਮਾਹੀ ਵਿੱਚ ਹੋਣ ਵਾਲੀ ਇੱਕ ਰੇਅਰ ਅਤੇ ਗੰਭੀਰ ਓਬਸਟੈਟ੍ਰਿਕ ਐਮਰਜੈਂਸੀ ਹੈ, ਜਿਸ ਵਿੱਚ ਮਾਂ ਦੇ ਜਿਗਰ ਵਿੱਚ ਚਰਬੀ ਇਕੱਠੀ ਹੋਣ ਲੱਗਦੀ ਹੈ। ਇਸ ਕਰਕੇ ਜਿਗਰ ਫ਼ੇਲ੍ਹ ਹੋਣਾ, ਪੀਲੀਆ (ਜਾਂਡਿਸ), ਖ਼ੂਨ ਜੰਮਣ ਦੀ ਸਮੱਸਿਆ (ਕੋਐਗੂਲੋਪੈਥੀ) ਅਤੇ ਕਈ ਅੰਗਾਂ ਦੇ ਫੈਲ ਹੋਣ ਦਾ ਖ਼ਤਰਾ ਬਣ ਜਾਂਦਾ ਹੈ।
ਇਹ ਅਕਸਰ ਭਰੂਣ ਦੇ ਫੈਂਟੀ ਐਸਿਡ ਮੈਟਾਬੋਲਿਜ਼ਮ ਵਿੱਚ ਜੈਨੇਟਿਕ ਖ਼ਾਮੀਆਂ—ਜਿਵੇਂ LCHAD ਡਿਫ਼ੀਸ਼ੈਂਸੀ— ਨਾਲ ਸੰਬੰਧਿਤ ਹੁੰਦੀ ਹੈ।
ਇਹ ਇੱਕ ਮੈਡੀਕਲ ਐਮਰਜੈਂਸੀ ਹੈ, ਜਿਸ ਵਿੱਚ ਤੁਰੰਤ ਪਛਾਣ ਅਤੇ ਫ਼ੌਰੀ ਡਿਲਿਵਰੀ (ਬੱਚੇ ਨੂੰ ਜਲਦੀ ਜਨਮ ਦੇਣਾ) ਨਾਲ ਨਾਲ ICU ਸਪੋਰਟਿਵ ਕੇਅਰ ਦੀ ਲੋੜ ਹੁੰਦੀ ਹੈ, ਤਾਂ ਜੋ ਮਾਂ ਦੀ ਜਾਨ ਬਚਾਈ ਜਾ ਸਕੇ। ਹਾਲਾਂਕਿ ਇਲਾਜ ਤੁਰੰਤ ਕੀਤਾ ਜਾਵੇ ਤਾਂ ਨਤੀਜੇ ਸੁਧਰ ਸਕਦੇ ਹਨ, ਪਰ ਇਹ ਮਾਂ ਅਤੇ ਬੱਚੇ ਦੋਵਾਂ ਲਈ ਜਾਨ ਜੋਖ਼ਮ ਭਰੀ ਸਥਿਤੀ ਰਹਿੰਦੀ ਹੈ।
9–10 ਦਸੰਬਰ 2025 ਦੀ ਅੱਧੀ ਰਾਤ ਨੂੰ ਲਿਖਿਆ

-
Baljit Balli, Editor-in-Chief, babushahi Network, Tirchhi Nazar Media
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.