ਚੋਣ ਆਬਜ਼ਰਵਰ ਵਿਨੈ ਬੁਬਲਾਨੀ ਵੱਲੋਂ ਦਾ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦਾ ਜਾਇਜ਼ਾ
-ਨਿਰਪੱਖ ਤੇ ਆਜ਼ਾਦਾਨਾ ਚੋਣ ਪ੍ਰਕ੍ਰਿਆ ਲਈ ਰੱਖੀ ਜਾਵੇਗੀ ਵਿਸ਼ੇਸ ਨਿਗਰਾਨੀ-ਵਿਨੈ ਬੁਬਲਾਨੀ
-ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠਲੀਆਂ ਚਾਰ ਫਲਾਇੰਗ ਸਕੁਐਡ ਟੀਮਾਂ ਵੀ ਕਾਰਜਸ਼ੀਲ
ਪਟਿਆਲਾ, 13 ਦਸੰਬਰ :
ਪਟਿਆਲਾ ਜ਼ਿਲ੍ਹੇ ਅੰਦਰ 23 ਜ਼ਿਲ੍ਹਾ ਪ੍ਰੀਸ਼ਦ ਜੋਨਾਂ ਤੇ 10 ਬਲਾਕ ਸੰਮਤੀਆਂ ਦੇ 184 ਜੋਨਾਂ ਦੀਆਂ ਚੋਣਾਂ ਲਈ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਿਯੁਕਤ ਚੋਣ ਆਬਜ਼ਰਵਰ ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਅੱਜ ਜ਼ਿਲ੍ਹੇ ਅੰਦਰ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦਾ ਨਿਰੀਖਣ ਕਰਕੇ ਜਾਇਜ਼ਾ ਲਿਆ।
ਕਈ ਪਿੰਡਾਂ ਦਾ ਦੌਰਾ ਕਰਦਿਆਂ ਵਿਨੈ ਬੁਬਲਾਨੀ ਨੇ ਕਿਹਾ ਕਿ ਨਿਰਪੱਖ ਤੇ ਆਜ਼ਾਦਾਨਾ ਚੋਣ ਪ੍ਰਕ੍ਰਿਆ ਮੁਕੰਮਲ ਕਰਵਾਉਣ ਲਈ ਜ਼ਿਲ੍ਹੇ ਭਰ ਅੰਦਰ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ ਜਦਕਿ ਸੀਨੀਅਰ ਪੀ.ਸੀ.ਐਸ. ਅਧਿਕਾਰੀਆਂ ਹੇਠਲੀਆਂ ਚਾਰ ਫਲਾਇੰਗ ਸਕੁਐਡ ਟੀਮਾਂ ਵੀ ਕਾਰਜਸ਼ੀਲ ਰਹਿਣਗੀਆਂ। ਉਨ੍ਹਾਂ ਕਿਹਾ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਸਾਰੇ ਰਿਟਰਨਿੰਗ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਕੋਈ ਵੀ ਗੜਬੜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਆਪਣੇ ਦੌਰੇ ਦੌਰਾਨ ਚੋਣ ਆਬਜ਼ਰਵਰ ਵਿਨੈ ਬੁਬਲਾਨੀ ਨੇ ਕਿਰਤੀ ਕਾਲਜ ਨਿਆਲ ਵਿਖੇ ਰਿਟਰਨਿੰਗ ਅਧਿਕਾਰੀ ਅਸ਼ੋਕ ਕੁਮਾਰ ਵੱਲੋਂ ਰਵਾਨਾ ਕੀਤੀਆਂ ਜਾ ਰਹੀਆਂ ਚੋਣ ਅਮਲੇ ਦੀਆਂ ਪੋਲਿੰਗ ਪਾਰਟੀਆਂ ਨੂੰ ਵੀ ਨਿਰਪੱਖ ਰਹਿ ਕੇ ਚੋਣ ਅਮਲ ਨਿਰਵਿਘਨ ਤੇ ਸ਼ਾਂਤੀਪੂਰਨ ਮੁਕੰਮਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਗ਼ਲਤੀ ਦੀ ਕੋਈ ਗੁੰਜਾਇਸ਼ ਨਹੀਂ ਰਹੇਗੀ।
ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਸਮੂਹ ਰਿਟਰਨਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੋਣਾਂ ਪੁਰ ਅਮਨ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਆਦਰਸ਼ ਚੋਣ ਜਾਬਤੇ ਦੀ ਪਾਲਣਾ ਕਰਨ 'ਚ ਕੋਈ ਕੁਤਾਹੀ ਨਾ ਵਰਤੀ ਜਾਵੇ।
ਵਿਨੈ ਬੁਬਲਾਨੀ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਚੋਣਾਂ ਵਾਲੇ ਦਿਨ ਵੋਟਿੰਗ ਪ੍ਰਕ੍ਰਿਆ 'ਤੇ ਨਜ਼ਰ ਰੱਖਣ ਲਈ ਚਾਰ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਫਲਾਇੰਗ ਸਕੁਐਡ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ। ਇਨ੍ਹਾਂ ਟੀਮਾਂ ਵੱਲੋਂ ਜ਼ਿਲ੍ਹੇ ਭਰ 'ਚ ਨਿਗਰਾਨੀ ਰੱਖੀ ਜਾਵੇਗੀ।
ਜਿਕਰਯੋਗ ਹੈ ਕਿ ਨਗਰ ਨਿਗਮ ਦੇ ਕਮਿਸ਼ਨਰ ਪਰਮਜੀਤ ਸਿੰਘ ਦੀ ਅਗਵਾਈ ਹੇਠਲੀ ਫਲਾਇੰਗ ਸਕੁਐਡ ਬਲਾਕ ਸੰਮਤੀ ਪਟਿਆਲਾ, ਪਟਿਆਲਾ ਦਿਹਾਤੀ, ਸਨੌਰ ਤੇ ਭੁਨਰਹੇੜੀ, ਏ.ਸੀ.ਏ. ਪੀਡੀਏ ਜਸ਼ਨਪ੍ਰੀਤ ਕੌਰ ਗਿੱਲ ਦੀ ਅਗਵਾਈ ਹੇਠਲੀ ਫਲਾਇੰਡ ਸਕੁਐਡ ਬਲਾਕ ਸੰਮਤੀ ਰਾਜਪੁਰਾ, ਸ਼ੰਭੂ ਕਲਾਂ ਤੇ ਘਨੌਰ ਜਦਕਿ ਕਰ ਵਿਭਾਗ ਦੇ ਏ.ਈ.ਟੀ.ਸੀ. (ਐਡਮਿਨ) ਇਸ਼ਾ ਸਿੰਗਲ ਦੀ ਅਗਵਾਈ ਹੇਠ ਉਡਣ ਦਸਤਾ ਬਲਾਕ ਸੰਮਤੀ ਸਮਾਣਾ ਤੇ ਪਾਤੜਾਂ 'ਤੇ ਨਿਗਰਾਨੀ ਰੱਖੇਗਾ। ਏ.ਡੀ.ਸੀ. (ਜ) ਸਿਮਰਪ੍ਰੀਤ ਕੌਰ ਦੀ ਅਗਵਾਈ ਹੇਠਲੀ ਫਲਾਇੰਗ ਸਕੁਐਡ ਟੀਮ ਬਲਾਕ ਸੰਮਤੀ ਨਾਭਾ ਵਿਖੇ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ, ਉਲੰਘਣਾ ਦੀ ਰਿਪੋਰਟ, ਅਚਨਚੇਤ ਚੈਕਿੰਗ, ਮੋਨੀਟਰਿੰਗ ਕਰੇਗੀ।