IndiGo ਸੰਕਟ ਦਰਮਿਆਨ DGCA ਦਾ ਐਕਸ਼ਨ, ਚਾਰ Flight Operations Inspectors ਨੂੰ ਕੀਤਾ Suspend
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 12 ਦਸੰਬਰ, 2025: ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ (IndiGo) ਵਿੱਚ ਚੱਲ ਰਹੇ ਭਾਰੀ ਸੰਚਾਲਨ ਸੰਕਟ ਦੇ ਵਿਚਕਾਰ ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਯਾਨੀ ਡੀਜੀਸੀਏ (DGCA) ਨੇ ਇੱਕ ਵੱਡਾ ਅਤੇ ਸਖ਼ਤ ਕਦਮ ਚੁੱਕਿਆ ਹੈ। ਰੈਗੂਲੇਟਰ ਨੇ ਲਾਪਰਵਾਹੀ ਵਰਤਣ ਦੇ ਦੋਸ਼ ਵਿੱਚ ਚਾਰ 'ਫਲਾਈਟ ਆਪ੍ਰੇਸ਼ਨ ਇੰਸਪੈਕਟਰ' (Flight Operations Inspectors - FOIs) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ (Suspend) ਕਰ ਦਿੱਤਾ ਹੈ।
ਡੀਜੀਸੀਏ ਦਾ ਮੰਨਣਾ ਹੈ ਕਿ ਇਹ ਅਧਿਕਾਰੀ ਏਅਰਲਾਈਨ ਦੀ ਇੰਸਪੈਕਸ਼ਨ ਅਤੇ ਮਾਨੀਟਰਿੰਗ ਵਿੱਚ ਨਾਕਾਮ ਰਹੇ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਕਿਉਂ ਹੋਈ ਇਹ ਕਾਰਵਾਈ?
DGCA ਮੁਤਾਬਕ, ਮੁਅੱਤਲ ਕੀਤੇ ਗਏ ਇਹ ਚਾਰੇ ਅਧਿਕਾਰੀ ਇੰਡੀਗੋ ਦੀ ਸੁਰੱਖਿਆ ਅਤੇ ਆਪ੍ਰੇਸ਼ਨਲ ਨਿਯਮਾਂ ਦੀ ਦੇਖ-ਰੇਖ ਲਈ ਜ਼ਿੰਮੇਵਾਰ ਸਨ। ਪਰ, ਦਸੰਬਰ ਦੀ ਸ਼ੁਰੂਆਤ ਵਿੱਚ ਜਦੋਂ ਏਅਰਲਾਈਨ ਨੇ ਆਪਣੀਆਂ ਹਜ਼ਾਰਾਂ ਉਡਾਣਾਂ ਰੱਦ ਕੀਤੀਆਂ ਅਤੇ ਸਿਸਟਮ ਢਹਿ-ਢੇਰੀ ਹੋ ਗਿਆ, ਤਾਂ ਇਹ ਸਾਹਮਣੇ ਆਇਆ ਕਿ ਇਨ੍ਹਾਂ ਅਧਿਕਾਰੀਆਂ ਨੇ ਸਮਾਂ ਰਹਿੰਦਿਆਂ ਸਹੀ ਨਿਰੀਖਣ ਨਹੀਂ ਕੀਤਾ। ਇਸ ਲਾਪਰਵਾਹੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਰੈਗੂਲੇਟਰ ਨੇ ਇਹ ਅਨੁਸ਼ਾਸਨੀ ਕਾਰਵਾਈ ਕੀਤੀ ਹੈ।
DGCA ਨੇ ਜਾਂਚ ਕੀਤੀ ਤੇਜ਼, ਹੈੱਡਕੁਆਰਟਰ 'ਚ ਟੀਮਾਂ ਤਾਇਨਾਤ
ਇਸ ਦੌਰਾਨ, ਡੀਜੀਸੀਏ ਨੇ ਇੰਡੀਗੋ ਦੇ ਗੁਰੂਗ੍ਰਾਮ ਸਥਿਤ ਮੁੱਖ ਦਫ਼ਤਰ ਵਿੱਚ ਜਾਂਚ ਤੇਜ਼ ਕਰ ਦਿੱਤੀ ਹੈ। ਰੈਗੂਲੇਟਰ ਨੇ ਕਰੂ ਦੀ ਵਰਤੋਂ, ਰਿਫੰਡ ਅਤੇ ਫਲਾਈਟ ਆਪ੍ਰੇਸ਼ਨਾਂ ਦੀ ਨਿਗਰਾਨੀ ਲਈ ਦੋ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਹਨ। ਇਹ ਟੀਮਾਂ ਰੋਜ਼ਾਨਾ ਸ਼ਾਮ 6 ਵਜੇ ਆਪਣੀ ਰਿਪੋਰਟ ਡੀਜੀਸੀਏ ਨੂੰ ਸੌਂਪ ਰਹੀਆਂ ਹਨ।
ਜਾਂਚ ਕਮੇਟੀ ਵਿੱਚ ਜੁਆਇੰਟ ਡਾਇਰੈਕਟਰ ਜਨਰਲ ਸੰਜੇ ਬ੍ਰਹਮਾਨੇ, ਡਿਪਟੀ ਡਾਇਰੈਕਟਰ ਜਨਰਲ ਅਮਿਤ ਗੁਪਤਾ ਸਮੇਤ ਸੀਨੀਅਰ ਅਧਿਕਾਰੀ ਸ਼ਾਮਲ ਹਨ, ਜੋ ਗੜਬੜੀ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।
ਰੋਸਟਰ ਸਿਸਟਮ ਅਤੇ HR ਪਲਾਨਿੰਗ ਦੀ ਹੋਵੇਗੀ ਜਾਂਚ
ਜਾਂਚ ਦਾ ਘੇਰਾ ਵਧਾਉਂਦੇ ਹੋਏ ਕਮੇਟੀ ਹੁਣ ਏਅਰਲਾਈਨ ਦੀ ਮਨੁੱਖੀ ਸਰੋਤ ਯੋਜਨਾ (HR Planning), ਫਲਕਚੂਏਟਿੰਗ ਰੋਸਟਰ ਸਿਸਟਮ ਅਤੇ ਪਾਇਲਟਾਂ ਦੇ ਡਿਊਟੀ ਪੀਰੀਅਡ ਦੀ ਸਮੀਖਿਆ ਕਰ ਰਹੀ ਹੈ। ਵਿਸ਼ੇਸ਼ ਤੌਰ 'ਤੇ ਇਹ ਦੇਖਿਆ ਜਾ ਰਿਹਾ ਹੈ ਕਿ 1 ਨਵੰਬਰ ਤੋਂ ਲਾਗੂ ਹੋਏ ਨਵੇਂ 'ਰੈਸਟ ਨਿਯਮਾਂ' (Rest Rules) ਦੀ ਪਾਲਣਾ ਹੋ ਰਹੀ ਹੈ ਜਾਂ ਨਹੀਂ। ਦੱਸ ਦੇਈਏ ਕਿ ਵੀਰਵਾਰ ਨੂੰ ਇੰਡੀਗੋ ਦੇ ਸੀਈਓ ਪੀਟਰ ਐਲਬਰਸ (CEO Pieter Elbers) ਨੂੰ ਵੀ ਦੂਜੀ ਵਾਰ ਡੀਜੀਸੀਏ ਦੇ ਸਾਹਮਣੇ ਪੇਸ਼ ਹੋਣਾ ਪਿਆ ਸੀ।
ਸੰਕਟ ਬਰਕਰਾਰ, ਸ਼ੁੱਕਰਵਾਰ ਨੂੰ ਵੀ ਉਡਾਣਾਂ ਰੱਦ
ਇੰਡੀਗੋ ਦਾ ਸੰਕਟ 11ਵੇਂ ਦਿਨ ਵੀ ਜਾਰੀ ਰਿਹਾ। ਸ਼ੁੱਕਰਵਾਰ ਨੂੰ ਬੈਂਗਲੁਰੂ ਏਅਰਪੋਰਟ ਤੋਂ 54 ਉਡਾਣਾਂ ਰੱਦ ਕਰਨੀਆਂ ਪਈਆਂ, ਜਦਕਿ ਇੱਕ ਦਿਨ ਪਹਿਲਾਂ ਦਿੱਲੀ ਅਤੇ ਬੈਂਗਲੁਰੂ ਤੋਂ 200 ਤੋਂ ਜ਼ਿਆਦਾ ਫਲਾਈਟਾਂ ਕੈਂਸਲ ਹੋਈਆਂ ਸਨ। ਇਸ ਸੰਕਟ ਕਾਰਨ ਇੰਡੀਗੋ ਦਾ ਮਾਰਕੀਟ ਕੈਪ (Market Cap) ਕਰੀਬ 21,000 ਕਰੋੜ ਰੁਪਏ ਘੱਟ ਗਿਆ ਹੈ। ਹਾਲਾਂਕਿ, ਡੈਮੇਜ ਕੰਟਰੋਲ ਕਰਦੇ ਹੋਏ ਕੰਪਨੀ ਨੇ 3 ਤੋਂ 5 ਦਸੰਬਰ ਦੇ ਵਿਚਕਾਰ ਪ੍ਰਭਾਵਿਤ ਯਾਤਰੀਆਂ ਨੂੰ 10 ਹਜ਼ਾਰ ਰੁਪਏ ਦਾ ਮੁਆਵਜ਼ਾ (Compensation) ਦੇਣ ਦਾ ਐਲਾਨ ਕੀਤਾ ਹੈ।