ਗੰਨ ਪੁਆਇੰਟ 'ਤੇ ਮੂੰਗਫਲੀ ਵੇਚਣ ਵਾਲੇ ਗਰੀਬ ਦੀ ਸਾਰੀ ਕਮਾਈ ਲੁੱਟ ਕੇ ਲੈ ਗਏ ਦੋ ਲੁਟੇਰੇ
ਹਫੜਾ ਦਫੜੀ ਵਿੱਚ ਸਕੂਟਰੀ ਉੱਥੇ ਹੀ ਸੁੱਟ ਗਏ ਨਸ਼ੇ ਵੀ ਧੁੱਤ ਲੁਟੇਰੇ
ਰੋਹਿਤ ਗੁਪਤਾ
ਗੁਰਦਾਸਪੁਰ : ਸੂਬੇ ਵਿੱਚ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਨਾਲ ਚਰਮਰਾ ਗਈ ਹੈ । ਆਲਮ ਇਹ ਹੈ ਕਿ ਰੇਹੜੀਆਂ ਫੜੀਆਂ ਵਾਲੇ ਵੀ ਸੁਰੱਖਿਅਤ ਨਹੀਂ ਰਹੇ ਅਤੇ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਧਾਰੀਵਾਲ ਦੀ ਨਵੀਂ ਆਬਾਦੀ ਇਲਾਕੇ ਵਿੱਚ ਮੂੰਗਫਲੀ ਵੇਚਣ ਵਾਲੇ ਪ੍ਰਵਾਸੀ ਫੜੀ ਵਾਲੇ ਨੂੰ ਵੀ ਲੁਟੇਰਿਆਂ ਨੇ ਨਹੀਂ ਬਖਸ਼ਿਆ । ਪਿਸਤੋਲ ਦੀ ਨੋਕ ਤੇ ਇਸ ਪ੍ਰਵਾਸੀ ਪਰਿਵਾਰ ਕੋਲੋਂ ਸਾਰੇ ਦਿਨ ਦੀ ਕਮਾਈ ਲੁੱਟ ਕੇ ਲੈ ਗਏ । ਲੁਟੇਰੇ ਸਕੂਟਰੀ ਤੇ ਆਏ ਸੀ ਅਤੇ ਨਸ਼ੇ ਵਿੱਚ ਝੂਮ ਰਹੇ ਸਨ । ਉਹਨਾਂ ਨੂੰ ਇੰਨੀ ਹਫੜਾ ਦਫੜੀ ਪਈ ਸੀ ਕਿ ਲੁੱਟ ਤੋਂ ਬਾਅਦ ਸਕੂਟਰੀ ਵੀ ਉੱਥੇ ਛੱਡ ਕੇ ਦੌੜ ਗਏ।
ਮੂੰਗਫਲੀ ਵੇਚਣ ਵਾਲੇ ਲੜਕੇ ਆਕਾਸ਼ ਨੇ ਦੱਸਿਆ ਕਿ ਦੋ ਨੌਜਵਾਨ ਉਹਨਾਂ ਦੀ ਫੜੀ ਤੇ ਸਕੂਟਰੀ ਤੇ ਆਏ ਜਿਨਾਂ ਨੇ ਆਪਣੇ ਮੂੰਹ ਬੰਨੇ ਹੋਏ ਸੀ। ਪਹਿਲਾਂ ਉਹ ਮੂੰਗਫਲੀ ਗਚਕ ਆਦਿ ਖਰੀਦਣ ਦਾ ਬਹਾਨਾ ਕਰਨ ਲੱਗ ਪਏ ਅਤੇ ਫਿਰ ਉਹਨਾਂ ਵਿੱਚੋਂ ਇੱਕ ਨੇ ਪਿਸਟਲ ਕੱਢ ਲਿਆ ਤੇ ਕਿਹਾ ਕਿ ਜੋ ਕੁਝ ਵੀ ਉਹਨਾਂ ਕੋਲ ਹੈ ਕੱਢ ਦੋ। ਨੌਜਵਾਨ ਆਕਾਸ਼ ਨੇ ਦੱਸਿਆ ਕਿ ਉਸ ਨੂੰ ਲੱਗ ਰਿਹਾ ਸੀ ਕਿ ਇਹ ਨੌਜਵਾਨ ਜਿਵੇਂ ਨਸ਼ੇ ਵਿੱਚ ਹੋਣ। ਉਹ ਬਹੁਤ ਡਰ ਗਿਆ ਸੀ ਅਤੇ ਬੋਰੀ ਵਿਚੋਂ ਪੈਸੇ ਕੱਢਣ ਲੱਗ ਪਿਆ । ਬੋਰੀ ਵਿੱਚ ਪੈਸੇ ਵੇਖ ਕੇ ਉਹ ਬੋਰੀ ਹੀ ਖੋਹ ਕੇ ਲੈ ਗਏ ।ਉਹਨਾਂ ਨੂੰ ਇੰਨੀ ਹਫੜਾ ਦਫੜੀ ਪਈ ਹੋਈ ਸੀ ਕਿ ਉਹ ਆਪਣੀ ਸਕੂਟਰੀ ਉੱਥੇ ਹੀ ਸੁੱਟ ਗਏ ।
ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਲੋਕ ਵੀ ਇਕੱਠੇ ਹੋ ਗਏ ਲੋਕਾਂ ਨੇ ਐਸਐਸਪੀ ਗੁਰਦਾਸਪੁਰ ਤੋਂ ਆਮ ਲੋਕਾਂ ਤੇ ਕਾਰੋਬਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਉੱਥੇ ਹੀ ਮੂੰਗਫਲੀ ਵੇਚਣ ਵਾਲੇ ਦੇ ਗੁਆਂਢੀ ਬਲ ਚਰਨ ਸਿੰਘ ਕਲਸੀ ਨੇ ਕਿਹਾ ਕਿ ਆਏ ਦਿਨ ਲੁੱਟ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਇਹ ਤਾਂ ਬੇਹਦ ਮੰਦਭਾਗੀ ਘਟਨਾ ਹੈ ਕਿ ਇੱਕ ਮੂੰਗਫਲੀ ਵੇਚਣ ਵਾਲੇ ਦੇ ਨਾਲ ਗਨ ਪੁਆਇੰਟ ਤੇ ਲੁੱਟ ਹੋ ਗਈ ਹੈ। ਪੁਲਿਸ ਨੂੰ ਜਲਦੀ ਤੋਂ ਜਲਦੀ ਲੁਟੇਰਿਆਂ ਨੂੰ ਗਿਰਫਤਾਰ ਕਰਨਾ ਚਾਹੀਦਾ ਹੈ।