ਧਾਲੀਵਾਲ ਦਾ ਬਾਜਵਾ 'ਤੇ ਹਮਲਾ, ਕਿਹਾ- ਤਰਨਤਾਰਨ ਸੀਟ ਵੇਚਣ ਦੇ ਇਲਜ਼ਾਮਾਂ ਦਾ ਵੀ ਦਿਓ ਜਵਾਬ
*ਜਨਤਾ ਜਾਨਣਾ ਚਾਹੁੰਦੀ ਹੈ ਕਿ ਕੀ ਕਾਂਗਰਸ ਵਿੱਚ ਸਭ ਕੁਝ ਵਿਕ ਰਿਹਾ ਹੈ? ਧਾਲੀਵਾਲ*
ਚੰਡੀਗੜ੍ਹ, 10 ਦਸੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਾਂਗਰਸ ਆਗੂਆਂ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ 'ਤੇ ਨਵਜੋਤ ਕੌਰ ਸਿੱਧੂ ਵੱਲੋਂ ਲਾਏ ਗਏ 500 ਕਰੋੜ ਰੁਪਏ ਦੇ ਗੰਭੀਰ ਇਲਜ਼ਾਮਾਂ 'ਤੇ ਉਨ੍ਹਾਂ ਦੀ ਚੁੱਪੀ ਨੂੰ ਲੈ ਕੇ ਤਿੱਖਾ ਹਮਲਾ ਕੀਤਾ ਹੈ।
ਧਾਲੀਵਾਲ ਨੇ ਸਵਾਲ ਕੀਤਾ ਕਿ ਜਿਹੜੇ ਆਗੂ ਹਰ ਮੁੱਦੇ 'ਤੇ ਬੋਲਦੇ ਸਨ, ਉਹ ਹੁਣ ਇੰਨੇ ਵੱਡੇ ਭ੍ਰਿਸ਼ਟਾਚਾਰ ਦੇ ਇਲਜ਼ਾਮ 'ਤੇ ਪੂਰੀ ਤਰ੍ਹਾਂ ਖ਼ਾਮੋਸ਼ ਕਿਉਂ ਹਨ? ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਪਹਿਲਾਂ ਬਹੁਤ ਬੋਲਦੇ ਸਨ, ਪਰ ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਬਾਅਦ ਉਹ ਪੂਰੀ ਤਰ੍ਹਾਂ ਚੁੱਪ ਹਨ। ਕਾਂਗਰਸੀ ਨੇਤਾਵਾਂ ਦੀ ਇਹ ਚੁੱਪੀ ਸਾਫ਼ ਦੱਸਦੀ ਹੈ ਕਿ ਜਿਹੜੇ ਇਲਜ਼ਾਮ ਮੈਡਮ ਸਿੱਧੂ ਅਤੇ ਬਾਅਦ ਵਿੱਚ ਸੁਨੀਲ ਜਾਖੜ ਵੱਲੋਂ ਲਾਏ ਗਏ, ਉਹ ਸਹੀ ਹਨ।
ਧਾਲੀਵਾਲ ਨੇ ਮੰਗ ਕੀਤੀ ਕਿ ਬਾਜਵਾ ਪੰਜਾਬ ਦੀ ਜਨਤਾ ਸਾਹਮਣੇ ਇਨ੍ਹਾਂ ਗੰਭੀਰ ਇਲਜ਼ਾਮਾਂ 'ਤੇ ਆਪਣੀ ਸਥਿਤੀ ਸਪੱਸ਼ਟ ਕਰਨ। ਉਨ੍ਹਾਂ ਦੀ ਚੁੱਪੀ ਨੂੰ ਜਨਤਾ ਹੁਣ ਜੁਰਮ ਦੀ ਸਵੀਕ੍ਰਿਤੀ ਮੰਨ ਰਹੀ ਹੈ।
ਧਾਲੀਵਾਲ ਨੇ ਕਿਹਾ ਕਿ ਪ੍ਰਤਾਪ ਬਾਜਵਾ 'ਤੇ ਤਾਂ ਤਰਨਤਾਰਨ ਦੀ ਸੀਟ ਵੇਚਣ ਦੇ ਵੀ ਇਲਜ਼ਾਮ ਲੱਗੇ ਹਨ। ਹੋ ਸਕਦਾ ਹੈ ਇਸੇ ਲਈ ਉਹ ਇਨ੍ਹਾਂ ਗੰਭੀਰ ਇਲਜ਼ਾਮਾਂ 'ਤੇ ਜਵਾਬ ਨਹੀਂ ਦੇ ਰਹੇ। ਜਨਤਾ ਜਾਨਣਾ ਚਾਹੁੰਦੀ ਹੈ ਕਿ ਕੀ ਕਾਂਗਰਸ ਵਿੱਚ ਸਭ ਕੁਝ ਵਿਕ ਰਿਹਾ ਹੈ? ਕੀ 500 ਕਰੋੜ ਦਾ ਲੈਣ-ਦੇਣ ਹੋਇਆ ਜਾਂ ਨਹੀਂ? ਬਾਜਵਾ ਜੀ ਨੂੰ ਜਵਾਬ ਦੇਣਾ ਹੀ ਹੋਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦੇ ਆਗੂ ਇਨ੍ਹਾਂ ਇਲਜ਼ਾਮਾਂ 'ਤੇ ਜਵਾਬ ਨਹੀਂ ਦਿੰਦੇ, ਤਾਂ ਕੀ ਇਹ ਮੰਨ ਲਿਆ ਜਾਵੇ ਕਿ ਕਾਂਗਰਸ ਹਾਈਕਮਾਨ ਨੇ ਪੰਜਾਬ ਵਿੱਚ 500 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਨੂੰ ਸਵੀਕਾਰ ਕਰ ਲਿਆ ਹੈ।