Babushahi Special ਬਠਿੰਡਾ ਅਦਾਲਤ ਵੱਲੋਂ ਵਿਜੀਲੈਂਸ ਦੀ ਝਾੜ ਝੰਬ: ਮਾਮਲਾ ਸਪਲੀਮੈਂਟਰੀ ਚਲਾਨ ’ਚ ਦੇਰੀ ਕਰਨ ਦਾ
ਅਸ਼ੋਕ ਵਰਮਾ
ਬਠਿੰਡਾ, 8 ਨਵੰਬਰ 2025: ਜਿਲ੍ਹਾ ਅਦਾਲਤ ਬਠਿੰਡਾ ਨੇ ਇਸ ਸਾਲ ਅਗਸਤ ਮਹੀਨੇ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਬਰਖਾਸਤ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਖਿਲਾਫ ਸਪਲੀਮੈਂਟਰੀ ਚਲਾਨ ਦਾਖਲ ਕਰਨ ਸਬੰਧੀ ਕੀਤੀ ਜਾ ਰਹੀ ਦੇਰ ਨੂੰ ਲੈਕੇ ਵਿਜੀਲੈਂਸ ਬਿਊਰੋ ਦੀ ਚੰਗੀ ਝਾੜ ਝੰਬ ਕੀਤੀ ਹੈ। ਇਹੋ ਹੀ ਨਹੀਂ ਵਿਜੀਲੈਂਸ ਦੇ ਵਤੀਰੇ ਤੋਂ ਖਫਾ ਅਦਾਲਤ ਨੇ ਅਧਿਕਾਰੀਆਂ ਨੂੰ 20 ਨਵੰਬਰ 2025 ਤੱਕ ਇਹ ਚਲਾਨ ਦਾਖਲ ਕਰਨ ਦਾ ਆਖਰੀ ਮੌਕਾ ਦਿੱਤਾ ਹੈ। ਮਾਮਲੇ ਦੀ 30 ਅਕਤੂਬਰ ਨੂੰ ਸੁਣਵਾਈ ਕਰਦਿਆਂ ਐਡੀਸ਼ਨਲ ਜਿਲ੍ਹਾ ਅਤੇ ਸੈਸ਼ਨਜ਼ ਜੱਜ ਸੁਰਿੰਦਰ ਪਾਲ ਕੌਰ ਨੇ ਵਿਜੀਲੈਂਸ ਦੇ ਇੱਕ ਅਧਿਕਾਰੀ ਵੱਲੋਂ ਇਸ ਸਬੰਧ ਵਿੱਚ ਕੀਤੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਹੈ । ਵਿਜੀਲੈਂਸ ਦੇ ਅਧਿਕਾਰੀ ਨੇ ਜਿਲ੍ਹਾ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਅਮਨਦੀਪ ਕੌਰ ਦੇ ਬੈਂਕ ਤੋਂ ਵੇਰਵੇ ਹਾਸਲ ਕਰਨ ਤੋਂ ਬਾਅਦ ਅਗਲੀ ਤਰੀਕ ਤੱਕ ਸਪਲੀਮੈਂਟਰੀ ਚਲਾਨ ਪੇਸ਼ ਕਰਨਾ ਹਰ ਹਾਲਤ ਵਿੱਚ ਯਕੀਨੀ ਬਣਾਇਆ ਜਾਏਗਾ।
ਅਦਾਲਤ ਨੇ ਆਪਣੇ ਆਦੇਸ਼ਾਂ ’ਚ ਕਿਹਾ ਕਿ ਵਿਜੀਲੈਂਸ ਕੋਲ 20 ਨਵੰਬਰ ਜਾਂ ਉਸ ਤੋਂ ਪਹਿਲਾਂ ਸਪਲੀਮੈਂਟਰੀ ਚਲਾਨ ਪੇਸ਼ ਕਰਨ ਦਾ ਇਹ ਅੰਤਿਮ ਮੌਕਾ ਹੈ ਕਿਉਂਕਿ ਇਹ ਦੋਸ਼ ਪੱਤਰ ਦਾਖਲ ਨਾਂ ਹੋਣ ਕਾਰਨ ਮਾਮਲੇ ਦੀ ਸੁਣਵਾਈ ਸ਼ੁਰੂ ਕਰਨ ’ਚ ਦੇਰੀ ਹੋ ਰਹੀ ਹੈ। ਅਦਾਲਤ ਨੇ ਕਿਹਾ ਕਿ ਅਗਲੀ ਸੁਣਵਾਈ 20 ਨਵੰਬਰ ਨੂੰ ਕੀਤੀ ਜਾਏਗੀ ਅਤੇ ਇਸ ਮੌਕੇ ਅਮਨਦੀਪ ਕੌਰ ਖਿਲਾਫ ਦੋਸ਼ ਤੈਅ ਕੀਤੇ ਜਾਣਗੇ। ਗੌਰਤਲਬ ਹੈ ਕਿ ਇਸੇ ਸਾਲ 2 ਅਪ੍ਰੈਲ ਨੂੰ ਕਾਲੀ ਥਾਰ ਵਾਲੀ ਬੀਬੀ ਦੇ ਨਾਮ ਨਾਲ ਚਰਚਿਤ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਤਿਉਣਾ ਦੀ ਲਗਜ਼ਰੀ ਗੱਡੀ ਥਾਰ ਚੋਂ ਬਠਿੰਡਾ ਦੇ ਬਾਹਰੀ ਇਲਾਕੇ ਬਾਦਲ ਰੋਡ ਤੋਂ 17.71 ਗ੍ਰਾਮ ਚਿੱਟਾ ਬਰਾਮਦ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਇਸ ਮਾਮਲੇ ’ਚ ਅਮਨਦੀਪ ਨੂੰ ਜਮਾਨਤ ਮਿਲ ਗਈ ਸੀ ਪਰ ਐਸਐਸਪੀ ਵੱਲੋਂ ਲਿਖੇ ਪੱਤਰ ਉਪਰੰਤ ਵਿਜੀਲੈਂਸ ਨੇ ਅਮਨਦੀਪ ਕੌਰ ਦੇ ਅਸਾਸਿਆਂ ਦੀ ਜਾਂਚ ਕੀਤੀ ਸੀ।
ਵਿਜੀਲੈਂਸ ਬਿਊਰੋ ਨੇ ਜਾਂਚ ਤੋਂ ਬਾਅਦ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਅਤੇ 13(2) ਤਹਿਤ ਥਾਣਾ ਬਠਿੰਡਾ ਰੇਂਜ ਵਿਖੇ 26 ਮਈ 2025 ਨੂੰ ਮੁਕੱਦਮਾ ਨੰਬਰ 15 ਦਰਜ ਕੀਤਾ ਸੀ। ਇਸ ਦੌਰਾਨ ਵਿਜੀਲੈਂਸ ਨੇ ਅਮਨਦੀਪ ਕੌਰ ਦੀ ਤਨਖਾਹ, ਬੈਂਕ ਖਾਤਿਆਂ ਅਤੇ ਕਰਜ਼ੇ ਦੇ ਰਿਕਾਰਡ ਦੇ ਨਾਲ ਨਾਲ ਉਸ ਵੱਲੋਂ ਸਾਲ 2018 ਅਤੇ 2025 ਦਰਮਿਆਨ ਬਣਾਈਆਂ ਚੱਲ ਅਤੇ ਅਚੱਲ ਸੰਪਤੀਆਂ ਦੇ ਵੇਰਵਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਸੀ। ਪੜਤਾਲ ਤੋਂ ਪਤਾ ਲੱਗਾ ਸੀ ਕਿ ਇਸ ਅਰਸੇ ਦੌਰਾਨ ਅਮਨਦੀਪ ਕੌਰ ਦੀ ਕੁੱਲ ਆਮਦਨ 1ਕਰੋੜ 8ਲੱਖ 37 ਹਜ਼ਾਰ 550 ਰੁਪਏ ਦੇ ਮੁਕਾਬਲੇ ਉਸ ਦਾ ਖਰਚ 1ਕਰੋੜ 39ਲੱਖ 64, ਹਜ਼ਾਰ 802 ਰੁਪਏ ਪੈਸੇੇ ਪਾਇਆ ਗਿਆ, ਜੋਕਿ ਉਸ ਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ 31,27,252.97 ਰੁਪਏ ਅਤੇ ਉਸਦੀ ਜਾਇਜ਼ ਕਮਾਈ ਤੋਂ 28.85 ਫੀਸਦ ਜਿਆਦਾ ਹੈ। ਵਿਜੀਲੈਂਸ ਨੇ ਪੜਤਾਲ ਤੋਂ ਬਾਅਦ ਅਮਨਦੀਪ ਕੌਰ ਖਿਲਾਫ 19 ਜੁਲਾਈ ਨੂੰ ਪਹਿਲਾ ਚਲਾਨ ਪੇਸ਼ ਕੀਤਾ ਸੀ।
ਵੇਰਵਿਆਂ ਅਨੁਸਾਰ ਇਸ ਮਾਮਲੇ ਦੀ ਜਾਂਚ ਅਧਿਕਾਰੀ ਨੇ ਲੰਘੀ 11 ਅਗਸਤ ਨੂੰ ਅਦਾਲਤ ਨੂੰ ਜਾਣਕਾਰੀ ਦਿੱਤੀ ਸੀ ਕਿ ਵਿਜੀਲੈਂਸ ਇੱਕ ਸਪਲੀਮੈਂਟਰੀ ਦੋਸ਼ ਪੱਤਰ ਦਾਇਰ ਕਰਨਾ ਚਾਹੁੰਦੀ ਹੈ। ਇਸ ਤੋਂ ਬਾਅਦ ਲਗਾਤਾਰ ਪੰਜ ਸੁਣਵਾਈਆਂ ਹੋਈਆਂ ਸਨ ਪਰ ਵਿਜੀਲੈਂਸ ਅਜਿਹਾ ਕੋਈ ਚਲਾਨ ਪੇਸ਼ ਕਰਨ ’ਚ ਅਸਫਲ ਰਹੀ ਅਤੇ ਹਰ ਵਾਰ ਸਮਾਂ ਮੰਗਿਆ ਜਾ ਰਿਹਾ ਸੀ। ਜਦੋਂ ਪੁਲਿਸ ਨੇ ਅਮਨਦੀਪ ਕੌਰ ਨੂੰ ਐਨਡੀਪੀਐਸ ਮਾਮਲੇ ’ਚ ਗ੍ਰਿਫਤਾਰ ਕੀਤਾ ਸੀ ਤਾਂ ਉਸ ਦੀ ਵੱਡੇ ਪੱਧਰ ਤੇ ਚਰਚਾ ਹੋਈ ਸੀ। ਉਦੋਂ ਇਹ ਵੀ ਚਰਚੇ ਸਨ ਕਿ ਅਮਨਦੀਪ ਕੌਰ ਦੇ ਪੰਜਾਬ ’ਚ ਤਾਇਨਾਤ ਇੱਕ ਆਈਪੀਐਸ ਅਧਿਕਾਰੀ ਨਾਲ ਨਜ਼ਦੀਕੀ ਸਬੰਧ ਹਨ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਸੀ ਕਿ ਤਫਤੀਸ਼ ਦੌਰਾਨ ਏਦਾਂ ਦੀਆਂ ਨਜ਼ਦੀਕੀਆਂ ਹੋਣ ਸਬੰਧੀ ਕੋਈ ਤੱਥ ਸਾਹਮਣੇ ਨਹੀਂ ਆਏ ਹਨ। ਸੂਤਰ ਦੱਸਦੇ ਹਨ ਕਿ ਅਮਨਦੀਪ ਤੋਂ ਆਈਬੀ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਵੀ ਪੁੱਛਗਿਛ ਕੀਤੀ ਸੀ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ।
ਲਗਜ਼ਰੀ ਲਾਈਫ ਸਟਾਈਲ
ਦਰਅਸਲ ਅਮਨਦੀਪ ਕੌਰ ਦਾ ਲਗਜ਼ਰੀ ਲਾਈਫ ਸਟਾਈਲ ਪੰਜਾਬ ਵਿੱਚ ਹੀ ਨਹੀਂ ਬਲਕਿ ਕੌਮੀ ਤੇ ਕੌਮਾਂਤਰੀ ਪੱਧਰ ਤੇ ਸੁਰਖੀਆਂ ਬਣਿਆ ਸੀ। ਆਪਣੀ ਥਾਰ, ਬੁਲੇਟ ਮੋਟਰਸਾਈਕਲ ਅਤੇ ਕੀਮਤੀ ਘੜੀ ਨਾਲ ਬਣੀਆਂ ਵੀਡੀਓਜ਼ ਉਹ ਅਕਸਰ ਸੋਸ਼ਲ ਮੀਡੀਆ ਤੇ ਅਪਲੋਡ ਕਰਦੀ ਰਹਿੰਦੀ ਸੀ। ਦੱਸਿਆ ਜਾਂਦਾ ਹੈ ਕਿ ਅਮਨਦੀਪ ਕੌਰ ਦੀ ਕਾਲੀ ਥਾਰ ਤੇ ਪੁਲਿਸ ਦਾ ਸਟਿੱਕਰ ਲੱਗਿਆ ਹੋਇਆ ਸੀ ਜਿਸ ਕਰਕੇ ਉਸ ਨੂੰ ਕੋਈ ਰੋਕਦਾ ਨਹੀਂ ਸੀ। ਨੌਕਰੀ ਦੌਰਾਨ ਅਮਨਦੀਪ ਕੌਰ ਦੀ 30 ਵਾਰ ਬਦਲੀ ਹੋਈ ਅਤੇ ਉਹ ਹਰ ਵਾਰੀ ਮਨ ਮਰਜੀ ਦਾ ਸਟੇਸ਼ਨ ਲੈਂਦੀ ਸੀ। ਜਦੋਂ ਉਸ ਨੂੰ ਫੜਿਆ ਗਿਆ ਤਾਂ ਉਸ ਦੀ ਡਿਊਟੀ ਪੁਲਿਸ ਲਾਈਨ ਦੀ ਡਿਸਪੈਂਸਰੀ ਵਿੱਚ ਲੱਗੀ ਹੋਈ ਸੀ।
ਚਿੱਟੇ ਨੇ ਫਸਾਇਆ ਕਸੂਤਾ
ਸੀਨੀਅਰ ਸਿਪਾਹੀ ਅਮਨਦੀਪ ਕੌਰ ਦੇ ਮਾੜੇ ਦਿਨ ਉਦੋਂ ਸ਼ੁਰੂ ਹੋਏ ਜਦੋਂ ਬਠਿੰਡਾ ਪੁਲਿਸ ਅਤੇ ਐਂਟੀਨਾਰਕੋਟਿਕ ਟਾਸਕ ਫੋਰਸ ਨੇ ਇੱਕ ਸਾਂਝੇ ਆਪਰੇਸ਼ਨ ਦੌਰਾਨ ਉਸ ਨੂੰ ਚਿੱਟੇ ਸਮੇਤ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕੀਤਾ ਸੀ । ਅਮਨਦੀਪ ਕੌਰ ਇਸ ਮਾਮਲੇ ’ਚ ਜਮਾਨਤ ਹਾਸਲ ਕਰਨ ਵਿੱਚ ਸਫਲ ਹੋ ਗਈ ਸੀ ਪਰ ਵਿਜੀਲੈਂਸ ਨੇ ਉਸ ਨੂੰ ਆਮਦਨ ਤੋਂ ਵੱਧ ਸੰਪਤੀ ਬਨਾਉਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲਿਆ ਅਤੇ ਜੇਲ੍ਹ ਭੇਜ ਦਿੱਤਾ ਜਿੱਥੇ ਉਹ ਹਾਲੇ ਤੱਕ ਵੀ ਬੰਦ ਹੈ ।