ਪੰਜਾਬ ਦਿਵਸ ਵਾਇਆ ਪੰਜਾਬੀ ਹਫ਼ਤਾ
ਮੈਨੁਕਾਓ ਸੁਕੇਅਰ ਦੇ ਖੁੱਲ੍ਹੇ ਪੰਡਾਲ ਸਮਾਗਮ ਨੇ ਪੰਜਾਬੀ ਬੋਲਾਂ ਦੀ ਗੂੰਜ ਮੈਨੁਕਾਓ ਲਾਇਬ੍ਰੇਰੀ ਹਾਲ ਤੱਕ ਪਹੁੰਚਾਈ
- ਢਾਡੀ ਬੱਚਿਆਂ ਤੋਂ ਲੈ ਕੇ ਲੋਕ ਬੋਲੀਆਂ ਤੱਕ 5 ਘੰਟੇ ਤੱਕ ਰਹੀ ਚੱਲ ਸੋ ਚੱਲ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 08 ਨਵੰਬਰ 2025-ਨਿਊਜ਼ੀਲੈਂਡ ਦੇ ਵਿਚ ਮਨਾਏ ਜਾ ਰਹੇ ਛੇਵੇਂ ਪੰਜਾਬੀ ਭਾਸ਼ਾ ਹਫਤੇ (03 ਨਵੰਬਰ ਤੋਂ 09 ਨਵੰਬਰ ਤੱਕ) ਦੇ ਸਬੰਧ ਵਿਚ ਅੱਜ ਔਕਲੈਂਡ ਖੇਤਰ ਵਾਲਾ ਸਮਾਗਮ ਵੈਸਟ ਫੀਲਡ (ਮੈਨੁਕਾਓ ਸੁਕੇਅਰ) ਦੇ ਲਾਇਬ੍ਰੇਰੀ ਨਾਲ ਲਗਦੇ ਖੁੱਲ੍ਹੇ ਵਿਹੜੇ ਦੇ ਵਿਚ ਸ਼ਾਮ 4 ਤੋਂ ਰਾਤ 9 ਵਜੇ ਤੱਕ ਕਰਵਾਇਆ ਗਿਆ। ਅੱਜ ਪੰਜਾਬੀ ਮਾਂ ਬੋਲੀ ਦੇ ਬੋਲਾਂ ਨੇ ਨਾਲ ਲਗਦੀ ਮੈਨੁਕਾਓ ਲਾਇਬ੍ਰੇਰੀ ਦੇ ਹਾਲ ਵਿਚ ਪਈਆਂ ਇੰਗਲਿਸ਼ ਦੀਆਂ ਪੁਸਤਕਾਂ ਨੂੰ ਆਪਣੀ ਆਵਾਜ਼ ਵਿਚ ਕਹਿ ਦਿੱਤਾ ਕਿ ਸਾਡੇ ਪੰਜਾਬੀ ਸਾਹਿਤ ਅਤੇ ਬੋਲੀ ਲਈ ਵੀ ਜਗ੍ਹਾ ਉਂਜ ਹੀ ਬਣਾਈ ਜਿਵੇਂ ਇਸ ਦੇਸ਼ ਦੇ ਵਿਚ ਗੁਲਦਸਤੇ ਵਿਚ ਬਹੁਕੌਮੀ ਲੋਕਾਂ ਦੇ ਫੁੱਲ ਖਿੜੇ ਹੋਏ ਹਨ।
ਸਟੇਜ ਸੰਚਾਲਨ ਰੇਡੀਏ ਪੇਸ਼ਕਾਰ ਸ. ਹਰਮੀਕ ਸਿੰਘ ਅਤੇ ਮੈਡਮ ਰਾਜਵਿੰਦਰ ਹੋਰਾਂ ਨੇ ਕੀਤਾ। ਨਾਦ ਚੈਰੀਟੇਬਲ ਟ੍ਰਸਟ ਅਤੇ ਰਿਦਮ ਸਕੂਲ ਦੇ ਬੱਚਿਆਂ ਨੂੰ ਪ੍ਰੋਫੈਸਰ ਮਨਜੀਤ ਸਿੰਘ ਅਤੇ ਬੀਬਾ ਦਲਜੀਤ ਕੌਰ ਨੇ ਬਾਖੂਬੀ ਟਰੇਨਿੰਗ ਦੇ ਕੇ ਸਟੇਜ ਉਤੇ ਪੇਸ਼ਕਾਰੀਆਂ ਯੋਗ ਬਣਾਇਆ। ਖਾਸ ਗੱਲ ਇਹ ਰਹੀ ਕਿ ਛੋਟੇ ਬੱਚਿਆਂ ਨੇ ਕਵੀਸ਼ਰੀ ਅਤੇ ਢੱਡ ਦੇ ਨਾਲ ਢਾਡੀ ਵਾਰ ਵੀ ਗਾਈ। ਅਜਿਹੇ ਰੁਝਾਨ ਗੁਰਸਿੱਖੀ ਅਤੇ ਗੁਰਮਖੀ ਵੱਲ ਇਕ ਕਦਮ ਹਨ। ਛੋਟੇ ਬੱਚੇ ਉਦੇਪ੍ਰਤਾਪ ਸੰਖੇਪ ਪਰ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ ਅਤੇ ਹਰਸ਼ਾਨ ਸਿੰਘ ਨੇ ਕਵਿਤਾ ਸੁਣਾ ਕੇ ਮਾਈਕ ਚਾਲੂ ਕਰ ਦਿੱਤੇ ਜੋ ਲਗਾਤਾਰ ਫਿਰ 9 ਵਜੇ ਤੱਕ ਦਰਸ਼ਕਾਂ ਦੀ ਵਾਹ-ਵਾਹ ਲੁੱਟਦੇ ਰਹੇ। ਟਾਕਾਨੀਨੀ ਤੋਂ ਸਾਂਸਦ ਰੀਮਾ ਨਾਖਲੇ ਅਤੇ ਐਕਟ ਪਾਰਟੀ ਤੋਂ ਸਾਂਸਜ ਡਾ. ਪਰਮਜੀਤ ਕੌਰ ਪਰਮਾਰ ਪਹੁੰਚੇ ਅਤੇ ਵਧਾਈ ਦਿੱਤੀ। ਨਿਊਜ਼ੀਲੈਂਡ ਸਿੱਖ ਗੇਮਜ਼ ਤੋਂ ਸ. ਦਲਜੀਤ ਸਿੰਘ ਸਿੱਧੂ ਅਤੇ ਸ. ਤਾਰਾ ਸਿੰਘ ਬੈਂਸ ਨੇ ਮੀਡੀਆ ਕਰਮੀਆਂ ਨੂੰ ਇਸ ਪ੍ਰੋਗਰਾਮ ਦੀ ਵਧਾਈ ਦਿੱਤੀ ਅਤੇ 29 ਅਤੇ 30 ਨਵੰਬਰ ਨੂੰ ਆ ਰਹੀਆਂ 7ਵੀਂਆਂ ਸਿੱਖ ਖੇਡਾਂ ਲਈ ਸੱਦਾ ਦਿੱਤਾ। ਸ. ਨਵਤੇਜ ਸਿੰਘ ਰੰਧਾਵਾ ਹੋਰਾਂ ਆਏ ਮਹਿਮਾਨਾਂ ਨੂੰ ਮਾਨ-ਸਨਮਾਨ ਭੇਟ ਕੀਤਾ।
ਹਰਜੀਤ ਕੌਰ ਹੋਰਾਂ ਨੇ ਜਿੱਥੇ ਸਟੇਜ ਸੰਚਾਲਨ ਲਈ ਸਾਹ ਦਿਵਾਇਆ ਉਥੇ ਉਨ੍ਹੰਾਂ ਦੀ ਅਕੈਡਮੀ ਪੰਜਾਬੀ ਹੈਰੀਟੇਜਰ ਦੇ ਜੂਨੀਅਰ ਬੱਚਿਆਂ ਅਤੇ ਸੀਨੀਅਰ ਟੀਮ ਨੇ ਖੂਬ ਭੰਗੜੇ ਦਾ ਰੰਗ ਬੰਨਿ੍ਹਆ। ਪ੍ਰਸਿੱਧ ਗੀਤਕਾਰ ਤੇ ਗਾਇਕ ਨੇ ਪੰਜਾਬੀ ਮਾਂ ਬੋਲੀ ਦਾ ਨਵਾਂ ਗੀਤ ਪੇਸ਼ ਕੀਤਾ ਜਿਸ ਦੇ ਵਿਚ ਕਮਾਲ ਦੇ ਸੁਨੇਹਾ ਸੀ। ਏ. ਪੀ.ਡੀ. ਜੂਨੀਅਰ ਅਤੇ ਸੀਨੀਅਰ ਟੀਮ ਨੇ ਸਟੇਜ ਹਿਲਾਈ ਰੱਖੀ। ਪ੍ਰਦੇਸੀ ਫੋਰਸ ਕਲੱਬ ਅਤੇ ਤਵੀਤੀ ਡਾਂਸ ਅਕੈਡਮੀ, ਰੂਹ ਪੰਜਾਬ ਦੀ ਅਤੇ ਭੰਗੜਾ ਏਂਜਲਜ ਦੇ ਬੱਚਿਆਂ ਨੇ ਵੀ ਪੂਰੀ ਅੱਤ ਕਰਵਾਈ। ਲੇਡੀਜ਼ ਫੈਸ਼ਨ ਸੋਅ (ਫੁੱਲਕਾਰੀ ਸ਼ੋਅ) ਪੂਨਮ ਹੋਰਾਂ ਨੇ ਲਿਆਂਦਾ ਜਿਸ ਦੇ ਵਿਚ ਦੋ ਗਰੁੱਪਾਂ ਦੇ ਮੁਕਾਬਲੇ ਹੋਏ ਅਤੇ ਵੱਡੇ ਗਿਫਟ ਹੈਂਪਰ ਵੰਡੇ ਗਏ। ਜੱਜ ਸਾਹਿਬਾਨ ਦੀ ਭੂਮਿਕਾ ਮੈਡਮ ਇੰਦਰਜੀਤ ਕੌਰ ਅਤੇ ਪ੍ਰਭਜੋਤ ਕੌਰ ਹੋਰਾਂ ਨੇ ਨਿਭਾਈ। ਪਾਪਾਟੋਏਟੋਏ ਲੋਕਲ ਬੋਰਡ ਦੇ ਚੁਣੇ ਗਏ ਮੈਂਬਰਾਂ ਦਾ ਵੀ ਮਾਨ-ਸਨਮਾਨ ਕੀਤਾ ਗਿਆ। ਗਾਇਕ ਜਸ਼ਨ ਅਤੇ ਪਾਰਸ ਨੇ ਵੀ ਗੀਤ ਨਾਲ ਹਾਜ਼ਰੀ ਲਗਵਾਈ। ਇਕ ਸਾਮੋਅਨ ਨੌਜਵਾਨ ਹੇਲਮ ਵੱਲੋਂ ਫਾਇਰ ਡਾਂਸ ਕਰਕੇ ਮਾਹੌਲ ਨੂੰ ਨਿੱਘਾ ਕਰ ਦਿੱਤਾ ਗਿਆ।
ਸ. ਕੁਲਦੀਪ ਸਿੰਘ ਰਾਜਾ ਹੋਰਾਂ ਨੇ ਦਸਤਾਰਾਂ ਸਜਾਉਣ ਦਾ ਸਟਾਲ ਲਾਇਆ ਹੋਇਆ ਸੀ ਜਿਸ ਦੇ ਵਿਚ ਇੰਟਰਨੈਸ਼ਨਲ ਦਸਤਾਰ ਕੋਚ ਸ. ਗੁਰਜੀਤ ਸਿੰਘ ਸ਼ਾਹਪੁਰ ਪਹੁੰਚੇ ਹੋਏ ਸਨ। ਅੰਤ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਇਹ ‘ਪੰਜਾਬ ਡੇਅ’ ਪ੍ਰੋਗਰਾਮ ਵਾਇਆ ਪੰਜਾਬੀ ਹਫਤਾ ਬਹੁਤ ਕੁਝ ਯਾਦਾਂ ਭਰਿਆ ਛੱਡ ਗਿਆ।