Babushahi Special ਜ਼ਿਮਨੀ ਚੋਣ: ਤਰਨ ਤਾਰਨ ਦੀ ‘ਸਿਆਸੀ ਪੀਚੋ ਬੱਕਰੀ’ ਨੇ ਲਿਆਂਦੀ ਮਹਾਰਥੀਆਂ ਦੀ ਮੁੱਠੀ ਵਿੱਚ ਜਾਨ
ਅਸ਼ੋਕ ਵਰਮਾ
ਬਠਿੰਡਾ, 7 ਨਵੰਬਰ 2025: ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜਿਮਨੀ ਚੋਣ ਦੌਰਾਨ ਉਮੀਦਵਾਰ ਜਿੰਨੀਆਂ ਮਰਜੀ ਥਾਪੀਆਂ ਮਾਰੀ ਜਾਣ ਪਰ ਅਸਲੀਅਤ ਇਹ ਹੈ ਕਿ ਸਿਆਸੀ ਮਹਾਂਰਥੀਆਂ ਦੀ ਜਾਨ ਮੁੱਠੀ ਵਿਚ ਆਈ ਹੋਈ ਹੈ। ਇਹ ਸੀਟ ਆਪ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਕਾਰਨ ਖਾਲੀ ਹੋਈ ਸੀ। ਆਉਂਦੀ 11 ਨਵੰਬਰ ਨੂੰ ਵੋਟਾਂ ਪੁਆਈਆਂ ਜਾਂਣੀਆਂ ਹਨ ਅਤੇ 14 ਨਵੰਬਰ ਨੂੰ ਨਤੀਜਾ ਆਵੇਗਾ। ਦੋ ਵਾਰ ਅਕਾਲੀ ਦਲ ਅਤੇ ਇੱਕ ਵਾਰੀ ਅਜਾਦ ਜਿੱਤੇ ਹਰਮੀਤ ਸਿੰਘ ਸੰਧੂ ‘ਆਪ’ ਉਮੀਦਵਾਰ ਹਨ ਜਦੋਂ ਕਿ ਅਕਾਲੀ ਦਲ ਤਰਫੋਂ ਧਰਮੀ ਫੌਜੀ ਪ੍ਰੀਵਾਰ ਤੋਂ ਸੁਖਵਿੰਦਰ ਕੌਰ ਉਮੀਦਵਾਰ ਹ ਭਾਜਪਾ ਦੇ ਹਰਪ੍ਰੀਤ ਸਿੰਘ ਸੰਧੂ , ਕਾਂਗਰਸ ਦੇ ਕਰਨਬੀਰ ਸਿੰਘ , ਵਾਰਿਸ ਪੰਜਾਬ ਦੇ ਤੋਂ ਮਨਦੀਪ ਸਿੰਘ ਖਾਲਸਾ ਅਤੇ ਵਿਧਾਇਕ ਮਨਜਿੰਦਰ ਸਿੰਘ ਨੂੰ ਜੇਲ੍ਹ ਭੇਜਣ ਵਾਲੀ ਹਰਬਿੰਦਰ ਕੌਰ ਉਸਮਾਂ ਵੀ ਮੈਦਾਨ ਵਿੱਚ ਹੈ। ਸ਼ੁਰੂਆਤ ਵਿੱਚ ਜੋ ਟੱਕਰ ਫਸਵੀਂ ਜਾਪਦੀ ਸੀ ਪਰ ਹੁਣ ਮੁਕਾਬਲਾ ਬਹੁਕੋਣਾ ਜਾਪਣ ਲੱਗਿਆ ਹੈ।
ਪਿਛਲੇ ਕਈ ਚੋਣ ਮੁਕਾਬਲਿਆਂ ਦੀ ਕਵਰੇਜ ਕਰ ਚੁੱਕੇ ਇੱਕ ਸੀਨੀਅਰ ਪੱਤਰਕਾਰ ਦਾ ਪ੍ਰਤੀਕਰਮ ਸੀ ਕਿ ਇਸ ਜਿਮਨੀ ਚੋਣ ਦੌਰਾਨ ਮੁਕਾਬਲਾ ਐਨਾ ਫਸਵਾਂ ਹੈ ਕਿ ਨਤੀਜਾ ਕੋਈ ਵੀ ਸੰਭਵ ਹੈ। ਉਨ੍ਹਾਂ ਕਿਹਾ ਕਿ ਕਈ ਪਿੰਡਾਂ ’ਚ ਪੰਥਕ ਬਦਲਾਅ ਦੀ ਗੱਲ ਸੁਣਾਈ ਦਿੰਦੀ ਹੈ ਅਤੇ ਕਾਫੀ ਥਾਈਂ ਆਮ ਆਦਮੀ ਪਾਰਟੀ ਦਾ ਝੰਡਾ ਜਿਆਦਾ ਬੁਲੰਦ ਨਜ਼ਰ ਆਉਂਦਾ ਹੈ ਕਿਉਂਕਿ ਹਲਕੇ ਦੇ ਲੋਕ ਸਾਲ ਭਰ ਲਈ ਹਾਕਮ ਧਿਰ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੇ ਹਨ। ਝਬਾਲ ਦੇ ਇੱਕ ਦੁਕਾਨਦਾਰ ਦਾ ਕਹਿਣਾ ਸੀ ਕਿ ਵੱਡੇ ਆਗੂਆਂ ਸਹਾਰੇ ਭਾਜਪਾ ਹੁਣ ਤੱਕ ਇਕੱਠ ਕਰਨ ’ਚ ਸਫਲ ਰਹੀ ਹੈ ਜੋ ਵੋਟਾਂ ’ਚ ਤਬਦੀਲ ਹੁੰਦਾ ਹੈ ਇਹ ਤਾਂ ਈਵੀਐਮ ਮਸ਼ੀਨਾਂ ਖੁੱਲ੍ਹਣ ਤੇ ਹੀ ਪਤਾ ਲੱਗੇਗਾ। ਉਨ੍ਹਾਂ ਦੱਸਿਆ ਕਿ ਸੱਤਾਧਾਰੀ ਪਾਰਟੀ ਨੂੰ ਰੋਕਣ ਲਈ ਵਿਰੋਧੀ ਧਿਰਾਂ ਨੇ ਪੂਰੀ ਵਾਹ ਲਾਈ ਹੋਈ ਹੈ ਜਿਸ ਕਰਕੇ ਆਮ ਆਦਮੀ ਪਾਰਟੀ ਨੂੰ ਵੀ ਗੋਡਣੀਆਂ ਵਾਲਾ ਜੋਰ ਲਾਉਣਾ ਪੈ ਰਿਹਾ ਹੈ।
ਕਈ ਲੋਕ ਅਜਿਹੇ ਹਨ ਜਿੰਨ੍ਹਾਂ ਦਾ ਮੰਨਣਾ ਹੈ ਕਿ ਤਰਨ ਤਾਰਨ ‘ਆਪ’ ਹੱਥੋਂ ਖਿਸਕ ਸਕਦਾ ਹੈ ਜਦੋਂਕਿ ਕਈਆਂ ਨੇ ਝਾੜੂ ਚੱਲਣ ਦੀ ਗੱਲ ਵੀ ਆਖੀ ਹੈ ਅਤੇ ਆਖਰੀ ਦੋ ਦਿਨਾਂ ਦੌਰਾਨ ਕਈ ਪ੍ਰਕਾਰ ਦਾ ਫੇਰਬਦਲ ਹੋਣ ਦੇ ਚਰਚੇ ਹਨ। ਭਾਜਪਾ ਉਮੀਦਵਾਰ ਦੇ ਹੱਕ ’ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮੇਤ ਵੱਡੀਆਂ ਸਿਆਸੀ ਤੋਪਾਂ ਨੇ ਪ੍ਰਚਾਰ ਕੀਤਾ ਹੈ। ਸਿਆਸੀ ਮੁਲਾਂਕਣ ਅਨੁਸਾਰ ਹਲਕੇ ਵਿੱਚ ਕਾਂਗਰਸ ਨੇ ਜਿੱਤਣ ਲਈ ਪੂਰੀ ਵਾਹ ਲਾਈ ਹੋਈ ਹੈ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਵੀ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਹਲਕੇ ਤੋਂ 1980 ,1985,1997, 2007 ਅਤੇ 2012 ਦੌਰਾਨ ਵਿਧਾਨ ਸਭਾ ਚੋਣ ਜਿੱਤੀ ਸੀ ਜਦੋਂਕਿ 1977, 2002 ਅਤੇ 2022 ’ਚ ਅਕਾਲੀ ਉਮੀਦਵਾਰ ਦੂਸਰੇ ਸਥਾਨ ਤੇ ਰਿਹਾ ਸੀ। ਜਿਕਰਯੋਗ ਇਹ ਵੀ ਹੈ ਕਿ ਕਈ ਚੋਣਾਂ ਦੌਰਾਨ ਅਕਾਲੀ ਉਮੀਦਵਾਰਾਂ ਨੂੰ ਪਈਆਂ ਵੋਟਾਂ ਦਾ ਪ੍ਰਤੀਸ਼ਤ ਕਾਫੀ ਵੱਡਾ ਰਿਹਾ ਹੈ।
ਇਸੇ ਤਰਾਂ ਕਾਂਗਰਸ ਪਾਰਟੀ ਤਰਨ ਤਾਰਨ ਹਲਕੇ ਚੋਂ 1972, 1992 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਜੇਤੂ ਰਹੀ ਹੈ ਜਦੋਂਕਿ ਸਾਲ 1980 , 1985 , 1997 ਤੇ 2007 ’ਚ ਦੂਸਰੇ ਅਤੇ ਐਮਰਜੰਸੀ ਖਤਮ ਹੋਣ ਤੋਂ ਬਾਅਦ 1977 ਤੋਂ ਇਲਾਵਾ, 2002 ਤੇ 2022 ਦੀਆਂ ਚੋਣਾਂ ਮੌਕੇ ਕਾਂਗਰਸੀ ਉਮੀਦਵਾਰ ਤੀਸਰੇ ਸਥਾਨ ਤੇ ਰਹੇ ਸਨ। ਹੁਣ ਤੱਕ ਜੋ ਸਿਆਸੀ ਤਸਵੀਰ ਉਭਰੀ ਹੈ, ਉਸ ਅਨੁਸਾਰ ਕਾਂਗਰਸ ਨੇ ਸਿਰ ਧੜ ਦੀ ਬਾਜੀ ਲਾਈ ਹੋਈ ਹੈ । ਰਾਜਾ ਵੜਿੰਗ ਦੇ ਬਿਆਨਾਂ ਦਾ ਸੰਕਟ ਹੋਣ ਦੇ ਬਾਵਜੂਦ ਕਾਂਗਰਸੀ ਉਮੀਦਵਾਰ ਹਾਲ ਦੀ ਘੜੀ ਸਿੱਧੇ ਮੁਕਾਬਲੇ ਵਿੱਚ ਜਾਪਦਾ ਹੈ। ਜਿਮਨੀ ਚੋਣ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਖਾਲਸਾ ਅਤੇ ਭਾਜਪਾ ਦੇ ਹਰਜੀਤ ਸਿੰਘ ਸੰਧੂ ਲਈ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਹੈ। ਭਾਜਪਾ ਨੂੰ ਪਿਛਲੇ ਦਿਨਾਂ ਦੌਰਾਨ ਉਭਾਰ ਮਿਲਿਆ ਹੈ ਅਤੇ ਵੱਡੀ ਗਿਣਤੀ ਵੋਟਰ ਖਾਲਸਾ ਦਾ ਹੱਥ ਵੀ ਉੱਪਰ ਦੱਸ ਰਹੇ ਹਨ।
ਸਿਆਸੀ ਮਾਹਿਰਾਂ ਦਾ ਕਹਿਣਾ ਸੀ ਕਿ ਇਹ ਜਿਮਨੀ ਚੋਣ ਇਤਿਹਾਸ ਰਚਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਤ ਕਿਸੇ ਧਿਰ ਦੀ ਝੋਲੀ ਵੀ ਪਵੇ ਹਲਕੇ ਦਾ ਰਾਜਸੀ ਨਕਸ਼ਾ ਨਵੀਂ ਇਬਾਰਤ ਲਿਖਣ ਦੀ ਤਿਆਰੀ ’ਚ ਜਾਪਦਾ ਹੈ। ਤਰਨ ਤਾਰਨ ਹਲਕਾ ਹਮੇਸ਼ਾ ਪੰਥਪ੍ਰਸਤੀ ਤੇ ਪਹਿਰਾ ਦੇਣ ਵਾਲਾ ਰਿਹਾ ਹੈ। ਜੇ ਇੱਥੋਂ ਪੰਥਕ ਧਿਰਾਂ ਨੇ ਜਿੱਤ ਦਰਜ ਕੀਤੀ ਤਾਂ ਪੰਜਾਬ ਵਿੱਚ ਇੱਕ ਵੱਖਰੀ ਹਵਾ ਚੱਲੇਗੀ ਇਸ ਤਰ੍ਹਾਂ ਦਾ ਆਮ ਪ੍ਰਭਾਵ ਪਾਇਆ ਜਾ ਰਿਹਾ ਹੈ। ਜੇਕਰ ਨਤੀਜਾ ਹਾਕਮ ਧਿਰ ਜਾਂ ਵਿਰੋਧੀ ਧਿਰਾਂ ਚੋਂ ਕਿਸੇ ਦੇ ਵੀ ਹੱਕ ’ਚ ਭੁਗਤਿਆ ਤਾਂ ਵੀ ਨਵੀਂ ਚਰਚਾ ਛਿੜੇਗੀ। ਸ਼ੁਰੂਆਤ ਵਿੱਚ ਕਿਹਾ ਜਾ ਰਿਹਾ ਸੀ ਕਿ ਸਿਰਫ ਚੋਣ ਹੋਣੀ ਹੈ ਪਰ ਹੁਣ ਚੋਣ ਨਜ਼ਾਰਾ ਨਿੱਤ ਨਵੇਂ ਸਿਆਸੀ ਰੰਗ ਦਿਖਾਉਣ ਲੱਗਿਆ ਹੈ। ਹਲਕੇ ਦਾ ਇੱਕ ਕਿਸਾਨ ਆਗੂ ਆਖਦਾ ਹੈ ਕਿ ‘ਇਤਿਹਾਸ ਰਚਾਂਗੇ’। ਜਦੋਂ ਪੁੱਛਿਆ ਕਿ ਉਹ ਕਿਵੇਂ ਤਾਂ ਜਵਾਬ ਸੀ ਕਿ 14 ਨਵੰਬਰ ਨੂੰ ਦੱਸਾਂਗੇ।
ਸ਼ਰਤਾਂ ਲੱਗਣ ਦੀ ਚਰਚਾ ਭਖੀ
ਪਤਾ ਲੱਗਿਆ ਹੈ ਕਿ ਜਿੱਤ ਹਾਰ ’ਤੇ ਸ਼ਰਤਾਂ ਲੱਗਣ ਦੀਆਂ ਤਿਆਰੀਆਂ ਹੋਣ ਦੀ ਚਰਚਾ ਵੀ ਭਖੀ ਹੈ। ਤਰਨ ਤਾਰਨ ਜਿਲ੍ਹੇ ਨੇ ਅਕਸਰ ਗਣਿਤ ਬਦਲੇ ਹਨ ਜਿਸ ਕਰਕੇ ਨਤੀਜਾ ਆਉਣ ਤੱਕ ਭੰਬਲਭੂਸਾ ਬਣਿਆ ਰਹਿ ਸਕਦਾ ਹੈ। ਲੋਕ ਆਖਦੇ ਹਨ ਕਿ ਜਿੱਤ-ਹਾਰ ਦਾ ਫਰਕ ਬਹੁਤ ਘੱਟ ਰਹਿਣ ਦੀ ਸੰਭਾਵਨਾ ਹੈ ਅਤੇ ਇੱਕ ਤਰਫਾ ਹੋਣ ਦੀ ਗੱਲ ਵੀ ਉੱਠੀ ਹੈ