ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਹਾਨ ਗੁਰਮਤਿ ਸਮਾਗਮ
ਬੰਗਾ 08 ਨਵੰਬਰ () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜੁੱਗੋ ਜੁੱਗ ਅਟੱਲ ਧੰਨ-ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 13 ਨਵੰਬਰ ਦਿਨ ਵੀਰਵਾਰ ਨੂੰ ਸਵੇਰੇ 9.00 ਵਜੇ ਤੋਂ ਦੁਪਹਿਰ 1.00 ਵਜੇ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ । ਇਹ ਜਾਣਕਾਰੀ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਮੀਡੀਆ ਨੂੰ ਪ੍ਰਦਾਨ ਕੀਤੀ । ਉਹਨਾਂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 13 ਨਵੰਬਰ, ਦਿਨ ਵੀਰਵਾਰ ਨੂੰ ਹਸਪਤਾਲ ਕੰਪਲੈਕਸ ਵਿਚ ਮਹਾਨ ਗੁਰਮਤਿ ਸਮਾਗਮ ਹੋ ਰਿਹਾ ਹੈ, ਜਿਸ ਵਿਚ ਭਾਈ ਜੁਝਾਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮ੍ਰਿੰਤਸਰ, ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਤੋਂ ਟਰੱਸਟ ਦੇ ਪ੍ਰਬੰਧ ਹੇਠਾਂ ਚੱਲਦੇ ਅਦਾਰਿਆਂ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਗੁਰੂ ਨਾਨਕ ਕਾਲਜ ਆਫ ਨਰਸਿੰਗ ਕਾਲਜ ਅਤੇ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਦੇ ਵਿਦਿਆਰਥੀ ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਜਾਵੇਗਾ । ਇਸ ਮੌਕੇ ਗਿਆਨੀ ਗੁਰਪ੍ਰੀਤ ਸਿੰਘ ਕਥਾ ਵਾਚਕ ਗੁਰਦੁਆਰਾ ਸ਼ਹੀਦ ਗੰਜ ਸ੍ਰੀ ਅਮ੍ਰਿੰਤਸਰ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ । ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ । ਮਹਾਨ ਗੁਰਮਤਿ ਸਮਾਗਮ ਦੀ ਜਾਣਕਾਰੀ ਦੇਣ ਮੌਕੇ ਭਾਈ ਜੋਗਾ ਸਿੰਘ ਅਤੇ ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਵੀ ਹਾਜ਼ਰ ਸਨ ।