ਦੀਪਇੰਦਰ ਸਿੰਘ ਢਿੱਲੋਂ ਨੇ ਐੱਮਪੀ ਕੋਟੇ ਦੀ ਗ੍ਰਾਂਟਾਂ ਨਾਲ ਹਲਕੇ ਦੇ ਪਿੰਡਾਂ 'ਚ ਵਿਕਾਸ ਕਾਰਜ ਸ਼ੁਰੂ ਕਰਵਾਏ 
ਮਲਕੀਤ ਸਿੰਘ ਮਲਕਪੁਰ 
ਲਾਲੜੂ 31 ਅਕਤੂਬਰ 2025: ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਵੱਲੋਂ ਅੱਜ ਹਲਕੇ ਦੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਐੱਮਪੀ ਕੋਟੇ ਵਿੱਚੋਂ ਗ੍ਰਾਂਟਾ ਵੰਡੀਆਂ ਗਈਆਂ। ਉਨ੍ਹਾਂ ਮੈਂਬਰ ਪਾਰਲੀਮੈਂਟ ਡਾ.ਧਰਮਵੀਰ ਗਾਂਧੀ ਦੇ ਨਿਰਦੇਸ਼ਾਂ 'ਤੇ ਹਲਕੇ ਦੇ ਪਿੰਡ ਸਿਓਲੀ ਨੂੰ ਦਸ ਲੱਖ ਸ਼ਮਸ਼ਾਨ ਘਾਟ ਦੇ ਗਰਾਉਂਡ, ਹਮਾਊਪੁਰ ਤਸਿੰਬਲੀ ਨੂੰ ਬਾਰਾਂ ਲੱਖ ਸਟੇਡੀਅਮ ਤੇ ਕਮਿਉਨਿਟੀ ਹਾਲ, ਜੌਲਾ ਕਲਾਂ ਨੂੰ ਪੰਜ ਲੱਖ ਗਲੀਆਂ ਲਈ, ਕੁਰਲੀ ਨੂੰ ਪੰਜ ਲੱਖ ਧਰਮਸ਼ਾਲਾ ਲਈ ਅਤੇ ਪਰਾਗਪੁਰ ਚ ਸ਼ਮਸ਼ਾਨ ਘਾਟ ਲਈ ਪੰਜ ਲੱਖ ਰੁਪਏ ਦੇ ਵਿਕਾਸ ਕੰਮ ਸ਼ੁਰੂ ਕਰਵਾਏ। ਇਸ ਮੌਕੇ ਦੀਪਇੰਦਰ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਸਾਢੇ ਤਿੰਨ ਸਾਲ ਦੇ ਵਿਚ ਹੀ ਹਰੇਕ ਵਰਗ ਨਿਰਾਸ਼ ਹੈ, ਜਿਸ ਉਮੀਦ ਨਾਲ ਲੋਕਾਂ ਨੇ ਇਸ ਪਾਰਟੀ ਦਾ ਸਾਥ ਦਿੱਤਾ ਸੀ, ਇਹ ਪਾਰਟੀ ਉਸ ਉਤੇ ਖਰੀ ਨਹੀਂ ਉਤਰੀ। ਉਨ੍ਹਾਂ ਕਿਹਾ ਪੂਰੇ ਪੰਜਾਬ ਵਿੱਚ ਕਿਤੇ ਵੀ ਕੋਈ ਡਿਵੈਲਪਮੈਂਟ ਦਾ ਕੰਮ ਇਹ ਸਰਕਾਰ ਨਹੀਂ ਕਰਵਾ ਸਕੀ। ਲੋਕਾਂ ਨੂੰ ਸਿਰਫ ਲਾਰਿਆਂ 'ਚ ਹੀ ਰੱਖਿਆ। ਹੁਣ ਤੱਕ ਇਹ ਸਰਕਾਰ ਕਾਂਗਰਸ ਸਮੇਂ ਦੇ ਫੰਡ ਹੀ ਵਰਤੋ ਰਹੀ ਹੈ। ਸ. ਢਿੱਲੋਂ ਨੇ ਕਿਹਾ ਉਨ੍ਹਾਂ ਕਾਂਗਰਸ ਸਰਕਾਰ ਸਮੇਂ ਹਲਕੇ ਵਿੱਚ ਕੰਮਾਂ ਦੀ ਕੋਈ ਕਸਰ ਨਹੀਂ ਛੱਡੀ ਅਤੇ ਹਲਕੇ ਵਿੱਚ ਨੇ ਸੜਕਾਂ ਦਾ ਜਾਲ ਵਿਛਾਇਆ । ਇਸ ਦੇ ਨਾਲ ਹੀ ਪਿੰਡਾਂ ਨੂੰ ਲੱਖਾਂ ਰੁਪਏ ਗਰਾਂਟ ਦਿੱਤੀ ਅਤੇ ਪੂਰੇ ਹਲਕੇ ਵਿੱਚ ਕਰੋੜਾਂ ਰੁਪਏ ਦੇ ਕੰਮ ਮੁਕੰਮਲ ਕਰਵਾਏ ।ਉਨ੍ਹਾਂ ਨੇ ਪੰਜਾਬ ਸਰਕਾਰ ਦੀ ਨਾਕਾਮੀ 'ਤੇ ਕਿਹਾ ਕਿ ਲੋਕ ਮੁੜ ਕਾਂਗਰਸ ਵੱਲ ਉਮੀਦ ਨਾਲ ਤੱਕ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਹਲਕੇ ਦੀਆਂ ਸੜਕਾਂ ਉੱਤੋਂ ਪੈਦਲ ਲੰਘਣਾ ਔਖਾ ਹੋਇਆ ਪਿਆ ਹੈ, ਪਰ ਸਰਕਾਰ ਪਤਾ ਨੀ ਕਿੱਥੇ ਸੁੱਤੀ ਪਈ ਹੈ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ ਫੁੱਟੀ ਕੌਡੀ ਨਹੀਂ ਦਿੱਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ, "2027 ਦੇ ਚੋਣਾਂ ਵਿੱਚ ਪੰਜਾਬ ਦੇ ਲੋਕ ਵੱਡਾ ਫੈਸਲਾ ਲੈਣਗੇ ਅਤੇ ਕਾਂਗਰਸ ਨੂੰ ਮੁੜ ਸਰਕਾਰ ਬਣਾਉਣ ਦਾ ਮੌਕਾ ਦੇਣਗੇ। ਇਸ ਮੌਕੇ ਬਲਾਕ ਪ੍ਰਧਾਨ ਕਰਨੈਲ ਸਿੰਘ, ਸਾਬਕਾ ਸਰਪੰਚ ਨੈਬ ਸਿੰਘ ਬਾਜਵਾ, ਸਾਬਕਾ ਸਰਪੰਚ ਕੁਲਦੀਪ ਸਿੰਘ, ਸਾਬਕਾ ਸਰਪੰਚ ਸੁਖਵੀਰ ਸਿੰਘ ਲਾਟੀ, ਜਿੰਦਰ ਸਿੰਘ ਤੁਰਕਾ,ਹੈਰੀ ਹੰਡੇਸਰਾ, ਮਨਪ੍ਰੀਤ ਸਿੰਘ ਕੁਰਲੀ, ਅਜਮੇਰ ਸਿੰਘ ਕੁਰਲੀ, ਵਿਨੋਦ ਸ਼ਰਮਾ, ਇੰਦਰਜੀਤ ਸਿੰਘ ਕੁਰਲੀ, ਬਲਜੀਤ ਸਿੰਘ ਕੁਰਲੀ, ਪ੍ਰਤਾਪ ਰਾਣਾ ਤੇ ਬਲਕਾਰ ਸਿੰਘ ਆਦਿ ਹਾਜ਼ਰ ਸਨ।