IOL Chemicals & Pharmaceuticals Ltd. ਵੱਲੋਂ ਪੰਜਾਬ ‘ਚ ₹1,400 ਕਰੋੜ ਦੀ ਨਿਵੇਸ਼ ਯੋਜਨਾ: ਸੰਜੀਵ ਅਰੋੜਾ
2,000 ਰੋਜ਼ਗਾਰ ਦੇ ਮੌਕੇ ਪੰਜਾਬੀਆਂ ਲਈ
ਚੰਡੀਗੜ੍ਹ, 30 ਅਕਤੂਬਰ 2025 –
ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਨੂੰ ਤੰਦਰੁਸਤ, ਖੁਸ਼ਹਾਲ ਤੇ ਭਵਿੱਖ-ਤਿਆਰ ਰਾਜ ਬਣਾਉਣ ਦੇ ਮਿਸ਼ਨ ਤਹਿਤ, ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ IOL Chemicals & Pharmaceuticals Ltd., ਜਿਸਦਾ ਸਾਲਾਨਾ ਟਰਨਓਵਰ ₹2300 ਕਰੋੜ ਹੈ, ਪੰਜਾਬ ਵਿੱਚ ₹1,400 ਕਰੋੜ ਦੀ ਵੱਡੀ ਨਿਵੇਸ਼ ਯੋਜਨਾ ਲੈ ਕੇ ਆ ਰਹੀ ਹੈ।
ਕੰਪਨੀ ਜ਼ਿਲ੍ਹਾ ਬਰਨਾਲਾ ਦੇ ਪਿੰਡ ਬਦਬੜ ਵਿੱਚ ਨਵਾਂ ਐਕਟਿਵ ਫਾਰਮਾਸਿਊਟੀਕਲ ਇੰਗ੍ਰੀਡੀਅਂਟ (API) ਮੈਨੂਫੈਕਚਰਿੰਗ ਪਲਾਂਟ ਸਥਾਪਿਤ ਕਰੇਗੀ, ਜਿਸ ਨਾਲ 2000 ਪੰਜਾਬੀਆਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ।
ਮੰਤਰੀ ਅਰੋੜਾ ਨੇ ਦੱਸਿਆ ਕਿ ਪ੍ਰੋਜੈਕਟ ਲਈ ਪਰਿਆਵਰਨਕ ਮਨਜ਼ੂਰੀ ਪ੍ਰਾਪਤ ਹੋ ਚੁੱਕੀ ਹੈ ਅਤੇ ਕੰਪਨੀ ਕੋਲ ਜ਼ਮੀਨ ਦੀ ਮਲਕੀਅਤ ਹੈ। IOL Chemicals & Pharmaceuticals Ltd. ਦੇਸ਼ ਦੀ ਪ੍ਰਮੁੱਖ API ਅਤੇ ਖਾਸ ਰਸਾਇਣਿਕ ਉਤਪਾਦਕ ਕੰਪਨੀਆਂ ਵਿੱਚੋਂ ਇੱਕ ਹੈ ਅਤੇ ਇਹ ਦੁਨੀਆ ਦੀ ਸਭ ਤੋਂ ਵੱਡੀ Ibuprofen ਨਿਰਮਾਤਾ ਵੀ ਹੈ।
ਉਹਨਾਂ ਨੇ ਅਗੇ ਦੱਸਿਆ ਕਿ ਕੰਪਨੀ ਦਾ ਪਹਿਲਾਂ ਤੋਂ ਹੀ ਫਤਿਹਗੜ੍ਹ ਚੰਨਾ (ਬਰਨਾਲਾ) ‘ਚ ਯੂਨਿਟ ਚੱਲ ਰਿਹਾ ਹੈ। ਇਸ ਨਵੇਂ ਨਿਵੇਸ਼ ਨਾਲ ਕੰਪਨੀ ਦਾ ਪੰਜਾਬ ਵਿੱਚ ਕੁੱਲ ਨਿਵੇਸ਼ ₹2,533 ਕਰੋੜ ਤੱਕ ਪਹੁੰਚ ਜਾਵੇਗਾ ਤੇ 3,100 ਲੋਕ ਉਨ੍ਹਾਂ ਦੇ ਯੂਨਿਟਾਂ ਵਿੱਚ ਕੰਮ ਕਰ ਰਹੇ ਹਨ।
ਇਹ ₹1,400 ਕਰੋੜ ਦਾ ਗ੍ਰੀਨਫੀਲਡ ਪ੍ਰੋਜੈਕਟ ਬਦਬੜ, ਬਰਨਾਲਾ ਵਿੱਚ API ਉਤਪਾਦਨ ਸਮਰੱਥਾ ਨੂੰ ਵਧਾਉਣ ਵੱਲ ਇੱਕ ਵੱਡਾ ਕਦਮ ਹੈ ਅਤੇ ਇਸ ਨਾਲ ਪੰਜਾਬ ਦਾ ਫਾਰਮਾਸਿਊਟੀਕਲ ਤੇ ਰਸਾਇਣਕ ਉਦਯੋਗਾਂ ਦਾ ਕੇਂਦਰ ਵਜੋਂ ਦਰਜਾ ਹੋਰ ਮਜ਼ਬੂਤ ਹੋਵੇਗਾ।
 ਅਰੋੜਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਵਿੱਚ ₹1.30 ਲੱਖ ਕਰੋੜ ਦਾ ਨਿਵੇਸ਼ ਹੋਇਆ ਹੈ, ਜਿਸ ਨਾਲ 5 ਲੱਖ ਰੋਜ਼ਗਾਰ ਦੇ ਮੌਕੇ ਸਿਰਜੇ ਗਏ ਹਨ।
ਇਸ ਮੌਕੇ IOL Chemicals & Pharmaceuticals Ltd. ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਵਰਿੰਦਰ ਗੁਪਤਾ ਅਤੇ ਇਨਵੈਸਟ ਪ੍ਰੋਮੋਸ਼ਨ ਦੇ CEO ਅਮਿਤ ਢੱਕਾ ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ