ਹੁਣ ਡਰਾਇੰਵਿੰਗ ਤੇ ਆਰ.ਸੀ. ਨਾਲ ਸਬੰਧਤ 56 ਸੇਵਾਵਾਂ ਲਈ ਆਰ.ਟੀ.ਓ. ਦਫਤਰ ਜਾਣ ਦੀ ਲੋੜ ਨਹੀਂ, ਸੇਵਾ ਕੇਂਦਰਾਂ ਰਾਹੀਂ ਮਿਲਣਗੀਆਂ ਇਹ ਸੇਵਾਵਾਂ
ਮੋਗਾ, 30 ਅਕਤੂਬਰ 2025- ਪੰਜਾਬ ਸਰਕਾਰ ਵੱਲੋਂ ਡਰਾਈਵਿੰਗ ਲਾਇਸੈਂਸ ਅਤੇ ਆਰ.ਸੀ. ਨਾਲ ਸਬੰਧਤ 56 ਸੇਵਾਵਾਂ ਨੂੰ ਸੇਵਾ ਕੇਂਦਰਾਂ ਰਾਹੀਂ ਮੁਹੱਈਆ ਕਰਵਾਇਆ ਜਾਵੇਗਾ। ਇਹ ਕਦਮ ਆਮ ਲੋਕਾਂ ਦੀ ਸਹੂਲਤ ਲਈ ਹੈ ਅਤੇ ਉਨ੍ਹਾਂ ਨੂੰ ਅਰਜ਼ੀਆਂ ਦੇਣ ਲਈ ਸਾਫ਼ ਅਤੇ ਪਾਰਦਰਸ਼ੀ ਨੀਤੀ ਪ੍ਰਦਾਨ ਕਰਦਾ ਹੈ। ਲੋਕ ਇਨ੍ਹਾਂ ਸੇਵਾਵਾਂ ਲਈ ਸੇਵਾ ਕੇਂਦਰਾਂ ਵਿੱਚ ਅਰਜ਼ੀ ਦੇ ਸਕਦੇ ਹਨ, ਇਸ ਨਾਲ ਆਰਟੀਓ ਦਫ਼ਤਰ ਜਾਣ ਦੀ ਜ਼ਰੂਰਤ ਨਹੀਂ ਹੈ। ਉਹ ਕਿਸੇ ਵੀ ਸੇਵਾ ਕੇਂਦਰ ਰਾਹੀਂ ਅਰਜ਼ੀ ਦੇ ਸਕਦੇ ਹਨ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਰ.ਟੀ.ਓ. ਮੋਗਾ ਮਿਸ ਤੁਸ਼ਿਤਾ ਗੁਲਾਟੀ ਨੇ ਕੀਤਾ। ਉਹਨਾਂ ਦੱਸਿਆ ਕਿ ਆਰਟੀਓ ਦਫ਼ਤਰ ਨੇ ਲੋਕਾਂ ਨੂੰ ਸੇਵਾ ਕੇਂਦਰ ਰਾਹੀਂ ਅਰਜ਼ੀ ਦੇਣ ਲਈ ਉਤਸ਼ਾਹਿਤ ਕਰਨ ਲਈ ਇੱਕ ਹੈਲਪਡੈਸਕ ਸਥਾਪਤ ਕੀਤਾ ਹੈ। ਉਹਨਾਂ ਕਿਹਾ ਕਿ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਨੂੰ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸੇਵਾਵਾਂ ਦੀ ਟ੍ਰੇਨਿੰਗ ਮੁਹੱਈਆ ਕਰਵਾ ਦਿੱਤੀ ਗਈ ਹੈ। ਟ੍ਰੇਨਿੰਗ ’ਚ ਲਰਨਿੰਗ ਲਾਇਸੈਂਸ, ਲਰਨਿੰਗ ਤੋਂ ਪੱਕਾ ਲਾਇਸੈਂਸ ਬਣਾਉਣ, ਬਿਨੈਕਾਰ ਦੀ ਫੋਟੋ ਕੈਪਚਰ ਕਰਨ ਤੇ ਵਾਹਨਾਂ ਦੀ ਫਿਟਨੈੱਸ ਸਬੰਧੀ ਸਾਰੇ ਪ੍ਰਕਿਰਿਆਵਾਂ ਦੀ ਸਿਖਲਾਈ ਦਿੱਤੀ ਗਈ ਹੈ। ਸਰਕਾਰ ਵੱਲੋਂ ਇਸ ਸਬੰਧੀ 1076 ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੋਇਆ ਹੈ ਜਿਸ ਉੱਪਰ ਕਾਲ ਕਰਨ ਤੋਂ ਬਾਅਦ ਆਰ.ਟੀ.ਓ. ਦਫਤਰ ਨਾਲ ਸਬੰਧਤ ਹਰੇਕ ਪ੍ਰਕਾਰ ਦੀ ਸਹਾਇਤਾ ਨਾਗਰਿਕ ਨੂੰ ਮੁਹੱਈਆ ਕਰਵਾਈ ਜਾਵੇਗੀ।