ਐਚਐਮਈਐਲ ਨੇ ਪੰਜਾਬ-ਹਰਿਆਣਾ ਸਰਹੱਦ ਨਾਲ ਲੱਗਦੇ 29 ਪਿੰਡਾਂ ਵਿੱਚ ਖੋਹਲੇ ਆਧੁਨਿਕ ਜਿਮ
 ਅਸ਼ੋਕ ਵਰਮਾ 
ਬਠਿੰਡਾ 31 ਅਕਤੂਬਰ 2025 : ਪੰਜਾਬ-ਹਰਿਆਣਾ ਦੀ ਸਰਹੱਦੀ ਪੱਟੀ ਦੇ ਪਿੰਡਾਂ ‘ਚ ਨਸ਼ੇ ਦੀ ਲਤ ਤੋਂ ਬਚਾਉਣ ਅਤੇ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਨ ਲਈ ਐਚਐਮਈਐਲ ਵੱਲੋਂ ਕੀਤੀ ਗਈ ਸ਼ੁਰੂਆਤ ਹੁਣ ਰੰਗ ਲਿਆਉਣ ਲੱਗੀ ਹੈ। ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਆਲੇ ਦੁਆਲੇ ਦੇ ਲਗਭਗ 29 ਸਰਹੱਦੀ ਪਿੰਡਾਂ ‘ਚ ਖੋਲ੍ਹੇ ਗਏ ਆਧੁਨਿਕ ਜਿਮ ਹੁਣ ਪਿੰਡਾਂ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਕੇ ਤੰਦਰੁਸਤੀ ਵੱਲ ਮੋੜ ਰਹੇ ਹਨ। ਇਸ ਵੇਲੇ ਲਗਭਗ 500 ਤੋਂ ਵੱਧ ਨੌਜਵਾਨ ਇਨ੍ਹਾਂ ਜਿਮਾਂ ‘ਚ ਰੋਜ਼ਾਨਾ ਕਸਰਤ ਕਰਦੇ ਹੋਏ ਸਿਹਤਮੰਦ ਜੀਵਨਸ਼ੈਲੀ ਨੂੰ ਅਪਣਾ ਰਹੇ ਹਨ। ਇਹ ਜਤਨ ਐਚਐਮਈਐਲ ਦੀ ਪਹਿਲ ਅਤੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਤੇ ਨੌਜਵਾਨਾਂ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ। ਇਸ ਉਪਰਾਲੇ ਨੇ ਨਾ ਸਿਰਫ਼ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਹੈ, ਸਗੋਂ ਪਿੰਡਾਂ ‘ਚ ਕਮਿਊਨਟੀ ਯੋਗਦਾਨ ਅਤੇ ਆਪਸੀ ਭਰਾਵੇ ਦੀ ਭਾਵਨਾ ਨੂੰ ਵੀ ਮਜ਼ਬੂਤ ਕੀਤਾ ਹੈ। ਹੁਣ ਕਈ ਨੌਜਵਾਨ  ਪੁਲਿਸ ਜਾਂ ਫੌਜ ਵਿੱਚ ਭਰਤੀ ਦੀ ਤਿਆਰੀ ਕਰ  ਰਹੇ ਹਨ।
ਕਈ ਪਿੰਡ ਕਮਿਊਨਟੀ ਕੰਟ੍ਰੀਬਿਊਸ਼ਨ ਦੀ ਮਿਸਾਲ ਬਣੇ ਹਨ, ਜਿੱਥੇ ਨੌਜਵਾਨਾਂ ਨੇ ਆਪਣੀ ਨਿੱਜੀ ਬਚਤ ਨਾਲ ਕਮਰੇ ਬਣਵਾ ਕੇ ਐਚਐਮਈਐਲ ਵੱਲੋਂ ਦਿੱਤੇ ਜਿਮ ਸਾਮਾਨ ਨਾਲ ਇਨ੍ਹਾਂ ਨੂੰ ਤਿਆਰ ਕੀਤਾ। ਪਿੰਡ ਬੰਗੀ ਰੂਘੂ ਇਸਦਾ ਪ੍ਰਮੁੱਖ ਉਦਾਹਰਣ ਹੈ। ਇੱਥੇ ਦੇ ਨੌਜਵਾਨਾਂ ਨੇ ਆਪਣੀ ਜੇਬ ‘ਚੋਂ ਲਗਭਗ 4 ਲੱਖ ਰੁਪਏ ਇਕੱਠੇ ਕਰਕੇ 46 ਦਿਨਾਂ ਦੀ ਮਿਹਨਤ ਨਾਲ ਜਿਮ ਲਈ ਕਮਰਾ ਤਿਆਰ ਕੀਤਾ। ਐਚਐਮਈਐਲ ਵੱਲੋਂ ਬਾਅਦ ਵਿੱਚ ਆਧੁਨਿਕ ਜਿਮ ਸਾਮਾਨ ਮੁਹੱਈਆ ਕਰਵਾਇਆ ਗਿਆ। ਹੁਣ ਇੱਥੇ ਦੇ ਕਈ ਨੌਜਵਾਨ ਫੌਜ ਤੇ ਪੁਲਿਸ ਦੀ ਤਿਆਰੀ ਕਰ ਰਹੇ ਹਨ।
ਇਸੇ ਤਰ੍ਹਾਂ ਪਿੰਡ ਬੰਗੀ ਦੀਪਾ ‘ਚ ਵੀ ਇੱਕ ਪ੍ਰੇਰਕ ਮਿਸਾਲ ਦੇਖਣ ਨੂੰ ਮਿਲੀ। ਪਿੰਡ ਦੇ ਸਰਪੰਚ ਪਤੀ ਗੋਪਾਲ ਸਿੰਘ ਨੇ ਦੱਸਿਆ ਕਿ ਪੰਚਾਇਤ, ਪਿੰਡ ਵਾਸੀਆਂ ਅਤੇ ਵਿਦੇਸ਼ ਰਹਿੰਦੇ ਐਨਆਰਆਈਜ਼ ਦੀ ਸਹਾਇਤਾ ਨਾਲ ਲਗਭਗ 14 ਲੱਖ ਰੁਪਏ ਇਕੱਠੇ ਕਰਕੇ ਪਿੰਡ ‘ਚ ਜਿਮ ਇਮਾਰਤ ਬਣਾਈ ਗਈ। ਐਚਐਮਈਐਲ ਨੇ ਇਸ ਇਮਾਰਤ ਲਈ ਜਿਮ ਸਾਮਾਨ ਮੁਹੱਈਆ ਕਰਵਾਇਆ। ਹੁਣ ਕਈ ਨੌਜਵਾਨ ਜਿਹੜੇ ਪਹਿਲਾਂ ਨਸ਼ੇ ਦੀ ਲਪੇਟ ‘ਚ ਸਨ, ਉਹ ਵਾਪਸ ਸਿਹਤ ਵੱਲ ਮੁੜ ਰਹੇ ਹਨ। ਇੱਥੇ 10–12 ਨੌਜਵਾਨ ਫੌਜ ਤੇ ਪੁਲਿਸ ਲਈ ਤਿਆਰੀ ਕਰ ਰਹੇ ਹਨ।
ਪਿੰਡ ਮਲਕਾਣਾ ਦੇ ਕਈ ਸੇਵਾਮੁਕਤ ਸੈਨਿਕ ਨੌਜਵਾਨ ਵੀ ਇਸ ਯਤਨ ਨਾਲ ਜੁੜ ਗਏ ਹਨ ਤੇ ਹੋਰ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੇ ਹਨ। ਇਸ ਮਿਲੀਜੁਲੀ ਕੋਸ਼ਿਸ਼ ਨਾਲ ਪਿੰਡਾਂ ‘ਚ ਸਿਹਤ ਪ੍ਰਤੀ ਜਾਗਰੂਕਤਾ ਦੇ ਨਾਲ ਭਰਾਵੇ ਦਾ ਮਾਹੌਲ ਵੀ ਬਣ ਰਿਹਾ ਹੈ। ਹਰਿਆਣਾ ਸਰਹੱਦ ਨਾਲ ਲੱਗਦੇ ਪਿੰਡ ਤਿਗੜੀ ਦੀ ਪੰਚਾਇਤ ਨੇ ਜਿਮ ਲਈ ਪੰਚਾਇਤ ਭਵਨ ‘ਚ ਜਗ੍ਹਾ ਦਿੱਤੀ ਹੈ। ਪਿੰਡ ਦੇ ਸਰਪੰਚ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਜਿਮ ਖੁਲ੍ਹਣ ਤੋਂ ਬਾਅਦ ਨੌਜਵਾਨਾਂ ‘ਚ ਇੱਕ ਨਵਾਂ ਜੋਸ਼ ਤੇ ਸਕਾਰਾਤਮਕ ਬਦਲਾਅ ਆਇਆ ਹੈ। ਹੁਣ ਉਹ ਆਪਣਾ ਖਾਲੀ ਸਮਾਂ ਵਿਅਰਥ ਗਵਾਉਣ ਦੀ ਬਜਾਏ ਸਿਹਤ ‘ਤੇ ਖਰਚ ਕਰ ਰਹੇ ਹਨ।ਪਹਿਲਾਂ ਇਨ੍ਹਾਂ ਪਿੰਡਾਂ ਦੇ ਨੌਜਵਾਨਾਂ ਨੂੰ ਰਾਮਾ ਜਾਂ ਕਾਲਾਂਵਾਲੀ ਵਿੱਚ ਦੂਰ ਤੱਕ ਜਿਮ ਜਾਣਾ ਪੈਂਦਾ ਸੀ, ਪਰ ਹੁਣ ਉਨ੍ਹਾਂ ਦੇ ਆਪਣੇ ਪਿੰਡਾਂ ‘ਚ ਹੀ ਆਧੁਨਿਕ ਜਿਮ ਸਹੂਲਤ ਉਪਲਬਧ ਹੈ। ਇਨ੍ਹਾਂ ਜਿਮਾਂ ਦਾ ਸੰਚਾਲਨ ਪਿੰਡਾਂ ਦੇ ਯੂਥ ਕਲੱਬਾਂ ਅਤੇ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ, ਜਿਸ ਨਾਲ ਪਿੰਡਾਂ ‘ਚ ਨਸ਼ੇ ਦੀ ਪ੍ਰਵਿਰਤੀ ਘਟ ਰਹੀ ਹੈ ।