ਸਿਹਤ ਮੰਤਰੀ ਵੱਲੋਂ ਸਰਕਾਰੀ ਸਿਹਤ ਸਹੂਲਤਾਂ ਵਿਖੇ ਗੰਭੀਰ ਦੇਖਭਾਲ ਯੂਨਿਟਾਂ ਵਿੱਚ ਨਿਰਵਿਘਨ ਆਕਸੀਜਨ ਅਤੇ ਬਿਜਲੀ ਬੈਕਅੱਪ ਰੱਖਣ ਦੇ ਨਿਰਦੇਸ਼
— ਕਿਸੇ ਵੀ ਮਰੀਜ਼ ਨੂੰ ਜ਼ਰੂਰੀ ਦਵਾਈਆਂ ਤੋਂ ਇਨਕਾਰ ਨਹੀਂ ਕੀਤਾ ਜਾਣਾ ਚਾਹੀਦਾ; ਸਰਕਾਰ ਕੋਲ 368 ਦਵਾਈਆਂ ਦਾ ਲੋੜੀਂਦਾ ਸਟਾਕ ਉਪਲੱਬਧ: ਡਾ. ਬਲਬੀਰ ਸਿੰਘ
— ਓਪੀਡੀ ਮਰੀਜ਼ਾਂ ਨੂੰ ਰਜਿਸਟ੍ਰੇਸ਼ਨ ਦੇ ਇੱਕ ਘੰਟੇ ਦੇ ਅੰਦਰ ਇਲਾਜ ਮੁਹੱਈਆ ਕਰਵਾਇਆ ਜਾਵੇ: ਸਿਹਤ ਮੰਤਰੀ
ਚੰਡੀਗੜ੍ਹ, 29 ਜੁਲਾਈ 2025 - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਦੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਫੈਸਲਾਕੁੰਨ ਕਦਮ ਚੁੱਕਦਿਆਂ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸੂਬੇ ਦੀਆਂ ਸਾਰੀਆਂ ਸਰਕਾਰੀ ਸਿਹਤ ਸਹੂਲਤਾਂ ਵਿੱਚ ਆਈ.ਸੀ.ਯੂ., ਆਪ੍ਰੇਸ਼ਨ ਥੀਏਟਰ (ਓ.ਟੀ.) ਅਤੇ ਐਮਰਜੈਂਸੀ ਵਾਰਡਾਂ ਸਮੇਤ ਸਾਰੀਆਂ ਮਹੱਤਵਪੂਰਨ ਦੇਖਭਾਲ ਇਕਾਈਆਂ ਵਿੱਚ ਨਿਰਵਿਘਨ ਆਕਸੀਜਨ ਸਪਲਾਈ ਅਤੇ ਬਿਜਲੀ ਬੈਕਅੱਪ ਨੂੰ ਯਕੀਨੀ ਬਣਾਉਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ।
ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨਾਲ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਡਾ. ਬਲਬੀਰ ਸਿੰਘ ਨੇ ਜੀਵਨ ਰੱਖਿਅਕ ਡਾਕਟਰੀ ਸੇਵਾਵਾਂ ਵਿੱਚ ਕਿਸੇ ਵੀ ਰੁਕਾਵਟ ਨੂੰ ਰੋਕਣ ਲਈ ਦਿਨ-ਰਾਤ ਆਕਸੀਜਨ ਦੀ ਉਪਲਬਧਤਾ, ਕਾਰਜਸ਼ੀਲ ਯੂਪੀਐਸ ਪ੍ਰਣਾਲੀਆਂ ਅਤੇ ਮੁਕੰਮਲ ਤੌਰ ‘ਤੇ ਕਾਰਜਸ਼ੀਲ ਜਨਰੇਟਰ ਸੈੱਟਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਸਿਹਤ ਮੰਤਰੀ ਨੇ ਦਵਾਈਆਂ ਦੀ ਸਪਲਾਈ ਸਬੰਧੀ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਸਿਵਲ ਸਰਜਨਾਂ ਨੂੰ ਸਾਰੀਆਂ 368 ਕਿਸਮਾਂ ਦੀਆਂ ਜ਼ਰੂਰੀ ਦਵਾਈਆਂ ਦਾ ਘੱਟੋ-ਘੱਟ ਇੱਕ ਮਹੀਨੇ ਦਾ ਬਫਰ ਸਟਾਕ ਰੱਖਣ ਦੇ ਨਿਰਦੇਸ਼ ਦਿੱਤੇ ਅਤੇ ਜ਼ਰੂਰੀ ਦਵਾਈਆਂ ਦੀ ਕਿਸੇ ਵੀ ਕਮੀ ਵਿਰੁੱਧ ਚੇਤਾਵਨੀ ਦਿੱਤੀ। ਉਨ੍ਹਾਂ ਐਲਾਨ ਕੀਤਾ, "ਕਿਸੇ ਵੀ ਮਰੀਜ਼ ਲਈ ਹਸਪਤਾਲ ਤੋਂ ਬਾਹਰੋਂ ਕੋਈ ਦਵਾਈ ਨਹੀਂ ਲਿਖੀ ਜਾਣੀ ਚਾਹੀਦੀ।" ਉਨ੍ਹਾਂ ਨੇ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਮੁਫ਼ਤ ਅਤੇ ਪਹੁੰਚਯੋਗ ਸਿਹਤ ਸੰਭਾਲ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਸੀਨੀਅਰ ਮੈਡੀਕਲ ਅਫ਼ਸਰਾਂ (ਐਸਐਮਓਜ਼) ਨੂੰ ਆਪਣੀ ਜ਼ਰੂਰਤ ਅਨੁਸਾਰ ਕੋਈ ਵੀ ਗੈਰ-ਜ਼ਰੂਰੀ ਦਵਾਈ ਖਰੀਦਣ ਦਾ ਅਧਿਕਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਲਣਾ ਨਾ ਕਰਨ ਵਾਲੇ ਮੈਡੀਕਲ ਅਫ਼ਸਰ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਵਾਈ ਵੰਡ ਪ੍ਰਣਾਲੀ ਅਤੇ ਸਮੁੱਚੇ ਮਰੀਜ਼ਾਂ ਦੇ ਤਜ਼ਰਬੇ ਵਿੱਚ ਵਾਧਾ ਕਰਨ ਲਈ, ਸਿਵਲ ਸਰਜਨਾਂ ਅਤੇ ਐਸਐਮਓਜ਼ ਨੂੰ ਰੋਜ਼ਾਨਾ ਓਪੀਡੀ ਦਾ ਦੌਰਾ ਕਰਨ ਅਤੇ ਮਰੀਜ਼ਾਂ ਦੀ ਫੀਡਬੈਕ ਲੈਣ ਦੇ ਨਿਰਦੇਸ਼ ਵੀ ਦਿੱਤੇ ਗਏ।
ਮਰੀਜ਼ਾਂ ਦੀ ਸੰਤੁਸ਼ਟੀ ਵਿੱਚ ਹੋਰ ਵਾਧਾ ਕਰਨ ਲਈ, ਡਾ. ਬਲਬੀਰ ਸਿੰਘ ਨੇ ਸਿਵਲ ਸਰਜਨਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਰਜਿਸਟ੍ਰੇਸ਼ਨ ਦੇ ਇੱਕ ਘੰਟੇ ਦੇ ਅੰਦਰ-ਅੰਦਰ ਆਊਟਪੇਸ਼ੈਂਟ ਵਿਭਾਗ (ਓਪੀਡੀ) ਸੇਵਾਵਾਂ ਪ੍ਰਦਾਨ ਕੀਤੀਆਂ ਜਾਣ।
ਗੰਭੀਰ ਦੇਖਭਾਲ ਸਮਰੱਥਾਵਾਂ ਵਿੱਚ ਵਾਧਾ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਚੁੱਕਦਿਆਂ, ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਹਰੇਕ ਡਾਕਟਰ ਅਤੇ ਪੈਰਾਮੈਡਿਕ, ਜਿਸ ਵਿੱਚ ਸਟਾਫ ਨਰਸਾਂ ਵੀ ਸ਼ਾਮਲ ਹਨ, ਨੂੰ ਗੰਭੀਰ ਦੇਖਭਾਲ ਅਤੇ ਐਡਵਾਂਸਡ ਲਾਈਫ ਸਪੋਰਟ ਵਿੱਚ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਨੇ ਹਰੇਕ ਸਿਵਲ ਸਰਜਨ ਨੂੰ ਮਿਲੇਨੀਅਮ ਡਿਵੈਲਪਮੈਂਟ ਟੀਚਿਆਂ ਦੇ ਮੁਕਾਬਲੇ ਆਪਣੇ ਜ਼ਿਲ੍ਹੇ ਦੀ ਸਿਹਤ ਸਥਿਤੀ ਪੇਸ਼ ਕਰਨ ਲਈ ਵੀ ਕਿਹਾ, ਤਾਂ ਜੋ ਵਿਭਾਗ ਬਿਹਤਰ ਪ੍ਰਗਤੀ ਲਈ ਟੀਚੇ ਨਿਰਧਾਰਤ ਕਰ ਸਕੇ।
ਸਿਹਤ ਮੰਤਰੀ ਨੇ ਸਿਵਲ ਸਰਜਨਾਂ ਨੂੰ ਵਿਭਾਗ ਦੇ ਮਾਸ ਐਜੂਕੇਸ਼ਨ ਅਤੇ ਮੀਡੀਆ ਵਿੰਗ ਦਾ ਲਾਭ ਉਠਾਉਣ ਲਈ ਕਿਹਾ ਤਾਂ ਜੋ "ਫਰਿਸ਼ਤੇ" ਸਕੀਮ ਅਤੇ ਸੂਬੇ ਭਰ ਦੇ ਆਮ ਆਦਮੀ ਕਲੀਨਿਕਾਂ ਵਿੱਚ ਐਂਟੀ-ਰੈਟਰੋਵਾਇਰਲ (ਏਆਰਵੀ) ਦਵਾਈਆਂ ਦੀ ਉਪਲਬਧਤਾ ਬਾਰੇ ਵਿਆਪਕ ਜਾਗਰੂਕਤਾ ਪੈਦਾ ਕੀਤੀ ਜਾ ਸਕੇ।
ਸਿਹਤ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਵਿਭਾਗ ‘ਚ ਲਗਭਗ ਇੱਕ ਹਜ਼ਾਰ ਨਵੇਂ ਡਾਕਟਰ ਸ਼ਾਮਲ ਹੋ ਜਾਣਗੇ ਕਿਉਂਕਿ ਇਹਨਾਂ ਡਾਕਟਰਾਂ ਦੀ ਭਰਤੀ ਪ੍ਰਕਿਰਿਆ ਮੁਕੰਮਲ ਹੋਣ ਵਾਲੀ ਹੈ ਜਿਸ ਨਾਲ ਸਿਹਤ ਸੇਵਾਵਾਂ ਦੀ ਗੁਣਵੱਤਾ ਵਿੱਚ ਕਾਫ਼ੀ ਸੁਧਾਰ ਹੋਵੇਗਾ।
ਇਸ ਮੌਕੇ ਚੇਅਰਮੈਨ ਪੀਐਚਐਸਸੀ ਰਮਨ ਬਹਿਲ, ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ, ਮੈਂਬਰ ਪੰਜਾਬ ਵਿਕਾਸ ਕਮਿਸ਼ਨ ਅਨੁਰਾਗ ਕੁੰਡੂ, ਵਿਸ਼ੇਸ਼ ਸਕੱਤਰ ਸਿਹਤ-ਕਮ-ਐਮਡੀ ਐਨਐਚਐਮ ਘਣਸ਼ਿਆਮ ਥੋਰੀ, ਐਮਡੀ ਪੀਐਚਐਸਸੀ ਅਮਿਤ ਤਲਵਾੜ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਡਾਇਰੈਕਟਰ ਪਰਿਵਾਰ ਭਲਾਈ ਡਾ. ਜਸਮਿੰਦਰ, ਡਾਇਰੈਕਟਰ ਈਐਸਆਈ ਡਾ. ਜਸਪ੍ਰੀਤ ਕੌਰ, ਡਾਇਰੈਕਟਰ ਪੀਐਚਐਸਸੀ ਡਾ. ਅਨਿਲ ਗੋਇਲ, ਡਾਇਰੈਕਟਰ (ਪ੍ਰੋਕਿਊਰਮੈਂਟ) ਪੀਐਚਐਸਸੀ ਡਾ. ਪਵਨਪ੍ਰੀਤ ਕੌਰ, ਡਿਪਟੀ ਡਾਇਰੈਕਟਰ ਵੀ ਮੌਜੂਦ ਸਨ।