ਬੁੱਢਾ ਦਲ ਦੇ ਮੁਖੀ ਬਾਬਾ ਸਾਹਿਬ ਸਿੰਘ ਕਲਾਧਾਰੀ ਦੀ ਬਰਸੀ ਸਬੰਧੀ ਸਮਾਗਮ ਅੱਜ
ਤਲਵੰਡੀ ਸਾਬੋ:- 29 ਜੁਲਾਈ 2025 - ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਬੁੱਢਾ ਦਲ ਦੇ ਗਿਆਰਵੇਂ ਜਥੇਦਾਰ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਕਲਾਧਾਰੀ ਦੀ 83ਵੀਂ ਸਲਾਨਾ ਬਰਸੀ ਸਬੰਧੀ ਮੁਖ ਧਾਰਮਿਕ ਸਮਾਗਮ ਅੱਜ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਸੁਯੋਗ ਅਗਵਾਈ ਨਿਰਦੇਸ਼ਨਾ ਤਹਿਤ, ਸ਼੍ਰੋਮਣੀ ਪੰਥ ਬੁੱਢਾ ਦਲ ਦੇ ਮੁੱਖ ਅਸਥਾਨ ਗੁ: ਬੇਰ ਸਾਹਿਬ ਦੇਗਸਰ, ਛਾਉਣੀ ਨਿਹੰਗ ਸਿੰਘਾਂ ਵਿਖੇ ਪਰਸੋਂ ਰੋਜ਼ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ਹੋਏ ਸ੍ਰੀ ਆਖੰਡ ਪਾਠ ਸਾਹਿਬ ਦਾ ਭੋਗ ਪਵੇਗਾ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਉਪਰੰਤ ਧਾਰਮਿਕ ਸਮਾਗਮ ਹੋਣਗੇ ਜਿਸ ਵਿੱਚ ਸੰਪਰਦਾਵਾਂ ਸੰਸਥਾਵਾਂ ਦੇ ਮੁਖੀ, ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਸਾਹਿਬਾਨ ਸ਼ਮੂਲੀਅਤ ਕਰਨਗੇ। ਪੰਥ ਪ੍ਰਸਿੱਧ ਰਾਗੀ, ਢਾਡੀ, ਪ੍ਰਚਾਰਕ ਸਾਹਿਬਾਨ ਸੰਗਤਾਂ ਨੂੰ ਗੁਰਬਾਣੀ ਰਸ ਨਾਲ ਨਿਹਾਲ ਕਰਨਗੇ। ਬਾਬਾ ਮਨਮੋਹਣ ਸਿੰਘ ਬਾਰਨਵਾਲੇ, ਸੰਤ ਬਾਬਾ ਜੋਗਾ ਸਿੰਘ ਨਾਨਕਸਰ ਕਰਨਾਲ ਵਾਲੇ ਗੁਰਮਤਿ ਤੇ ਇਤਿਹਾਸਕ ਵਿਖਿਆਨਾ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਉਨਾਂ ਦੱਸਿਆ ਕਿ ਬੁੱਢਾ ਦਲ ਵੱਲੋਂ ਜਿੱਥੇ ਅੰਮ੍ਰਿਤ ਸੰਚਾਰ ਹੋਵੇਗਾ ਉੱਥੇ ਨਿਹੰਗ ਸਿੰਘਾਂ ਦੇ ਲਾਇਸੰਸ ਨਵੇਂ ਬਣਾਏ ਅਤੇ ਰਿਨੀਊ ਕੀਤੇ ਜਾਣਗੇ।