ਮਮਤਾ ਦਿਵਸ: ਗਰਮੀਆਂ ਦੌਰਾਨ ਗਰਭਵਤੀ ਔਰਤਾਂ ਨੂੰ ਸਾਵਧਾਨੀਆਂ ਵਰਤਣ ਦਾ ਸੱਦਾ
ਅਸ਼ੋਕ ਵਰਮਾ
ਨਥਾਣਾ, 12 ਜੂਨ 2025: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਬਠਿੰਡਾ ਡਾ. ਰਮਨਦੀਪ ਸਿੰਗਲਾ ਦੇ ਹੁਕਮਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਮਮਤਾ ਦਿਵਸ ਮੌਕੇ ਸਮੁਦਾਇਕ ਸਿਹਤ ਕੇਂਦਰ ਨਥਾਣਾ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਗਰਭਵਤੀ ਔਰਤਾਂ ਨੂੰ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਗਈ। ਇਸ ਮੌਕੇ ਮਾਹਿਰਾਂ ਨੇ ਜਾਣਕਾਰੀ ਦਿੱਤੀ ਕਿ ਗਰਮੀ ਦੌਰਾਨ ਗਰਭਵਤੀ ਔਰਤਾਂ ਨੂੰ ਪੀਣ ਵਾਲੇ ਪਾਣੀ ਦੀ ਮਾਤਰਾ ਵਧਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਲੂ ਲੱਗਣ ਤੋਂ ਬਚਣ ਲਈ ਸਿੱਧੀ ਧੁੱਪ ਤੋਂ ਬਚਣਾ ਚਾਹੀਦਾ ਹੈ। ਨਰਮ ਕਪੜੇ ਪਾਉਣ, ਹਲਕੀ ਤੇ ਪੋਸ਼ਟਿਕ ਖੁਰਾਕ ਲੈਣ ਅਤੇ ਆਰਾਮ ਕਰਨ ਦੀ ਸਲਾਹ ਦਿੱਤੀ ਗਈ।
ਡਾ. ਅਰੀਨਾ ਬਾਂਸਲ ਨੇ ਦੱਸਿਆ ਕਿ ਇਸ ਜਾਗਰੂਕਤਾ ਦਾ ਮਕਸਦ ਮਾਂ ਅਤੇ ਬੱਚੇ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ ਤਾਂ ਜੋ ਗਰਭ ਅਵਸਥਾ ਦੌਰਾਨ ਕੋਈ ਵੀ ਜਟਿਲਤਾ ਨਾ ਆ ਸਕੇ। ਉਨ੍ਹਾਂ ਕਿਹਾ ਕਿ ਗਰਮੀ ਲੱਗਣ ਦੇ ਲੱਛਣ ਨਜ਼ਰ ਆਉਣ ਉਪਰੰਤ ਜਿਵੇਂ ਅੱਖਾਂ ਦੇ ਸਾਹਮਣੇ ਹਨੇਰਾ, ਚੱਕਰ ਖਾ ਕੇ ਡਿੱਗ ਪੈਣਾ, ਬੇਚੈਨੀ ਅਤੇ ਘਬਰਾਹਟ, ਹਲਕਾ ਜਾਂ ਤੇਜ਼ ਬੁਖਾਰ, ਲੋੜ ਤੋਂ ਜ਼ਿਆਦਾ ਪਿਆਸ ਲੱਗਣਾ, ਸਿਰ ਵਿਚ ਤੇਜ਼ ਦਰਦ ਅਤੇ ਉਲਟੀਆਂ ਆਉਣਾ, ਕਮਜ਼ੋਰੀ ਮਹਿਸੂਸ ਹੋਣਾ, ਗਰਮੀ ਦੇ ਬਾਵਜੂਦ ਪਸੀਨਾ ਘੱਟ ਆਉਣਾ, ਮਾਸ਼ ਪੇਸ਼ੀਆਂ ਵਿੱਚ ਦਰਦ ਆਦਿ
ਤਾਂ ਉਸ ਨੂੰ ਛਾਵੇਂ ਬਿਠਾ ਦਿੱਤਾ ਜਾਵੇ, ਵਿਅਕਤੀ ਦੇ ਕੱਪੜੇ ਢਿੱਲੇ ਕਰੋ, ਪੀਣ ਲਈ ਕੁਝ ਤਰਲ ਪਦਾਰਥ ਦਿਓ, ਠੰਢੇ ਪਾਣੀ ਦੀਆਂ ਪੱਟੀਆਂ ਕਰੋ, ਠੰਡੇ ਪਾਣੀ ਨਾਲ ਭਰੇ ਬਾਥਟੱਬ ਵਿੱਚ ਮਰੀਜ਼ ਨੂੰ ਲਿਟਾਓ।ਓ.ਆਰ.ਐਸ. ਦਾ ਘੋਲ ਬਣਾ ਕੇ ਪਿਲਾਓ। ਉਨ੍ਹਾਂ ਕਿਹਾ ਕਿ ਜੇਕਰ ਬੁਖਾਰ ਹੋ ਜਾਵੇ, ਸਰੀਰ ਦੇ ਗਰਮ ਹੋਣ ਉੱਤੇ ਪਸੀਨਾ ਆਉਣਾ ਬੰਦ ਹੋ ਜਾਵੇ ਅਤੇ ਚਮੜੀ ਰੁੱਖੀ ਰੁੱਖੀ ਹੋ ਜਾਵੇ, ਮਰੀਜ਼ ਬੇਹੋਸ਼ ਹੋ ਜਾਵੇ, ਜ਼ਿਆਦਾ ਘਬਰਾਹਟ ਹੋਵੇ ਤਾਂ ਤੁਰੰਤ ਸਿਹਤ ਸੰਸਥਾ ਵਿਖੇ ਮਾਹਿਰ ਡਾਕਟਰ ਨੂੰ ਦਿਖਾਓ।
ਬਲਾਕ ਐਜੂਕੇਟਰ ਪਵਨਜੀਤ ਕੌਰ ਨੇ ਕਿਹਾ ਕਿ ਬੱਚਿਆਂ, ਬਜੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਜੇਕਰ ਚੱਕਰ ਆਉਣ, ਥਕਾਵਟ, ਜ਼ਿਆਦਾ ਪਸੀਨਾ ਆਉਣ ਜਾਂ ਬੀਪੀ ਘਟਣ ਦੀ ਸ਼ਿਕਾਇਤ ਹੋਵੇ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਜਾਂ ਡਾਕਟਰ ਨਾਲ ਸੰਪਰਕ ਕਰਨ ਦੀ ਸਲਾਹ ਦਿੰਦਿਆਂ ਉਨ੍ਹਾਂ ਕਿਹਾ ਕਿ ਪਿੰਡ ਪੱਧਰ ’ਤੇ ਏ.ਐਨ.ਐਮ ਭੈਣ ਜੀ ਅਤੇ ਆਸ਼ਾ ਵਰਕਰਾਂ ਰਾਹੀਂ ਗਰਭਵਤੀ ਔਰਤਾਂ ਨੂੰ ਲੋੜੀਂਦੀਆਂ ਸਾਵਧਾਨੀਆਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਇਸ ਦੇ ਨਾਲ ਹੀ, ਸਿਹਤ ਕੇਂਦਰਾਂ ’ਤੇ ਨਿਯਮਿਤ ਜਾਂਚ ਕਰਵਾਉਣ ਅਤੇ ਜ਼ਰੂਰੀ ਟੀਕਾਕਰਨ ਨੂੰ ਸਮੇਂ ’ਤੇ ਪੂਰਾ ਕਰਵਾਉਣ ਦੀ ਵੀ ਅਪੀਲ ਕੀਤੀ। ਇਸ ਮੌਕੇ ਸਿਹਤ ਕਰਮੀ ਮਾਇਆ ਦੇਵੀ, ਮਨਜਿੰਦਰ ਸਿੰਘ ਸੇਮਾ ਅਤੇ ਆਸ਼ਾ ਵਰਕਰ ਹਾਜ਼ਰ ਸਨ।