Babushahi Special - ਸਿੱਧੂ ਮੂਸੇਵਾਲਾ ਤੇ ਡਾਕੂਮੈਂਟਰੀ: ਅੱਗ ਦੇ ਭਾਂਬੜਾਂ ਵਾਂਗ ਫੈਲਿਆ ਯੂਟਿਊਬ ਤੇ ਦਰਸ਼ਕਾਂ ਦਾ ਦਾਇਰਾ
ਅਸ਼ੋਕ ਵਰਮਾ
ਬਠਿੰਡਾ, 11ਜੂਨ 2025: ਨਾਮਵਰ ਕੌਮਾਂਤਰੀ ਗਾਇਕ ਮਰਹੂਮ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਬਾਰੇ ਬਣੀ ਦਸਤਾਵੇਜ਼ੀ ਫਿਲਮ ਨੂੰ ਲੈਕੇ ਮਾਮਲਾ ਅਦਾਲਤ ’ਚ ਜਾਣ ਦੇ ਬਾਵਜੂਦ ਲੋਕਾਂ ਨੇ ਇਸ ਡਾਕੂਮੈਂਟਰੀ ਨੂੰ ਦੇਖਣ ਲਈ ਵਹੀਰਾਂ ਖੱਤ ਦਿੱਤੀਆਂ ਹਨ। ਆਮ ਲੋਕਾਂ ਦੇ ਇਸ ਰੁਝਾਨ ਦਾ ਕਾਰਨ ਅਦਾਲਤ ਵੱਲੋਂ ਰੋਕ ਲਾਉਣ ਦੀ ਸੰਭਾਵਨਾ ਮੰਨਿਆ ਜਾ ਰਿਹਾ ਹੈ। ਰਿਲੀਜ਼ ਹੋਣ ਪਿੱਛੋਂ ‘ਦਾ ਕਿਲਿੰਗ ਕਾਲ’ ਨਾਮੀ ਦਸਤਾਵੇਜ਼ੀ ਦੇ ਪਹਿਲੇ ਐਪੀਸੋਡ ਨੂੰ ਕਰੀਬ 12 ਘੰਟਿਆਂ ਅੰਦਰ ਪੌਣੇ ਦੋ ਲੱਖ ਦੇ ਨੇੜੇ ਤੇੜੇ ਲੋਕ ਦੇਖ ਚੁੱਕੇ ਹਨ ਜਦੋਂਕਿ ਦੂਸਰਾ ਐਪੀਸੋਡ ਦੇਖਣ ਵਾਲਿਆਂ ਦੀ ਗਿਣਤੀ ਏਦੂੰ ਅੱਧੀ ਹੈ। ਇਹ ਅੰਕੜਾ ’ਚ ਲਗਾਤਾਰ ਵਧ ਰਿਹਾ ਹੈ ਜਿਸ ਦੇ ਦੇਰ ਸ਼ਾਮ ਤੱਕ ਦੋ ਲੱਖ ਹੋਣ ਦੇ ਅਨੁਮਾਨ ਹਨ। ਹਾਲਾਂਕਿ ਇਹ ਦਸਤਾਵੇਜੀ ਦਿਨ ਵਕਤ ਮੁੰਬਈ ਵਿਖੇ ਰਿਲੀਜ਼ ਕੀਤੀ ਜਾਣੀ ਸੀ ਪਰ ਨਿਰਮਾਤਾ ਕੰਪਨੀ ਨੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਇਸ ਨੂੰ ਯੂਟਿਊਬ ਤੇ ਰਿਲੀਜ਼ ਕਰ ਦਿੱਤਾ ਸੀ।
.jpg)
ਸਿੱਧੂ ਮੂਸੇਵਾਲਾ ਦਾ ਦਾ ਜਨਮ 11 ਜੂਨ 1993 ਨੂੰ ਹੋਇਆ ਸੀ ਜਿਸ ਕਰਕੇ ਬੀਬੀਸੀ ਵਰਲਡ ਵੱਲੋਂ ਡਾਕੂਮੈਂਟਰੀ ਰਿਲੀਜ਼ ਕਰਨ ਲਈ ਇਹ ਦਿਨ ਚੁਣਿਆ ਜਾਪਦਾ ਹੈ। ਓਧਰ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦਸਤਾਵੇਜ਼ੀ ਫਿਲਮ ਨੂੰ ਜਨਤਕ ਤੌਰ ਤੇ ਪ੍ਰਦਰਸ਼ਿਤ ਕਰਨ ’ਤੇ ਰੋਕ ਲਾਉਣ ਲਈ ਮਾਨਸਾ ਦੀ ਜਿਲ੍ਹਾ ਅਦਾਲਤ ਵਿੱਚ ਇੱਕ ਪਟੀਸ਼ਨ ਦਾਖ਼ਲ ਕੀਤੀ ਸੀ। ਵੱਖ ਵੱਖ ਮੀਡੀਆ ਚੈਨਲਾਂ ਨਾਲ ਗੱਲਬਾਤ ਕਰਦਿਆਂ ਬਲਕੌਰ ਸਿੰਘ ਨੇ ਦਾਅਵਾ ਕੀਤਾ ਸੀ ਕਿ, ਇਹ ਡਾਕੂਮੈਂਟਰੀ ਸਿੱਧੂ ਮੂਸੇਵਾਲਾ ਦੇ ਅਦਾਲਤ ’ਚ ਚੱਲ ਰਹੇ ਮਾਮਲੇ ਤੇ ਉਲਟਾ ਅਸਰ ਪਾ ਸਕਦੀ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਡਾਕੂਮੈਂਟਰੀ ਬਣਾਉਣ ਤੋਂ ਲੈ ਕੇ ਹੁਣ ਤੱਕ ਦਸਤਾਵੇਜੀ ਤਿਆਰ ਕਰਨ ਵਾਲੀ ਬੀਬੀਸੀ ਵਰਲਡ ਨੇ ਪ੍ਰੀਵਾਰ ਤੋਂ ਕੋਈ ਪ੍ਰਵਾਨਗੀ ਨਹੀਂ ਲਈ ਤੇ ਸਿੱਧੂ ਮੂਸੇਵਾਲਾ ਦੀਆਂ ਫ਼ੋਟੋਆਂ ਆਦਿ ਵੀ ਬਗੈਰ ਕਿਸੇ ਸਹਿਮਤੀ ਜਾਂ ਮਨਜੂਰੀ ਤੋਂ ਹੀ ਵਰਤੀਆਂ ਗਈਆਂ ਹਨ।
ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਉਮੀਦ ਸੀ ਕਿ ਅਦਾਲਤ ’ਚ ਉਹ ਰੋਕ ਲੁਆਉਣ ’ਚ ਸਫਲ ਹੋ ਜਾਣਗੇ ਪਰ ਜਿਲ੍ਹਾ ਅਦਾਲਤ ਨੇ ਫੌਰੀ ਤੌਰ ਤੇ ਤਾਂ ਕੋਈ ਰਾਹਤ ਨਹੀਂ ਦਿੱਤੀ ਅਤੇ ਮਾਮਲੇ ਦੀ ਅਗਲੀ ਸੁਣਵਾਈ 12 ਜੂਨ ਤੇ ਪਾ ਦਿੱਤੀ ਹੈ। ਹੁਣ ਆਮ ਲੋਕਾਂ ਦੀਆਂ ਨਜ਼ਰਾਂ ਵੀਰਵਾਰ ਨੂੰ ਹੋਣ ਵਾਲੀ ਅਦਾਲਤੀ ਕਾਰਵਾਈ ਤੇ ਟਿਕ ਗਈਆਂ ਹਨ। ਬੀਬੀਸੀ ਵਰਲਡ ਨੇ ਇਸ ਦੌਰਾਨ ਯੂਟਿਊਬ ਤੇ ਦੋ ਐਪੀਸੋਡ ਜਾਰੀ ਕੀਤੇ ਹਨ ਜਿੰਨ੍ਹਾਂ ਵਿੱਚ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਤੋਂ ਇਲਾਵਾ ,ਦਿੱਲੀ ਪੁਲਿਸ ਦੇ ਇੱਕ ਅਫਸਰ , ਕੁੱਝ ਨਾਮੀ ਪੱਤਰਕਾਰਾਂ ਅਤੇ ਮਰਹੂਮ ਗਾਇਕ ਦੇ ਕੁੱਝ ਪੁਰਾਣੇ ਦੋਸਤ ਸ਼ਾਮਲ ਹਨ। ਪਹਿਲੇ ਐਪੀਸਡ ਵਿੱਚ ਗੈਂਗਯਟਰ ਗੋਲਡੀ ਬਰਾੜ ਨਾਲ ਇੱਕ ਆਡੀਓ ਗੱਲਬਾਤ ਵੀ ਸ਼ਾਮਲ ਕੀਤੀ ਗਈ ਹੈ ਜਿਸ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਦਾ ਸਾਜ਼ਿਸ਼ ਘੜਨ ਦੇ ਦੋਸ਼ ਲਾਏ ਗਏ ਹਨ।
ਦਸਤਾਵੇਜ਼ੀ ਵਿੱਚ ਗੈਂਗਸਟਰ ਗੋਲਡੀ ਬਰਾੜ ਨੂੰ ਇਸ ਕਤਲ ਦਾ ਮਾਸਟਰਮਾਈਂਡ ਦੱਸਿਆ ਗਿਆ ਹੈ। ਪਹਿਲੇ ਐਪੀਸੋਡ ਵਿੱਚ ਸਿੱਧੂ ਮੂਸੇਵਾਲਾ ਨਾਲ ਜੁੜੇ ਕੁੱਝ ਵਿਵਾਦ , ਉਸ ਦੀ ਗਾਇਕੀ ਅਤੇ ਪ੍ਰਸਿੱਧੀ ਬਾਰੇ ਜਾਣਕਾਰੀ ਹੈ ਜਦੋਂਕਿ ਦੂਸਰੇ ਐਪੀਸੋਡ ਵਿੱਚ ਮਰਹੂਮ ਗਾਇਕ ਦੇ ਕਤਲ ਦੀ ਕਹਾਣੀ ਹੈ। ਯੂਟਿਊਬ ਵੀਡੀਓ ਅਨੁਸਾਰ 29 ਮਈ 2022 ਨੂੰ, ਭਾੜੇ ਦੇ ਕਾਤਲਾਂ ਨੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਕਤਲ ਕਰ ਦਿੱਤਾ ਸੀ। ਦੋ ਗੱਡੀਆਂ ਤੇ ਪਿੱਛਾ ਕਰ ਰਹੇ ਕਾਤਲਾਂ ਨੇ ਮੂਸੇਵਾਲਾ ਦੀ ਥਾਰ ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਕਤਲ ਦੀ ਜਿੰਮੇਵਾਰੀ ਗੋਲਡੀ ਬਰਾੜ ਨਾਮੀ ਗੈਂਗਸਟਰ ਨੇ ਲਈ ਸੀ ਜੋਕਿ ਫਿਲਹਾਲ ਫਰਾਰ ਚੱਲਿਆ ਆ ਰਿਹਾ ਹੈ। ਕਤਲ ਹੋਇਆਂ ਤਿੰਨ ਸਾਲ ਲੰਘ ਚੁੱਕੇ ਹਨ ਪਰ ਅਜੇ ਤੱਕ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ। ਦਸਤਾਵੇਜ਼ੀ ਵਿੱਚ ਸਿੱਧੂ ਮੂਸੇਵਾਲਾ ਦੇ ਪਿੰਡ ਤੋਂ ਉੱਠਕੇ ਸਟਾਰਡਮ ਤੱਕ ਪੁੱਜਣ ਦੀ ਕਹਾਣੀ ਵੀ ਬਿਆਨ ਕੀਤੀ ਗਈ ਹੈ।
ਵਿੱਕੀ ਮਿੱਡੂਖੇੜਾ ਕਤਲ ਦਾ ਜਿਕਰ
ਦਸਤਾਵੇਜੀ ਫਿਲਮ ਵਿੱਚ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਜਿਕਰ ਵੀ ਹੈ ਅਤੇ ਗਾਇਕ ਸਿੱਧੂ ਮੂਸੇਵਾਲਾ ਦੇ ਦੋਸਤਾਂ ਤੇ ਕਈ ਨਾਮੀ ਪੱਤਰਕਾਰਾਂ ਨਾਲ ਗੱਲਬਾਤ ਵੀ ਸਾਂਝੀ ਕੀਤੀ ਗਈ ਹੈ। ਬੀਬੀਸੀ ਨੇ ਸਿੱਧੂ ਦੇ ਇੰਨ੍ਹਾਂ ਦੋਸਤਾਂ ਅਤੇ ਸੰਗੀਤਕ ਸਫਰ ਦੌਰਾਨ ਸਹਿਯੋਗ ਕਰਨ ਵਾਲੇ ਕੁੱਝ ਅਜਿਹੇ ਵਿਅਕਤੀ ਪੇਸ਼ ਕੀਤੇ ਹਨ ਜਿੰਨ੍ਹਾਂ ਨੂੰ ਪਹਿਲਾਂ ਕਦੇ ਵੀ ਰੌਸ਼ਨੀ ’ਚ ਨਹੀਂ ਦੇਖਿਆ ਗਿਆ ਸੀ। ਦਸਤਾਵੇਜੀ ’ਚ ਸਿੱਧੂ ਮੂਸੇਵਾਲਾ ਦੇ ਕੈਨੇਡਾ ਜਾਣ ਅਤੇ ਉੱਥੋਂ ਦੀ ਜਿੰਦਗੀ ਨਾਲ ਜੁੜੇ ਕਈ ਤਰਾਂ ਦੇ ਤੱਥ ਵੀ ਸਾਹਮਣੇ ਰੱਖੇ ਗਏ ਹਨ।
ਰੋਕ ਲੱਗਣ ਦੀ ਉਮੀਦ:ਐਡਵੋਕੇਟ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵਕੀਲ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਦਾ ਕਹਿਣਾ ਸੀ ਕਿ ਉਨ੍ਹਾਂ ਮਾਨਸਾ ਦੀ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਤੋਂ ਇਸ ਦਸਤਾਵੇਜੀ ਤੇ ਤੁਰੰਤ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਸੁਣਵਾਈ 12 ਤਰੀਕ ਤੇ ਪਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਵੀਰਵਾਰ ਨੂੰ ਅਦਾਲਤ ਅੱਗੇ ਆਪਣਾ ਪੱਖ ਮਜਬੂਤੀ ਨਾਲ ਰੱਖਣਗੇ ਅਤੇ ਉਨ੍ਹਾਂ ਨੂੰ ਦਸਤਾਵੇਜੀ ਤੇ ਰੋਕ ਲੱਗਣ ਦੀ ਪੂਰੀ ਉਮੀਦ ਹੈ । ਉਨ੍ਹਾਂ ਕਿਹਾ ਕਿ ਜੇਕਰ ਮਾਨਸਾ ਅਦਾਲਤ ਨੇ ਉਨ੍ਹਾਂ ਦੀ ਮੰਗ ਪ੍ਰਵਾਨ ਨਾਂ ਕੀਤੀ ਤਾਂ ਜਿਲ੍ਹਾ ਤੇ ਸੈਸ਼ਨਜ਼ ਅਦਾਲਤ ਦਾ ਬੂਹਾ ਖੜਕਾਇਆ ਜਾਏਗਾ ਜਦੋਂਕਿ ਅੱਗਿਓਂ ਹਾਈਕੋਰਟ ਦਾ ਬਦਲ ਵੀ ਉਨ੍ਹਾਂ ਕੋਲ ਮੌਜੂਦ ਹੈ।