ਲਾਹੌਰ ਤੋਂ ਨਨਕਾਣਾ ਸਾਹਿਬ ਤੱਕ ਵੱਡੀ ਛਾਪੇਮਾਰੀ: 34 ਅੱਤਵਾਦੀ ਗ੍ਰਿਫ਼ਤਾਰ, ਵੱਡੀ ਮਾਤਰਾ ਵਿੱਚ ਵਿਸਫੋਟਕ ਬਰਾਮਦ
ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸੁਰੱਖਿਆ ਏਜੰਸੀਆਂ ਨੇ ਅੱਤਵਾਦ ਵਿਰੋਧੀ ਵੱਡੀ ਕਾਰਵਾਈ ਕਰਦਿਆਂ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਅੱਤਵਾਦ ਵਿਰੋਧੀ ਵਿਭਾਗ (CTD) ਨੇ ਹਫ਼ਤੇ ਭਰ ਦੌਰਾਨ ਸੂਬੇ ਦੇ ਵੱਖ-ਵੱਖ 12 ਜ਼ਿਲ੍ਹਿਆਂ ਵਿੱਚ 415 ਖੁਫੀਆ ਜਾਣਕਾਰੀ ਅਧਾਰਤ ਛਾਪੇਮਾਰੀਆਂ ਕਰਕੇ ਕੁੱਲ 34 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਹੋਏ ਅੱਤਵਾਦੀਆਂ ਵਿੱਚੋਂ ਜ਼ਿਆਦਾਤਰ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਨਾਲ ਜੁੜੇ ਹੋਏ ਹਨ, ਜਦਕਿ ਤਿੰਨ ਨੂੰ 'ਸਭ ਤੋਂ ਖਤਰਨਾਕ' ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਇਹ ਅੱਤਵਾਦੀ ਲਾਹੌਰ, ਰਾਵਲਪਿੰਡੀ, ਗੁਜਰਾਂਵਾਲਾ, ਜੇਹਲਮ, ਬਹਾਵਲਪੁਰ, ਸਾਹੀਵਾਲ, ਨਾਰੋਵਾਲ, ਪਾਕਪਟਨ, ਬਹਾਵਲਨਗਰ, ਬੁਖਾਰਾ, ਕਸੂਰ ਅਤੇ ਨਨਕਾਣਾ ਸਾਹਿਬ ਵਰਗੇ ਸੰਵੇਦਨਸ਼ੀਲ ਇਲਾਕਿਆਂ ਤੋਂ ਗ੍ਰਿਫ਼ਤਾਰ ਕੀਤੇ ਗਏ ਹਨ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਮੁਤਾਬਕ, ਇਨ੍ਹਾਂ ਅੱਤਵਾਦੀਆਂ ਨੇ ਵੱਡੇ ਪੱਧਰ 'ਤੇ ਹਮਲੇ ਦੀ ਯੋਜਨਾ ਬਣਾਈ ਸੀ, ਜਿਸ ਨੂੰ ਸਮੇਂ ਸਿਰ ਨਾਕਾਮ ਕਰ ਦਿੱਤਾ ਗਿਆ।
CTD ਦੇ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਕੋਲੋਂ ਵੱਡੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਵੀ ਬਰਾਮਦ ਹੋਈ ਹੈ, ਜਿਸ ਵਿੱਚ 5,841 ਗ੍ਰਾਮ ਵਿਸਫੋਟਕ, 19 ਡੈਟੋਨੇਟਰ, 51 ਫੁੱਟ ਸੇਫਟੀ ਫਿਊਜ਼ ਵਾਇਰ, ਹੈਂਡ ਗ੍ਰਨੇਡ ਅਤੇ ਵੱਡੀ ਮਾਤਰਾ ਵਿੱਚ ਪਾਬੰਦੀਸ਼ੁਦਾ ਸਾਹਿਤ ਸ਼ਾਮਲ ਹੈ। ਇਹ ਸਮੱਗਰੀ ਦਰਸਾਉਂਦੀ ਹੈ ਕਿ ਅੱਤਵਾਦੀ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ।
CTD ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਪਾਕਿਸਤਾਨ ਵਿੱਚ ਅਸਥਿਰਤਾ ਫੈਲਾਉਣ ਅਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ। ਹੁਣ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।
ਇਸ ਕਾਰਵਾਈ ਨੂੰ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਵੱਲੋਂ ਵੱਡੀ ਸਫਲਤਾ ਵਜੋਂ ਵੇਖਿਆ ਜਾ ਰਿਹਾ ਹੈ, ਪਰ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਦੇਸ਼ ਵਿੱਚ ਅਜੇ ਵੀ ਅੱਤਵਾਦੀ ਖ਼ਤਰਾ ਮੌਜੂਦ ਹੈ ਅਤੇ ਚੌਕਸੀ ਦੀ ਲੋੜ ਜਾਰੀ ਹੈ।