ਭਾਈ ਬਖਤੌਰ ’ਚ ਚਿੱਟਾ ਤਸਕਰਾਂ ਨੇ ਤੋੜੀਆਂ ਫੌਜੀ ਦੀਆਂ ਲੱਤਾਂ- ਰੋਸ ਵਜੋਂ ਲਾਇਆ ਪਿੰਡ ਵਿਕਾਊ ਦਾ ਪੋਸਟਰ
ਅਸ਼ੋਕ ਵਰਮਾ
ਬਠਿੰਡਾ, 1ਜੂਨ 2025: ਬਠਿੰਡਾ ਜਿਲ੍ਹੇ ਦੇ ਬਲਾਕ ਮੌੜ ’ਚ ਪੈਂਦੇ ਪਿੰਡ ਭਾਈ ਬਖਤੌਰ ’ਚ ਬੀਤੀ ਰਾਤ ਚਿੱਟਾ ਤਸਕਰਾਂ ਵੱਲੋਂ ਇੱਕ ਸਾਬਕਾ ਫੌਜੀ ਦੀਆਂ ਇੱਕ ਨੌਜਵਾਨ ਵੱਲੋਂ ਪਿੰਡ ਵਿਕਾਊ ਹੈ ਸਬੰਧੀ ਪੋਸਟਰ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਨਸ਼ਾ ਤਸਕਰਾਂ ਵੱਲੋਂ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਸਾਬਕਾ ਫੌਜੀ ਰਣਵੀਰ ਸਿੰਘ ਲੱਤਾਂ ਤੋੜਨ ਤੋਂ ਰੋਸ ਵਿੱਚ ਆਏ ਪਿੰਡ ਦੇ ਹੀ ਨੌਜਵਾਨ ਲਖਵੀਰ ਸਿੰਘ ਸਿੱਧੂ ਉਰਫ ਲੱਖੀ ਸਿੱਧੂ ਨੇ ਪਿੰਡ ਦੇ ਬਾਹਰਵਾਰ ਨੈਸ਼ਨਲ ਹਾਈਵੇਅ ਦੇ ਨਜ਼ਦੀਕ ‘ਸਾਡਾ ਪਿੰਡ ਵਿਕਾਊ ਹੈ’ ਦਾ ਪੋਸਟਰ ਵੀ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੇ ਇਸ ਕਦਮ ਅਤੇ ਫੇਸਬੁੱਕ ਤੇ ਲਾਈਵ ਹੋਕ ਕਹੀਆਂ ਗੱਲਾਂ ਨਾਲ ਪੰਜਾਬ ਪੁਲਿਸ ਦੇ ਦਮਗਜੇ ਅਤੇ ਸਰਕਾਰ ਦਾ ‘ਯੁੱਧ ਨਸ਼ਿਆਂ ਵਿਰੁੱਧ’ ਤੇ ਪ੍ਰਸ਼ਨ ਚਿੰਨ੍ਹ ਲਗਦਾ ਨਜ਼ਰ ਆ ਰਿਹਾ ਹੈ।
ਨੌਜਵਾਨ ਲੱਖੀ ਸਿੱਧੂ ਨੇ ਲਾਈਵ ਹੋਕੇ ਕਿਹਾ ਕਿ ਪਿੰਡ ਦੀਆਂ ਧੀਆਂ ਭੈਣਾਂ ,ਦੁਕਾਨਦਾਰ ਅਤੇ ਮਜ਼ਦੂਰ ਕਿਸਾਨ ਸੁਰੱਖਿਅਤ ਨਹੀਂ ਹਨ ਜਿਸ ਕਰਕੇ ਮਜਬੂਰ ਹੋਕੇ ਪਿੰਡ ਵਿਕਾਊ ਕਰਨਾ ਪਿਆ ਹੈ। ਲਖਵੀਰ ਸਿੰਘ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਪਿੰਡ ਦੀ ਸਥਿਤੀ ਯੂਪੀ ਬਿਹਾਰ ਨਾਲੋਂ ਵੀ ਮਾੜੀ ਹੋ ਗਈ ਹੈ ਇਸ ਲਈ ਲੋਕ ਕਿੱਧਰ ਜਾਣ। ਪਿੰਡ ਵਿੱਚ ਚਿੱਟੇ ਦੀ ਹੁੰਦੀ ਬੇਲਗਾਮ ਵਿੱਕਰੀ ਨੂੰ ਲੈਕੇ ਲਖਵੀਰ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਚਿੱਟਾ ਤਸਕਰਾਂ ਨੇ ਸਾਬਕਾ ਫੌਜੀ ਰਣਵੀਰ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਹਨ ਜਿੰਨ੍ਹਾਂ ਚੋ ਇੱਕ ਲੱਤ ਤਾਂ ਪੂਰੀ ਤਰਾਂ ਨਕਾਰਾ ਹੋ ਗਈ ਹੈ। ਰਣਵੀਰ ਸਿੰਘ ਦਾ ਬਠਿੰਡਾ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿੰਡ ਭਾਈ ਬਖਤੌਰ ਦੇ ਦੋ ਤਿੰਨ ਜਣੇ ਨਸ਼ਾ ਵੇਚਦੇ ਹਨ ਜਿੰਨ੍ਹਾਂ ਨੂੰ ਪੁਲਿਸ ਹੱਥ ਨਹੀਂ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਚਿੱਟਾ ਤਸਕਰਾਂ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਉਨ੍ਹਾਂ ਦੀ ਪੁਲਿਸ ਨਾਲ ਸੈਟਿੰਗ ਹੈ ਇਸ ਲਈ ਕੋਈ ਉਨ੍ਹਾਂ ਦਾ ਕੋਈ ਕੁੱਝ ਨਹੀਂ ਵਿਗਾੜ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਮਜ਼ਦੂਰ ਧਰਨਾ ਲਾਉਂਦੇ ਹਨ ਤਾਂ ਪੁਲਿਸ ਮਿੰਟਾਂ ਵਿੱਚ ਚੁੱਕ ਲਿਜਾਂਦੀ ਹੈ ਪਰ ਚਿੱਟੇ ਦੇ ਤਸਕਰਾਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਇਸ ਦਾ ਜਵਾਬ ਪੁਲਿਸ ਪ੍ਰਸ਼ਾਸ਼ਨ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਰਣਵੀਰ ਸਿੰਘ ਚਿੱਟਾ ਵੇਚਣ ਵਾਲਿਆਂ ਨੂੰ ਰੋਕਦਾ ਅਤੇ ਨੌਜਵਾਨਾਂ ਨੂੰ ਖੇਡ੍ਹਾਂ ਨਾਲ ਜੁੜਨ ਤੇ ਫੌਜ ’ਚ ਭਰਤੀ ਹੋਣ ਲਈ ਪ੍ਰੇਰਿਤ ਕਰਦਾ ਸੀ ਜਿਸ ਕਰਕੇ ਉਸ ਦੀ ਇਹ ਹਾਲਤ ਕੀਤੀ ਗਈ ਹੈ।
ਲਖਵੀਰ ਸਿੱਧੂ ਨੇ ਲਾਈਵ ਰਾਹੀਂ ਦੱਸਿਆ ਹੈ ਕਿ ਚਿੱਟਾ ਤਸਕਰਾਂ ਨੇ ਪਿੰਡ ਵਾਸੀਆਂ ਨੂੰ ਸ਼ਰੇਆਮ ਲਲਕਾਰਿਆ ਹੈ ਕਿ ਜੋ ਮਰਜੀ ਕਰਨਾ ਹੈ ਕਰ ਲਵੋਂ ਉਹ ਚਿੱਟੇ ਦੀ ਵਿੱਕਰੀ ਜਾਰੀ ਰੱਖਣਗੇ। ਉਨ੍ਹਾਂ ਦਾਅਵਾ ਕੀਤਾ ਕਿ ਚਿੱਟਾ ਤਸਕਰਾਂ ਕੋਲ ਭਾਰੀ ਮਾਤਰਾ ਨਜਾਇਜ ਅਸਲਾ ਹੈ ਜੋ ਉਨ੍ਹਾਂ ਨੇ ਦਹਿਸ਼ਤ ਪਾਉਣ ਲਈ ਲਹਿਰਾਇਆ ਹੈ ਅਤੇ ਉਹ ਪੁਲਿਸ ਤੇ ਵੀ ਹਮਲਾ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਅਜਿਹੇ ਲੋਕਾਂ ਦਾ ਐਨਕਾਊਂਟਰ ਕਰ ਦੇਣਾ ਚਾਹੀਦਾ ਹੈ। ਲੱਖੀ ਸਿੱਧੂ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਤਸਕਰਾਂ ਖਿਲਾਫ ਸਖਤ ਕਾਰਵਾਈ ਨਾਂ ਕੀਤੀ ਗਈ ਤਾਂ ਉਸ ਨੂੰ ਵੀ ਕਤਲ ਕੀਤਾ ਜਾ ਸਕਦਾ ਹੈ ਕਿਉਂਕਿ ਨਸ਼ਿਆਂ ਦਾ ਵਿਰੋਧ ਕਰਨ ਕਾਰਨ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹੋ ਕਾਰਨ ਹੈ ਕਿ ਅਸੀਂ ਅੱਕ ਕੇ ਪਿੰਡ ਵੇਚਣਾ ਚਾਹੁੰਦੇ ਹਾਂ।
ਉਨ੍ਹਾਂ ਕਿਹਾ ਕਿ ਉਹ ਯੂਪੀ ਦੇ ਮੁੱਖ ਮੰਤਰੀ ਆਦਿਤਿਆ ਨਾਥ ਯੋਗੀ ਦੇ ਹਮਾਇਤੀ ਨਹੀਂ ਪਰ ਜਿੱਦਾਂ ਉਨ੍ਹਾਂ ਨੇ ਗੁੰਡਾਗਰਦੀ ਨੂੰ ਨੱਥ ਪਾਈ ਹੈ ਉਹ ਸ਼ਲਾਘਾਯੋਗ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਪੁਲੀਸ ਦੇ ਢਿੱਲੜ ਵਤੀਰੇ ਕਾਰਨ ਨਸ਼ਾ ਤਸਕਰ ਜਵਾਨੀ ਨੂੰ ਬਰਬਾਦ ਕਰ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਨਸ਼ਿਆਂ ਦੇ ਮੁੱਦੇ ’ਤੇ ਸਖ਼ਤ ਹੋਣ ਦੀ ਚਿਤਾਵਨੀ ਦਿੰਦਿਆਂ ਆਖਿਆ ਕਿ ਜੇ ਪੁਲੀਸ ਪ੍ਰਸ਼ਾਸ਼ਨ ਨਸ਼ਿਆਂ ਦੇ ਖਾਤਮੇ ਲਈ ਗੰਭੀਰ ਨਾ ਹੋਇਆ ਤਾਂ ਉਹ ਵੱਡੇ ਪੱਧਰ ’ਤੇ ਸੰਘਰਸ਼ ਉਲੀਕਣ ਲਈ ਮਜਬੂਰ ਹੋਣਗੇ।
ਚਿੱਟੇ ਕਾਰਨ ਪਿੰਡ ਵਿਕਾਊ
ਪਿੰਡ ਦੀ ਮਹਿਲਾ ਸਰਪੰਚ ਕਰਮਜੀਤ ਕੌਰ ਦੇ ਪਤੀ ਬਲਜੀਤ ਸਿੰਘ ਨੇ ਲਖਵੀਰ ਸਿੰਘ ਵੱਲੋਂ ਕਹੀਆਂ ਗੱਲਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਚਿੱਟੇ ਕਾਰਨ ਹੀ ਮਾਮਲਾ ਇੱਥੋਂ ਤੱਕ ਪੁੱਜਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਹੀ ਦੋ ਤਿੰਨ ਜਣੇ ਚਿੱਟਾ ਵੇਚਦੇ ਹਨ ਜਿੰਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਪਰਚਾ ਦਰਜ ਕਾਰਵਾਈ ਜਾਰੀ:ਐਸਪੀ
ਪੁਲਿਸ ਸੂਤਰ ਦੱਸਦੇ ਹਨ ਕਿ ਰਣਵੀਰ ਸਿੰਘ ਦੀ ਕੁੱਟਮਾਰ ਕਰਨ ਵਾਲਿਆਂ ਦੇ ਪ੍ਰੀਵਾਰਕ ਮੈਂਬਰਾਂ ਨੂੰ ਪੁਲਿਸ ਨੇ ਚੁੱਕ ਲਿਆ ਹੈ ਪਰ ਪੁਲਿਸ ਇਸ ਮੁੱਦੇ ਤੇ ਚੁੱਪ ਹੈ। ਐਸਪੀ ਦਿਹਾਤੀ ਹਿਨਾ ਗੁਪਤਾ ਦਾ ਕਹਿਣਾ ਸੀ ਕਿ ਸਾਬਕਾ ਫੌਜੀ ਰਣਵੀਰ ਸਿੰਘ ਦੀ ਕੁੱਟਮਾਰ ਕਰਨ ਵਾਲਿਆਂ ਖਿਲਾਫ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਨਸ਼ਿਆਂ ਖਿਲਾਫ ਜੀਰੋ ਟੌਲਰੈਂਸ ਨੀਤੀ ਤਹਿਤ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਉਨ੍ਹਾਂ ਇਸ ਮਾਮਲੇ ’ਚ ਹੋਈਆਂ ਗ੍ਰਿਫਤਾਰੀਆਂ ਸਬੰਧੀ ਕੋਈ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।