ਹਾਕੀ ਦੇ ਸੀਨੀਅਰ ਮੁਕਾਬਲਿਆਂ ਵਿੱਚ ਦੋਆਬਾ ਵਾਰੀਅਰ ਜਲੰਧਰ ਤੇ ਜੂਨੀਅਰ ਵਿੱਚ ਪਠਾਨਕੋਟ ਦੀਆਂ ਟੀਮਾਂ ਨੇ ਮਾਰੀ ਬਾਜ਼ੀ
* ਸ਼੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ 37ਵੀਂ ਬਰਸੀ ਨੂੰ ਸਮਰਪਿਤ ਖੇਡ ਮੇਲਾ
* ਖਿਡਾਰੀਆਂ ਵਿੱਚ ਮਿਲ ਵਰਤਣ ਦੀ ਭਾਵਨਾ ਨਾਲ ਹੀ ਮਿਲਦੀ ਹੈ ਜਿੱਤ- ਸੰਤ ਸੀਚੇਵਾਲ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 31 ਮਈ 2025 - ਸੰਤ ਅਵਤਾਰ ਸਿੰਘ ਦੀ 37ਵੀਂ ਸਲਾਨਾ ਬਰਸੀ ਨੂੰ ਸਮਰਪਿਤ ਖੇਡ ਮੇਲੇ ਦੌਰਾਨ ਹਾਕੀ ਦੇ ਦੋ ਦਿਨ ਚੱਲੇ ਮੁਕਾਬਲਿਆਂ ਵਿੱਚ ਜੂਨੀਅਰ ਦੀਆਂ 15 ਟੀਮਾਂ ਤੇ ਸੀਨੀਅਰ ਵਰਗ ਦੀਆਂ 17 ਟੀਮਾਂ ਨੇ ਹਿੱਸਾ ਲਿਆ। ਪਹਿਲੇ ਦਿਨ ਦੇ ਮੁਕਾਬਲੇ ਜਿੱਤੇ ਕੇ ਸੈਮੀਫਾਈਨਲ ਅਤੇ ਫਾਈਨਲ ਵਿੱਚ ਪਹੁੰਚੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਜੂਨੀਅਰ ਵਰਗ ਦੇ ਮੁਕਾਬਲੇ ਐਸਟੋਟਰਫ ਤੇ ਹੋਏ ਜਦ ਕਿ ਸੀਨੀਅਰ ਟੀਮਾਂ ਦੇ ਮੁਕਾਬਲੇ ਕੱਚੀ ਗਰਾਊਂਡ ਤੇ ਹੋਏ।
ਇਹਨਾਂ ਖੇਡ ਮੁਕਾਬਲਿਆਂ ਵਿੱਚ ਪੰਜਾਬ ਤੋਂ ਇਲਾਵਾ ਯੂ.ਪੀ, ਹਰਿਆਣਾ ਤੇ ਜੰਮੂ ਤੋਂ ਵੀ ਟੀਮਾਂ ਆਈਆਂ ਹੋਈਆਂ ਸਨ। ਦੇਰ ਰਾਤ ਚੱਲੇ ਦੂਜੇ ਦਿਨ ਦੇ ਮੁਕਾਬਲਿਆਂ ਦੌਰਾਨ ਜੂਨੀਅਰ ਦੇ ਮੁਕਾਬਲਿਆਂ ਵਿੱਚ ਪਠਾਨਕੋਟ ਦੀ ਟੀਮ ਤੇ ਸੀਨੀਅਰ ਟੀਮਾਂ ਫਸਵੇ ਮੈਚ ਦੋਆਬਾ ਵਾਰੀਅਰ ਜਲੰਧਰ ਦੀ ਟੀਮ ਪਹਿਲੇ ਸਥਾਨ ਤੇ ਰਹੀ। ਇਸੇ ਤਰ੍ਹਾਂ ਲੋਪੋਂ ਮੋਗਾ ਦੀ ਟੀਮ ਜੂਨੀਅਰ ਮੁਕਾਬਲਿਆਂ ਵਿੱਚ ਦੂਜੇ ਸਥਾਨ ਤੇ ਸੀਨੀਅਰ ਵਿੱਚ ਖੁਸਰੋਪੁਰ ਦੀ ਟੀਮ ਰਹੀ।
ਇਸ ਮੌਕੇ ਖਿਡਾਰੀਆਂ ਨੂੰ ਸਨਮਾਨਿਤ ਕਰਦਿਆ ਰਾਜ ਸਭਾ ਮੈਂਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਖਿਡਾਰੀਆਂ ਵਿੱਚ ਮਿਲ ਵਰਤਣ ਦੀ ਜਿਹੜੀ ਭਾਵਨਾ ਹੁੰਦੀ ਹੈ ਅਸਲ ਵਿੱਚ ਉਹੀ ਉਸ ਨੂੰ ਜਿੱਤ ਦੁਆਉਣ ਵਿੱਚ ਸਹਾਈ ਹੁੰਦੀ ਹੈ। ਸੰਤ ਸੀਚੇਵਾਲ ਨੇ ਦੂਜੇ ਸਥਾਨ ਤੇ ਰਹਿਣ ਵਾਲੀ ਤੇ ਆਈਆਂ ਟੀਮਾਂ ਦੇ ਖਿਡਾਰੀਆਂ ਦਾ ਵੀ ਹੌਸਲਾ ਬੁਲੰਦ ਕੀਤਾ ਕਿ ਉਨ੍ਹਾਂ ਨੇ ਬਹੁਤ ਵਧੀਆਂ ਪ੍ਰਦਰਸ਼ਨ ਕੀਤਾ ਤੇ ਭਵਿੱਖ ਵਿੱਚ ਆਪਣੀਆਂ ਕਮੀਆਂ ਨੂੰ ਦੂਰ ਕਰਨ ਦਾ ਯਤਨ ਜਾਰੀ ਰੱਖਣ। ਇਸ ਮੌਕੇ ਸੰਤ ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ, ਕੁਲਵਿੰਦਰ ਸਿੰਘ ਸਮੇਤ ਹੋਰ ਬਹੁਤ ਸਾਰੀਆਂ ਸਖਸ਼ੀਅਤਾਂ ਹਾਜ਼ਰ ਸਨ। ਇੰਨ੍ਹਾਂ ਮੈਚਾਂ ਨੂੰ ਕਰਵਾਉਣ ਲਈ ਰੈਫਰੀਆਂ ਦੀ ਡਿਊਟੀ ਨਿਭਾਉਣ ਵਾਲਿਆਂ ਦਾ ਵੀ ਸਨਮਾਨ ਕੀਤਾ ਗਿਆ।