SGPC ਪ੍ਰਧਾਨ ਧਾਮੀ ਵੱਲੋਂ ਬੀਬੀ ਜਗੀਰ ਕੌਰ ਬਾਰੇ ਬੋਲੇ ਗਏ ਅਪਸ਼ਬਦਾਂ ਬਾਰੇ ਮੰਗੀ ਮਾਫ਼ੀ - ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤਾ ਖਿਮਾ ਜਾਚਨਾ ਪੱਤਰ, Audio ਹੋਈ ਸੀ ਵਾਇਰਲ (ਵੇਖੋ ਵੀਡੀਓ)
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ, 13 ਦਸੰਬਰ 2024- ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸਮੁੱਚੀ ਔਰਤ ਸ਼੍ਰੇਣੀ ਕੋਲੋਂ ਮੁਆਫ਼ੀ ਮੰਗੀ ਹੈ।
ਧਾਮੀ ਨੇ ਕਿਹਾ ਕਿ ਜਾਣੇ ਅਣਜਾਣੇ ਵਿਚ ਅਪਸ਼ਬਦ ਬੋਲੇ ਗਏ ਹਨ, ਜਿਸ ਦੀ ਉਹ ਖਿਮਾ ਯਾਚਨਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਇਕ ਵਿਅਕਤੀ ਨਾਲ ਮੋਬਾਈਲ ਫੋਨ ਉੱਤੇ ਗੱਲ ਕਰਦਿਆਂ ਉਨ੍ਹਾਂ ਕੋਲੋਂ ਕੁਝ ਇਤਰਾਯੋਗ ਸ਼ਬਦਾਵਲੀ ਵਰਤੀ ਗਈ ਸੀ।
ਇਹ ਸਭ ਕੁਝ ਜਾਣੇ ਅਣਜਾਣੇ ਵਿਚ ਹੋਇਆ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਇਸ ਸਬੰਧੀ ਉਨ੍ਹਾਂ ਨੂੰ ਜੋ ਵੀ ਆਦੇਸ਼ ਹੋਵੇਗਾ, ਉਹ ਸਿਰ ਮੱਥੇ ਪ੍ਰਵਾਨ ਕਰਨਗੇ। ਪ੍ਰਧਾਨ ਨੇ ਪੱਤਰ ਅਕਾਲ ਤਖਤ ਦੇ ਸਕੱਤਰੇਤ ਵਿਖੇ ਮੈਨੇਜਰ ਜਸਪਾਲ ਸਿੰਘ ਨੂੰ ਸੌਂਪਿਆ ਹੈ।
ਉਨ੍ਹਾਂ ਇਸ ਸਬੰਧੀ ਇੱਕ ਵੀਡੀਓ ਵੀ ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਖੁਲਾਸਾ ਕੀਤਾ ਕਿ ਇਕ ਵਿਅਕਤੀ ਨਾਲ ਗੱਲਬਾਤ ਕਰਦਿਆਂ ਜਦੋਂ ਉਨ੍ਹਾਂ ਬੀਬੀ ਜਗੀਰ ਕੌਰ ਦੇ ਹਵਾਲੇ ਨਾਲ ਕੋਈ ਗੱਲ ਕੀਤੀ ਤਾਂ ਉਹ ਉਤੇਜਿਤ ਹੋ ਗਏ ਸਨ ਅਤੇ ਉਨ੍ਹਾਂ ਕੋਲੋਂ ਕੁਝ ਅਪਸ਼ਬਦ ਵਰਤੇ ਗਏ ਹਨ।