Sofia Qureshi ਬਾਰੇ ਟਿੱਪਣੀ: ਮੱਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾਹ ਨੂੰ ਬਰਖ਼ਾਸਤ ਕਰਨ ਦੀ ਮੰਗ
ਦੇਸ਼ ਦੇ ਜਵਾਨਾਂ ਦੀ ਨਸਲੀ ਵੰਡ ਕਰਨਾ ਨਿੰਦਣਯੋਗ-ਮਨਿੰਦਰ ਗਿੱਲ ਮੱਧਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾਹ ਨੂੰ ਬਰਖ਼ਾਸਤ ਕਰਨ ਦੀ ਮੰਗ
ਬਾਬੂਸ਼ਾਹੀ ਨੈਟਵਰਕ
ਸਰੀ (ਕੈਨੇਡਾ), 14 ਮਈ, 2025: ਨਾਮਵਰ ਸੰਚਾਰ ਅਦਾਰਾ ਰੇਡੀਓ ਇੰਡੀਆ ਦੇ ਮੈਨਜਿੰਗ ਡਾਇਰੈਕਟਰ ਮਨਿੰਦਰ ਸਿੰਘ ਗਿੱਲ ਨੇ ਮੱਧ ਪ੍ਰਦੇਸ਼ ਦੇ ਇੱਕ ਸੀਨੀਅਰ ਮੰਤਰੀ ਵੱਲੋਂ ਇੱਕ ਸੀਨੀਅਰ ਮਹਿਲਾ ਫੌਜੀ ਅਧਿਕਾਰੀ ਕਰਨਲ ਸੋਫੀਆ ਕੁਰੈਸ਼ੀ ਵਿਰੁੱਧ ਕੀਤੀ ਨਸਲੀ ਟਿੱਪਣੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸਨੂੰ ਆਤਮਘਾਤੀ ਅਤੇ ਦੇਸ਼ ਵਿਰੋਧੀ ਸੋਚ ਦੱਸਿਆ ਹੈ। ਗਿੱਲ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਵੀ ਭਾਰਤ ਨੂੰ ਬਾਹਰੀ ਅਤੇ ਅੰਦਰੂਨੀ ਸ਼ਕਤੀਆਂ ਤੋਂ ਕੋਈ ਚੁਣੌਤੀ ਦਰਪੇਸ਼ ਹੋਈ ਤਾਂ ਭਾਰਤੀ ਜਵਾਨਾਂ ਨੇ ਬਿਨਾਂ ਕਿਸੇ ਨਸਲੀ ਸੋਚ ਦੇ ਇੱਕ ਦੂਜੇ ਤੋਂ ਵਧਕੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕੀਤੀ ਹੈ। ਇਹੀ ਕਾਰਨ ਹੈ ਕਿ ਭਾਰਤੀ ਫੌਜ ਦੁਨੀਆਂ ਦੀ ਸਭ ਤੋਂ ਬਿਹਤਰੀਨ ਫੌਜ ਮੰਨੀ ਜਾਂਦੀ ਹੈ।
ਗਿੱਲ ਨੇ ਕਿਹਾ ਕਿ ਮੱਧ ਪ੍ਰਦੇਸ਼ ਤੋਂ ਭਾਜਪਾ ਮੰਤਰੀ ਵਿਜੇ ਸ਼ਾਹ ਵੱਲੋਂ ਦੇਸ਼ ਦੀ ਮਾਣ ਕਰਨਲ ਸੋਫੀਆ ਕੁਰੇਸ਼ੀ 'ਤੇ ਕੀਤੇ ਗਏ ਘਿਨਾਉਣੇ ਸ਼ਬਦੀ ਹਮਲੇ ਨੇ ਹਰ ਸਹੀ ਸੋਚ ਵਾਲੇ ਵਿਅਕਤੀ ਨੂੰ ਠੇਸ ਪਹੁੰਚਾਈ ਹੈ।
ਉਨ੍ਹਾਂ ਕਿਹਾ ਕਿ ਇਸ ਨਾਜ਼ੁਕ ਸਮੇਂ 'ਤੇ, ਜਦੋਂ ਸਿਆਸਤਦਾਨਾਂ ਨੂੰ ਇੱਕਜੁੱਟ ਸ਼ਕਤੀ ਵਜੋਂ ਕੰਮ ਕਰਨਾ ਚਾਹੀਦਾ ਹੈ ਤੇ ਆਪਣੀ ਸਾਰਥਿਕ ਸ਼ਬਦਾਵਲੀ ਅਤੇ ਕੋਸ਼ਿਸ਼ਾਂ ਰਾਹੀਂ ਪੂਰੇ ਦੇਸ਼ ਨੂੰ ਇੱਕਜੁੱਟ ਰੱਖਣ ਦੀ ਲੋੜ ਹੈ ਤਾਂ ਭਾਜਪਾ ਮੰਤਰੀ ਦਾ ਇਹ ਘਿਣਾਉਣਾ ਬਿਆਨ ਨੇ ਵੱਖ-ਵੱਖ ਫਿਰਕਿਆਂ ਵਿੱਚ ਸਿਰਫ ਫੁੱਟ ਦੇ ਬੀਜ਼ ਪੈਦਾ ਕਰਨ ਦੀ ਹੀ ਨਹੀਂ ਕੀਤੀ ਸਗੋਂ ਸਾਡੀਆਂ ਹਥਿਆਰਬੰਦ ਸੈਨਾਵਾਂ ਦੇ ਮਨੋਬਲ ਨੂੰ ਘਟਾਉਣ ਦੀ ਵੀ ਕੋਸ਼ਿਸ਼ ਕੀਤੀ ਹੈ।
ਗਿੱਲ ਨੇ ਕਿਹਾ ਕਿ ਭਾਜਪਾ ਨੂੰ ਤੁਰੰਤ ਇਸ ਮੰਤਰੀ ਦੇ ਬਿਆਨ ਨਾਲੋਂ ਤੋੜਵਿਛੋੜਾ ਕਰਦਿਆਂ ਇਸਨੂੰ ਮੱਧ ਪ੍ਰਦੇਸ਼ ਕੈਬਨਿਟ ਵਿੱਚੋਂ ਬਾਹਰ ਕੱਢਣਾ ਚਾਹੀਦਾ ਹੈ। ਉਨ੍ਹਾਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੂੰ ਇੱਕ ਬੇਮਿਸਾਲ ਅਧਿਕਾਰੀ ਅਤੇ ਚੰਗਾ ਦੇਸ਼ ਸੇਵਕ ਦੱਸਦਿਆਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਸੱਜੇ-ਪੱਖੀ ਹੈਂਡਲਾਂ ਵੱਲੋਂ ਵਿਕਰਮ ਮਿਸਰੀ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਹਮਲਾ ਕਰਨ ਤੋਂ ਬਾਅਦ ਇਹ ਤਾਜ਼ਾ ਕੋਸ਼ਿਸ਼ਾਂ ਭਾਜਪਾ ਨੂੰ ਆਮ ਲੋਕਾਂ ਤੋਂ ਦੂਰ ਕਰਨ ਦਾ ਇੱਕ ਸਾਜਿਸ਼ੀ ਅਮਲ ਹੈ। ਗਿੱਲ ਨੇ ਕਿਹਾ ਕਿ ਜੇਕਰ ਭਾਜਪਾ ਇਸ ਮੰਤਰੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹ ਭਾਰਤੀ ਲੋਕਾਂ ਨੂੰ ਗਲਤ ਸੁਨੇਹਾ ਭੇਜੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਪਾਰਟੀ ਦੇਸ਼ ਤੋਂ ਉੱਪਰ ਨਹੀਂ ਹੋ ਸਕਦੀ।