ਸੀ.ਬੀ.ਐਸ.ਸੀ. ਦਸਵੀਂ ਨਤੀਜਾ: ਸੰਗਰੂਰ ਦੀ ਧੀ ਪਾਵਨੀ ਗੁਪਤਾ ਨੇ 99.8% ਅੰਕ ਕੀਤੇ ਹਾਸਲ
500 ਵਿੱਚੋਂ 499 ਅੰਕ ਪ੍ਰਾਪਤ ਕਰਨ ਵਾਲੀ ਪਾਵਨੀ ਗੁਪਤਾ ਹੋਰਨਾਂ ਵਿਦਿਆਰਥੀਆਂ ਲਈ ਬਣੀ ਪ੍ਰੇਰਨਾ ਸਰੋਤ
ਦਲਜੀਤ ਕੌਰ
ਸੰਗਰੂਰ, 16 ਅਪ੍ਰੈਲ, 2026: ਬੀਤੇ ਦਿਨ ਸੀ.ਬੀ.ਐਸ.ਸੀ. ਵੱਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਸੰਗਰੂਰ ਜ਼ਿਲ੍ਹੇ ਦੀ ਵਿਦਿਆਰਥਣ ਪਾਵਨੀ ਗੁਪਤਾ ਨੇ 500 ਵਿੱਚੋਂ 499 ਅੰਕ (99.8 ਫ਼ੀਸਦੀ) ਹਾਸਲ ਕਰਕੇ ਸੰਗਰੂਰ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
ਲਿਟਲ ਫਲਾਵਰ ਕਾਨਵੈਂਟ ਸਕੂਲ, ਸੰਗਰੂਰ ਦੀ ਵਿਦਿਆਰਥਣ ਪਾਵਨੀ ਗੁਪਤਾ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਉਸਦੇ ਪਿਤਾ ਹਿਤੇਸ਼ਵੀਰ ਗੁਪਤਾ ਜੋ ਕੇ ਪੀ.ਸੀ.ਐਸ. ਅਧਿਕਾਰੀ ਹਨ ਤੇ ਆਰ.ਟੀ.ਏ. ਸ਼੍ਰੀ ਅੰਮ੍ਰਿਤਸਰ ਸਾਹਿਬ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਮਾਤਾ ਲੀਜ਼ੀ ਅਗਰਵਾਲ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਉਹਨਾਂ ਲਈ ਮਾਣ ਅਤੇ ਖੁਸ਼ੀ ਵਾਲਾ ਦਿਨ ਹੈ ਕਿ ਉਨ੍ਹਾਂ ਦੀ ਧੀ ਨੇ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਆਪਣੀ ਮਿਹਨਤ ਅਤੇ ਲਗਨ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 500 ਵਿੱਚੋਂ 499 ਅੰਕ ਹਾਸਲ ਕੀਤੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਚਾਬਾ ਨੇ ਪਾਵਨੀ ਗੁਪਤਾ ਅਤੇ ਉਸਦੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਵਨੀ ਦੀ ਇਹ ਉਪਲਬਧੀ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਹੈ। ਉਨ੍ਹਾਂ ਕਿਹਾ ਕਿ ਲਗਨ, ਮਿਹਨਤ ਅਤੇ ਸਹੀ ਦਿਸ਼ਾ ਨਾਲ ਹਰ ਮਕਸਦ ਹਾਸਲ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਪਾਵਨੀ ਦੇ ਸੁਨਿਹਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਜ਼ਿਲ੍ਹੇ ਨੂੰ ਸਿੱਖਿਆ ਖੇਤਰ ਵਿੱਚ ਅੱਗੇ ਲੈ ਜਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
Click to Follow Babushahi Facebook page →