Big News: ਨਵੇਂ ਬੱਸ ਅੱਡੇ ਦਾ ਰੇੜਕਾ: ਹੁਣ ਘਰ ਫੂਕ ਤਮਾਸ਼ਾ ਦੇਖਣ ਵਰਗੀ ਲੜਾਈ ਵਿੱਢਣ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 29 ਜੁਲਾਈ 2025: ਮੁਲਕ ਨੂੰ ਅਜਾਦੀ ਮਿਲਣ ਵਾਲਾ ਮਹੀਨਾ ਚੜ੍ਹਨ ਸਾਰ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਨੇ ਬਠਿੰਡਾ ਦੇ ਨਵੇਂ ਬੱਸ ਅੱਡੇ ਦੇ ਨਿਰਮਾਣ ਖਿਲਾਫ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕਰ ਦਿੱਤਾ ਹੈ। ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਡਰੀਮ ਪ੍ਰਜੈਕਟ ਮਲੋਟ ਰੋਡ ਬੱਸ ਅੱਡੇ ਦੇ ਮੁਖ਼ਾਲਿਫ਼ਾਂ ਨੇ ਮੁੜ ਅੰਗੜਾਈ ਭਰੀ ਹੈ। ਅੱਜ ਸੰਘਰਸ਼ ਕਮੇਟੀ ਨੇ ਪੋਸਟਰ ਜਾਰੀ ਕਰਕੇ ਐਲਾਨ ਕੀਤਾ ਹੈ ਕਿ ਸ਼ਹਿਰ ਦੇ ਅੰਬੇਦਕਰ ਚੌਂਕ ਤੋਂ ਸਦਭਾਵਨਾ ਚੌਂਕ ਤੱਕ ਪਹਿਲੀ ਅਗਸਤ ਨੂੰ ਤਿੱਖੇ ਸੰਘਰਸ਼ ਦੇ ਨਗਾਰੇ ਤੇ ਚੋਟ ਲਾਈ ਜਾਏਗੀ। ਸੰਘਰਸ਼ ਕਮੇਟੀ ਨੇ ਸ਼ਹਿਰ ਵਾਸੀਆਂ ਅਤੇ ਇਲਾਕੇ ਦੀਆਂ ਇਨਸਾਫਪਸੰਦ ਧਿਰਾਂ ਨੂੰ ਇਸ ਲੋਕ ਵਿਰੋਧੀ ਫੈਸਲੇ ਨੂੰ ਬਦਲਾਉਣ ਲਈ ਸ਼ੁਰੂ ਕੀਤੇ ਸੰਘਰਸ਼ੀ ਜੱਗ ’ਚ ਆਪਣਾ ਸੀਰ ਪਾਉਣ ਦਾ ਸੱਦਾ ਦਿੱਤਾ। ਕਮੇਟੀ ਆਗੂਆਂ ਨੇ ਦੁਕਾਨਦਾਰਾਂ ਨੂੰ ਇਸ ਦਿਨ ‘ ਦੁਕਾਨਾਂ ਬੰਦ’ ਰੱਖਣ ਅਤੇ ਰੋਸ ਮੁਜਾਹਰੇ ’ਚ ਸ਼ਾਮਲ ਹੋਣ ਦਾ ਫੈਸਲਾ ਲਾਗੂ ਕਰਨ ਦੀ ਅਪੀਲ ਵੀ ਕੀਤੀ।
ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ ਨੇ ਕਿਹਾ ਕਿ ਅੱਜ ਸੰਗਰਾਮ ਨੂੰ ਪ੍ਰਚੰਡ ਰੂਪ ਦੇਣ ਦਾ ਅਹਿਦ ਕੀਤਾ ਗਿਆ ਹੈ ਕਿਉਂਕਿ ਹੁਣ ਚੁੱਪ ਬੈਠਣ ਦਾ ਸਮਾਂ ਖਤਮ ਹੋ ਗਿਆ ਹੈ। ਮਲੋਟ ਰੋਡ ’ਤੇ ਨਵਾਂ ਬੱਸ ਅੱਡਾ ਉਸਾਰਨ ਲਈ ਪਾਵਰਕੌਮ ਦੇ ‘ਬੋਰਡ ਆਫ਼ ਡਾਇਰੈਕਟਰਜ਼’ ਵੱਲੋਂ ਬਠਿੰਡਾ ਦੇ ਬੰਦ ਹੋਏ ਥਰਮਲ ਦੀ 30 ਏਕੜ ਜ਼ਮੀਨ ਦਿੱਤੇ ਜਾਣ ਮਗਰੋਂ ‘ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ’ ਦਾ ਇਹ ਦੂਸਰਾ ਵੱਡਾ ਹੱਲਾ ਹੈ। ਸੰਘਰਸ਼ ਕਮੇਟੀ ਦੇ ਆਗੂ ਤੇ ਕੌਂਸਲਰ ਸੰਦੀਪ ਬੌਬੀ ਨੇ ਸਰਕਾਰ ਵੱਲੋਂ ਬੱਸ ਅੱਡਾ ਬਨਾਉਣ ਲਈ ਅੱਗੇ ਵਧਾਏ ਕਦਮਾਂ ਨੂੰ ਕੁੱਲ ਖਲਕਤ ਨਾਲ ਦਗਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਪੰਜਾਬ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਆਖ ਚੁੱਕੇ ਹਨ ਕਿ ਲੋਕਾਂ ਦੀ ਸੋਲਾਹ ਤੋਂ ਬਗੈਰ ਕੋਈ ਕਦਮ ਨਹੀਂ ਪੁੱਟਿਆ ਜਾਏਗਾ ਤਾਂ ਬਠਿੰਡਾ ਪ੍ਰਸ਼ਾਸ਼ਨ ਮੁੱਠੀ ਭਰ ਭੂਮਾਫੀਆ ਦੇ ਮਨਾਫਿਆਂ ਖਾਤਰ ਆਮ ਲੋਕਾਂ ਨੂੰ ਸੂਲੀ ਟੰਗਣ ਤੇ ਤੁਲਿਆ ਹੋਇਆ ਹੈ।
ਸੰਘਰਸ਼ੀ ਆਗੂ ਗੁਰਵਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਇੱਕ ਪਾਸੇ ਪ੍ਰਸ਼ਾਸਨ ਵੱਲੋਂ ਅੱਡੇ ਬਾਰੇ ਫੈਸਲਾ ਲੈਣ ਲਈ ਸਮੀਖ਼ਿਆ ਕਮੇਟੀ ਬਣਾ ਕੇ ਲੋਕਾਂ ਦੀ ਰਾਇ ਜਾਣੀ ਜਾ ਰਹੀ ਹੈ, ਦੂਜੇ ਪਾਸੇ ਲੁਕਵੇਂ ਰੂਪ ਵਿੱਚ ਪਿੱਠ ’ਤੇ ‘ਵਾਰ’ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਕਿਸੇ ਵੀ ਕੀਮਤ ਤੇ ਚੁੱਪ ਬੈਠਕੇ ਤਮਾਸ਼ਾ ਦੇਖਣ ਦਾ ਸਮਾਂ ਨਹੀਂ ਇਸ ਲਈ ਅਜਾਮ ਲੋਕ, ਦੁਕਾਨਦਾਰ, ਮੁਲਾਜਮ ਅਤੇ ਵਿਦਿਆਰਥੀ ਸੰਘਰਸ਼ ਕਮੇਟੀ ਦੇ ਸਾਥ ਦੇਣ ਲਈ ਅੱਗੇ ਆਉਣ। ਸੰਘਰਸ਼ ਕਮੇਟੀ ਦੇ ਮੀਡੀਆ ਇੰਚਾਰਜ ਸੰਦੀਪ ਅਗਰਵਾਲ ਦਾ ਮੱਤ ਸੀ ਕਿ ਹੁਣ ਜਦੋਂ 15 ਅਗਸਤ ਨੂੰ ਟੋਅ ਵੈਨ ਖਿਲਾਫ ਸ਼ਹਿਰ ਬੰਦ ਕਰਕੇ ਧਰਨਾ ਲਾਇਆ ਜਾਣਾ ਹੈ ਤਾਂ ਇਸ ਤਪਦੇ ਲੋਹੇ ’ਤੇ ਸੱਟ ਮਾਰਨ ਲਈ ਵਧੀਆ ਮੌਕਾ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਜਦੋਂ ਪਹਿਲੀ ਅਗਸਤ ਨੂੰ ਅਜਾਦੀ ਦਾ ਸੂਰਜ ਚੜ੍ਹਨ ਵਾਲਾ ਮਹੀਨਾ ਸ਼ੁਰੂ ਹੋਣਾ ਹੈ ਤਾਂ ਲੋਕ ਪ੍ਰਸ਼ਾਸ਼ਨ ਵੱਲੋਂ ਦਿੱਤੀਆਂ ਗੰਢਾਂ ਨੂੰ ਖੋਹਲਣ ਲਈ ਸੜਕਾਂ ਤੇ ਨਿਤਰਨਗੇ।
ਸੰਘਰਸ਼ ਕਮੈਟੀ ਦੇ ਆਗੂ ਅਤੇ ਚਿਤਰਕਾਰ ਗੁਰਪ੍ਰੀਤ ਆਰਟਿਸਟ ਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਬੱਸ ਅੱਡਾ ਬਹਰ ਲਿਜਾਣ ਦੀ ਕਾਰਵਾਈ ਨੂੰ ਗੈਰਲੋਕਤਾਂਤਰਿਕ ਅਤੇ ਲੋਕ ਵਿਰੋਧੀ ਕਰਾਰ ਦਿੰਦਿਆਂ ਪੰਜਾਬ ਸਰਕਾਰ ਅਤੇ ਬਠਿੰਡਾ ਪ੍ਰਸ਼ਾਸ਼ਨ ਦੀ ਤਿੱਖੀ ਅਲੋਚਨਾ ਕੀਤੀ। ਦਾ ਇੰਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਬੱਸ ਅੱਡਾ ਤਬਦੀਲ ਹੋਣ ਨਾਲ ਸਵਾਰੀਆਂ ਨੂੰ ਜਾਨ ਮਾਲ ਦੇ ਖਤਰਿਆਂ ਦਾ ਸਾਹਮਣਾ ਕਰਨਾ ਪਵੇਗਾ। ਖਾਸ ਤੌਰ ਤੇ ਸਵੇਰੇ 4 ਵਜੇ ਜਾਂ ਅੱਧੀ ਰਾਤ ਤੱਕ ਬੱਸ ਸਫਰ ਕਰਦੇ ਹਨ ਤਾਂ ਉਨ੍ਹਾਂ ਦੀਆਂ ਇਸ ਪੱਖ ਤੋਂ ਮੁਸ਼ਕਲਾਂ ਵਧ ਜਾਣਗੀਆਂ ਜਦੋਂਕਿ ਸ਼ਹਿਰ ਦੇ ਅੰਦਰ ਬੱਸ ਅੱਡਾ ਹੋਣ ਕਾਰਨ ਲੋਕ ਇਸ ਤੋਂ ਪਹਿਲਾਂ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ। ਗੌਰਤਲਬ ਹੈ ਕਿ ਪੰਜਾਬ ਸਰਕਾਰ ਵੱਲੋਂ ਬਠਿੰਡਾ ਸ਼ਹਿਰ ਦੇ ਵਿਚਕਾਰ ਬਣੇ ਮੌਜੂਦਾ ਬੱਸ ਅੱਡੇ ਨੂੰ ਸ਼ਹਿਰੋਂ ਬਾਹਰ ਮਲੋਟ ਰੋਡ ’ਤੇ ਲਿਜਾਏ ਜਾਣ ਦੀ ਤਜਵੀਜ਼ ’ਤੇ ਕੰਮ ਚੱਲ ਰਿਹਾ ਹੈ। ‘ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ’ ਪਿਛਲੇ ਕਈ ਦਿਨਾਂ ਤੋਂ ਇਸ ਤਜਵੀਜ਼ ਦੀ ਮੁਖ਼ਾਲਫ਼ਤ ਕਰ ਰਹੀ ਹੈ।
ਇਹ ਹੈ ਬੱਸ ਅੱਡੇ ਦਾ ਪ੍ਰਜੈਕਟ
ਥਰਮਲ ਪਲਾਂਟ ਦੀ 30 ਏਕੜ ਜਗ੍ਹਾ ’ਚ ਬੱਸ ਅੱਡਾ ਬਨਾਉਣ ਦੀ ਯੋਜਨਾ ਹੈ। ਇਸ ਵਿੱਚ 2 ਏਕੜ ਥਾਂ ਵਪਾਰਿਕ ਮੰਤਵ ਲਈ ਹੈ ਜਦੋਂਕਿ 4 ਏਕੜ ਵਿੱਚ ਵਰਕਸ਼ਾਪ ਬਣਾਈ ਜਾਣੀ ਹੈ ਅਤੇ ਕਰੀਬ 11 ਏਕੜ ਵਿੱਚ ਏਸੀ ਬੱਸ ਅੱਡਾ ਬਣੇਗਾ। ਅਕਤੂਬਰ 2023 ’ਚ ਬਠਿੰਡਾ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੀ ਸਲਾਹ ਨਾਲ ਬੱਸ ਅੱਡਾ ਬਨਾਉਣ ਅਤੇ 2024 ’ਚ ਦੋ ਬੱਸ ਅੱਡਿਆਂ ਦੀ ਗੱਲ ਆਖੀ ਸੀ।
ਇੱਥੇ ਜਾਣ ਵਾਲਿਆਂ ਨੂੰ ਰਗੜਾ
ਮਲੋਟ ਰੋਡ ਤੇ ਬੱਸ ਅੱਡਾ ਸ਼ਿਫਟ ਹੋਣ ਨਾਲ ਸਭ ਤੋਂ ਵੱਡੀ ਸਮੱਸਿਆ ਜਿਲ੍ਹਾ ਕਚਹਿਰੀਆਂ, ਆਮਦਨ ਕਰ ਦਫਤਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡਿਪੂ, ਤਹਿਸੀਲਦਾਰ, ਡਿਪਟੀ ਕਮਿਸ਼ਨਰ ਤੇ ਪੁਲਿਸ ਪ੍ਰਸ਼ਾਸ਼ਨ ਵਗੈਰੇ ਦੇ ਦਫਤਰਾਂ ’ਚ ਕੰਮ ਧੰਦੇ ਲਈ ਜਾਣ ਵਾਲਿਆਂ ਨੂੰ ਆਵੇਗੀ ਜੋ ਮੌਜੂਦਾ ਬੱਸ ਅੱਡੇ ਦੇ ਨਜ਼ਦੀਕ ਹੈ। ਪਿੰਡਾਂ ਸ਼ਹਿਰਾਂ ਅਤੇ ਹੋਰਨਾਂ ਸੂਬਿਆਂ ਚੋਂ ਆਉਂਦੇ ਲੋਕਾਂ ਲਈ ਵੀ ਬੱਸ ਅੱਡਾ ਮਹੱਤਵਪੂਰਨ ਸਹੂਲਤ ਹੈ ਜੋਕਿ ਤਬਦੀਲ ਹੋਣ ਨਾਲ ਖਤਮ ਹੋ ਜਾਏਗੀ। ਇਸ ਤੋਂ ਇਲਾਵਾ ਦਰਜਨਾਂ ਦੀ ਗਿਣਤੀ ’ਚ ਪ੍ਰਾਈਵੇਟ ਹਸਪਤਾਲਾਂ ਅਤੇ ਸਰਕਾਰੀ ਹਸਪਤਾਲ ਦੇ ਨਜ਼ਦੀਕ ਹੋਣ ਕਰਕੇ ਇਹ ਬੱਸ ਅੱਡਾ ਵਰਦਾਨ ਹੈ ।