ਪੰਜਾਬ 'ਚ ਵੱਡੀ ਵਾਰਦਾਤ; ਨੌਜਵਾਨ ਨੂੰ ਮਾਰੀਆਂ ਗੋਲੀਆਂ... ਫਿਰ ਗੱਡੀ ਨੂੰ ਲਾ'ਤੀ ਅੱਗ- ਮੌਤ
ਪੁਲਿਸ ਦੱਸ ਰਹੀ ਹੈ ਨਿੱਜੀ ਰੰਜਿਸ਼
ਦੀਪਕ ਜੈਨ
ਜਗਰਾਉਂ, 30 ਜੁਲਾਈ 2025- ਬੀਤੀ ਰਾਤ ਲਾਗਲੇ ਪਿੰਡ ਕੋਠੇ ਸ਼ੇਰ ਸਿੰਘ ਵਿਖੇ ਇੱਕ ਸਕਾਰਪੀਓ ਸਵਾਰ ਨੌਜਵਾਨ ਨੂੰ ਕੁਝ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਗਿਆ ਅਤੇ ਉਸਦੀ ਸਕਾਰਪੀਓ ਗੱਡੀ ਨੂੰ ਵੀ ਅੱਗ ਲਗਾ ਦਿੱਤੀ ਗਈ ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ ਸੀ। ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਜਗਰਾਉਂ ਲਿਜਾਇਆ ਗਿਆ ਜਿੱਥੋਂ ਸਿਵਿਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਉਸ ਦੀ ਗੰਭੀਰ ਹਾਲਤ ਦੇਖਦਿਆਂ ਹੋਇਆਂ ਲੁਧਿਆਣਾ ਰੈਫਰ ਕਰ ਦਿੱਤਾ ਸੀ ਤੇ ਅੱਜ ਸਵੇਰੇ ਉਸ ਦੀ ਮੌਤ ਹੋਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ।
ਵਾਪਰੀ ਘਟਨਾ ਦੀ ਸੂਚਨਾ ਜਦੋਂ ਪੁਲਿਸ ਤੱਕ ਪਹੁੰਚੀ ਤਾਂ ਥਾਣਾ ਸਿਟੀ ਜਗਰਾਉਂ ਦੇ ਮੁਖੀ ਇੰਸਪੈਕਟਰ ਵਰਿੰਦਰ ਸਿੰਘ ਅਤੇ ਸਬ ਡਿਵੀਜ਼ਨ ਜਗਰਾਉਂ ਦੇ ਡੀਐਸਪੀ ਜਸਜਿਓਤ ਸਿੰਘ ਮੌਕੇ ਤੇ ਪਹੁੰਚੇ। ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਜਸਕੀਰਤ ਸਿੰਘ ਜੱਸਾ ਜੋ ਕਿ ਪਹਿਲਾਂ ਅਖਾੜਾ ਪਿੰਡ ਵਿੱਚ ਰਹਿੰਦਾ ਸੀ ਅਤੇ ਦੋ ਸਾਲ ਪਹਿਲਾਂ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਆਈਆਂ ਸਨ।
ਜਸਕੀਰਤ ਸ਼ੇਅਰ ਮਾਰਕੀਟ ਵਿੱਚ ਇਨਵੈਸਟਮੈਂਟ ਕਰਨ ਅਤੇ ਕਰਵਾਉਣ ਦਾ ਕੰਮ ਕਰਦਾ ਸੀ ਤੇ ਧਮਕੀ ਤੋਂ ਬਾਅਦ ਇਹ ਲੁਧਿਆਣਾ ਜਾ ਕੇ ਰਹਿਣ ਲੱਗ ਗਿਆ ਸੀ ਅਤੇ ਕੁਝ ਹਫਤੇ ਪਹਿਲਾਂ ਹੀ ਕੋਠੇ ਸ਼ੇਰ ਜੰਗ ਵਿਖੇ ਆ ਕੇ ਰਹਿਣ ਲੱਗਿਆ। ਪ੍ਰਤੱਖ ਦਰਸੀਆਂ ਨੇ ਦੱਸਿਆ ਕਿ ਜਦੋਂ ਉਹਨਾਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਤਾਂ ਉਹ ਦੌੜ ਕੇ ਮੌਕੇ ਤੇ ਪਹੁੰਚੇ ਤਾਂ ਗੱਡੀ ਧੂ ਧੂ ਕਰਕੇ ਜਲ ਰਹੀ ਸੀ ਅਤੇ ਅੰਦਰ ਜਖਮੀ ਨੂੰ ਬਾਹਰ ਕੱਢ ਕੇ ਫੌਰੀ ਤੌਰ ਤੇ ਸਿਵਲ ਹਸਪਤਾਲ ਜਗਰਾਉਂ ਪਹੁੰਚਾਇਆ ਗਿਆ।
ਦੱਸਿਆ ਕਿ ਹਮਲਾਵਰ, ਜਿਨ੍ਹਾਂ ਦੇ ਮੂੰਹ 'ਤੇ ਕੱਪੜਾ ਬੰਨ੍ਹਿਆ ਹੋਇਆ ਸੀ, ਨੌਜਵਾਨ ਦਾ ਪਿੱਛਾ ਕਰ ਰਹੇ ਸਨ ਅਤੇ ਮੋਟਰਸਾਈਕਲ 'ਤੇ ਸਵਾਰ ਸਨ। ਜਿਵੇਂ ਹੀ ਜਸਕੀਰਤ ਸਿੰਘ ਮੌਕੇ 'ਤੇ ਪਹੁੰਚਿਆ, ਉਸ 'ਤੇ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਦੀ ਆਵਾਜ਼ ਨੇ ਕੋਠਾ ਸ਼ੇਰਜੰਗ ਪਿੰਡ ਵਿੱਚ ਦਹਿਸ਼ਤ ਫੈਲਾ ਦਿੱਤੀ। ਜਸਕੀਰਤ ਆਪਣੇ ਨਾਲ ਲਾਈਸੰਸੀ ਹਥਿਆਰ ਵੀ ਰੱਖਦਾ ਸੀ ਪਰ ਅੱਗ ਲੱਗਣ ਕਾਰਨ ਉਸ ਦਾ ਹਥਿਆਰ ਅਤੇ ਮੈਗਜੀਨ ਵੀ ਅੱਗ ਵਿੱਚ ਸੜ ਕੇ ਸੁਆਹ ਹੋ ਗਏ। ਪਿੰਡ ਵਾਸੀਆਂ ਨੇ ਕਿਹਾ ਕਿ ਇਲਾਕੇ ਦੇ ਹਾਲਾਤ ਪੁਲਿਸ ਦੇ ਕੰਟਰੋਲ ਤੋਂ ਬਾਹਰ ਹੁੰਦੇ ਜਾ ਰਹੇ ਹਨ।