ਸਿਹਤ ਸੋਸਾਇਟੀ ਦੀ ਮੀਟਿੰਗ ਦੌਰਾਨ ਬਰਸਾਤਾਂ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਪਲਾਨ ਤਿਆਰ ਕੀਤਾ
- ਡੇਂਗੂ, ਦਸਤ ਰੋਕੂ ਅਤੇ ਮੀਜਲ ਰੂਬੇਲਾ ਮੁਹਿੰਮ ਸਬੰਧੀ ਹਦਾਇਤਾਂ ਜਾਰੀ ਕੀਤੀਆਂ
ਰੋਹਿਤ ਗੁਪਤਾ
ਗੁਰਦਾਸਪੁਰ, 29 ਜੁਲਾਈ 2025 - ਸਹਾਇਕ ਕਮਿਸ਼ਨਰ ਅਦਿੱਤਿਆ ਗੁਪਤਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਿਹਤ ਸੋਸਾਇਟੀ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫ਼ਰੰਸ ਹਾਲ ਵਿਖੇ ਹੋਈ। ਇਸ ਮੌਕੇ ਸਹਾਇਕ ਕਮਿਸ਼ਨਰ ਅਦਿੱਤਿਆ ਗੁਪਤਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਂਗੂ ਦੀ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਤੇਜ਼ ਕੀਤੀ ਜਾਵੇ। ਸ਼ੱਕੀ ਡੇਂਗੂ, ਮਲੇਰੀਆ ਕੇਸਾਂ ਦੀ ਟੈਸਟਿੰਗ ਵਧਾਈ ਜਾਵੇ ਅਤੇ ਘਰ-ਘਰ ਜਾ ਕੇ ਲਾਰਵਾ ਚੈੱਕ ਕੀਤਾ ਜਾਵੇ ਅਤੇ ਜਿੱਥੇ ਲਾਰਵਾ ਮਿਲਦਾ ਹੈ ਉਸ ਨੂੰ ਨਸ਼ਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਜਾਵੇ ਅਤੇ ਵਾਟਰ ਸੈਂਪਲਿੰਗ ਵੀ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਸੱਪ ਦੇ ਕੱਟਣ ਦੇ ਮਾਮਲੇ ਵੀ ਵੱਧ ਜਾਂਦੇ ਹਨ, ਇਸ ਲਈ ਫ਼ੀਲਡ ਸਟਾਫ਼ ਲੋਕਾਂ ਨੂੰ ਸੱਪ ਦੇ ਕੱਟਣ ਤੋਂ ਬਚਾਓ ਅਤੇ ਇਲਾਜ ਬਾਰੇ ਦੱਸੇ।
ਉਨ੍ਹਾਂ ਕਿਹਾ ਕਿ ਸਮੂਹ ਸਿਹਤ ਸੰਸਥਾਵਾਂ 100 ਫ਼ੀਸਦੀ ਟੀਕਾਕਰਨ ਨੂੰ ਯਕੀਨੀ ਬਣਾਉਣ ਅਤੇ ਟੀਕਾਕਰਨ ਦਾ ਸਾਰਾ ਰਿਕਾਰਡ ਆਨਲਾਈਨ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨੀਂ ਮੀਜਲ ਰੂਬੇਲਾ ਅਲੀਮੀਨੇਸ਼ਨ ਮੁਹਿੰਮ ਜਾਰੀ ਹੈ ਅਤੇ ਜਿਨ੍ਹਾਂ ਬੱਚਿਆਂ ਨੂੰ ਇਹ ਟੀਕਾ ਨਹੀਂ ਲੱਗਾ ਹੈ ਉਨ੍ਹਾਂ ਦੀ ਭਾਲ ਕਰਕੇ ਟੀਕਾਕਰਨ ਕੀਤਾ ਜਾਵੇ।
ਮੀਟਿੰਗ ਦੌਰਾਨ ਸਹਾਇਕ ਸਿਵਲ ਸਰਜਨ ਡਾਕਟਰ ਪ੍ਰਭਜੋਤ ਕੌਰ ਕਲਸੀ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਅਹਿਤਿਆਤ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਬਰਸਾਤ ਦੇ ਮੌਸਮ ਦੌਰਾਨ ਅਕਸਰ ਹੀ ਦਸਤ ਦੀ ਬਿਮਾਰੀ ਫੈਲ ਜਾਂਦੀ ਹੈ ਅਤੇ ਦਸਤ ਦੀ ਬਿਮਾਰੀ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਅਗਲੇ 2 ਮਹੀਨੇ ਤੱਕ ਦਸਤ ਰੋਕੂ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਸਮੂਹ ਆਸ਼ਾ ਵਰਕਰਾਂ ਵੱਲੋਂ ਉਨ੍ਹਾਂ ਘਰਾਂ ਵਿੱਚ ਓ.ਆਰ.ਐੱਸ. ਦੇ ਪੈਕੇਟ ਦਿੱਤੇ ਜਾ ਰਹੇ ਹਨ ਜਿਨ੍ਹਾਂ ਦੇ ਬੱਚੇ 5 ਸਾਲ ਤੱਕ ਦੇ ਹਨ। ਇਹ ਓ.ਆਰ.ਐੱਸ. ਪੈਕੇਟ ਬਿਲਕੁਲ ਮੁਫ਼ਤ ਹਨ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨੂੰ ਓ.ਆਰ.ਐੱਸ. ਬਣਾਉਣਾ ਵੀ ਸਿਖਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਸਤ ਦੀ ਰੋਕਥਾਮ ਲਈ ਓ.ਆਰ.ਐੱਸ. ਅਤੇ ਜ਼ਿੰਕ ਦਾ ਸੁਮੇਲ ਬਹੁਤ ਫ਼ਾਇਦੇਮੰਦ ਹੁੰਦਾ ਹੈ।
ਡਾ. ਪ੍ਰਭਜੋਤ ਕੌਰ ਕਲਸੀ ਜੀ ਨੇ ਕਿਹਾ ਕਿ ਮੱਛਰ ਜਣਿਤ ਰੋਗਾਂ ਦੀ ਰੋਕਥਾਮ ਲਈ ਜ਼ਿਲ੍ਹੇ ਵਿੱਚ ਵੱਖ ਵੱਖ ਥਾਈਂ 'ਡਰਾਈ ਫਰਾਈ ਡੇਅ' ਗਤੀਵਿਧੀਆਂ ਕੀਤੀ ਜਾ ਰਹੀਆਂ ਹਨ। ਲੋੜ ਅਨੁਸਾਰ ਫੋਗਿੰਗ ਵੀ ਕਰਵਾਈ ਜਾ ਰਹੀ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਡੇਂਗੂ ਰੋਕਥਾਮ ਲਈ ਗਤੀਵਿਧੀਆਂ ਕਰਵਾਈ ਜਾ ਰਹੀਆਂ ਹਨ । ਫ਼ੀਲਡ ਸਟਾਫ਼ ਵੱਲੋਂ ਮਲੇਰੀਆ ਜਾਂਚ ਲਈ ਘਰਾਂ ਅਤੇ ਹੋਰ ਜਗਾ ਤੇ ਮੱਛਰ ਦੇ ਲਾਰਵੇ ਦੀ ਜਾਂਚ ਕੀਤੀ ਜਾ ਰਹੀ ਹੈ।ਮੱਛਰ ਨਾ ਹੋਣ ਇਸ ਲਈ ਲੋਕਾਂ ਨੂੰ ਉਪਾਅ ਦੱਸੇ ਗਏ ਹਨ।
ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਗੁਰਪ੍ਰੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਤੇ ਵੀ ਫ਼ਾਲਤੂ ਜਗ੍ਹਾ ਜਾ ਵਸਤੂ ਵਿੱਚ ਪਾਣੀ ਨਾ ਜਮਾ ਹੋਣ ਦੇਣ। ਜੇ ਕਿਤੇ ਮੱਛਰ ਦਾ ਲਾਰਵਾ ਹੋਵੇ, ਉਸ ਨੂੰ ਨਸ਼ਟ ਕੀਤਾ ਜਾਵੇ। ਮੱਛਰ ਜਣਿਤ ਰੋਗਾਂ ਤੋ ਬਚਾਅ ਕੀਤਾ ਜਾਵੇ। ਬੁਖ਼ਾਰ ਹੋਣ ਤੇ ਤੁਰੰਤ ਨੇੜਲੇ ਸਿਹਤ ਕੇਂਦਰ ਤੋ ਜਾਂਚ ਕਰਵਾਈ ਜਾਵੇ। ਡਾਕਟਰ ਦੀ ਸਲਾਹ ਨਾਲ ਹੀ ਦਵਾਈ ਖਾਦੀ ਜਾਵੇ। ਸਿਰਫ਼ ਸਾਫ਼ ਪਾਣੀ ਦਾ ਸੇਵਨ ਕੀਤਾ ਜਾਵੇ । ਪਾਣੀ ਉਬਾਲ ਕੇ ਠੰਢਾ ਕਰਕੇ ਜਾ ਕਲੋਰੀਨੇਸ਼ਨ ਕੀਤਾ ਪਾਣੀ ਹੀ ਪੀਤਾ ਜਾਵੇ ।
ਇਸ ਮੌਕੇ ਐੱਸ.ਡੀ.ਐਮ. ਕਲਾਨੌਰ ਜਯੋਤਸਨਾ ਸਿੰਘ, ਵੱਖ-ਵੱਖ ਵਿਭਾਗਾਂ ਦੇ ਮੁਖੀ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਮਤਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਅੰਕੁਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਆਦਿ ਹਾਜ਼ਰ ਸਨ।