ਸਿਕੰਦਰ ਮਲੂਕਾ ਦੀ ਘਰ ਵਾਪਿਸੀ: ਓੜਕ ਪੁੱਤ ਬਸੰਤਿਆ ਆ ਹੱਟੀ ਤੇ ਬੈਠ
ਅਸ਼ੋਕ ਵਰਮਾ
ਬਠਿੰਡਾ, 14 ਜੂਨ 2025 : ਪਿਛਲੇ ਲੰਮੇਂ ਸਮੇਂ ਲਾਈਆਂ ਜਾ ਰਹੀਆਂ ਕਿਆਸਾ ਅਰਾਈਆਂ ਨੂੰ ਸੱਚ ਕਰਦਿਆਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸ਼੍ਰੋਮਣੀ ਅਕਾਲੀ ਦਲ ’ਚ ਵਾਪਿਸੀ ਕਰ ਲਈ ਹੈ ਜਿਸ ਨੂੰ ਅਕਾਲੀ ਦਲ ਸੁਧਾਰ ਲਹਿਰ ਲਈ ਵੱਡਾ ਝਟਕਾ ਅਤੇ ਬਾਦਲ ਪ੍ਰੀਵਾਰ ਵਾਸਤੇ ਵਰਦਾਨ ਸਿਆਸੀ ਕਦਮ ਮੰਨਿਆ ਜਾ ਰਿਹਾ ਹੈ। ਸਿਕੰਦਰ ਸਿੰਘ ਮਲੂਕਾ ਨੂੰ ਅਨੁਸ਼ਾਸਨੀ ਕਮੇਟੀ ਦੇ ਮੁਖੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਠੀਕ ਇੱਕ ਸਾਲ ਬਾਅਦ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਭੂੰਦੜ ਦੀ ਮੌਜੂਦਗੀ ’ਚ ਪਾਰਟੀ ’ਚ ਸ਼ਾਮਲ ਕਰ ਲਿਆ। ਮਲੂਕਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀਆਂ ਚੋਂ ਇੱਕ ਸਨ ਜਿੰਨ੍ਹਾਂ ਨੇ ਪਾਰਟੀ ਅਤੇ ਸਰਕਾਰ ਵਿੱਚ ਅਹਿਮ ਜਿੰਮੇਵਾਰੀਆਂ ਨਿਭਾਈਆਂ ਹਨ। ਮਲੂਕਾ ਲਗਾਤਰ 28 ਸਾਲ ਬਠਿੰਡਾ ਦੇ ਜਿਲ੍ਹਾ ਪ੍ਰਧਾਨ ਰਹੇ ਹਨ। ਮਲੂਕਾ ਨੇ ਕਿਹਾ ਕਿ ਉਨ੍ਹਾਂ ਅਕਾਲੀ ਵਜੋਂ ਜਨਮ ਲਿਆ ਹੈ ਅਤੇ ਅਕਾਲੀ ਹੀ ਮਰਨਗੇ।
ਮਲੂਕਾ ਨੇ ਕਿਹਾ ਕਿ ਉਹ ਪਿਛਲੇ ਕੁੱਝ ਮਹੀਨਿਆਂ ਤੋਂ ਅਕਾਲੀ ਦਲ ਅਤੇ ਸਿਆਸੀ ਸਰਗਰਮੀਆਂ ਤੋਂ ਦੂਰ ਰਹੇ ਪਰ ਦਿਲ ਅਕਾਲੀ ਦਲ ਲਈ ਹੀ ਧੜਕਦਾ ਸੀ। ਉਹਨਾਂ ਕਿਹਾ ਕਿ ਵੁਹਨਾਂ ਆਪਣੇ ਆਪ ਨੂੰ ਕਦੇ ਵੀ ਅਕਾਲੀ ਦਲ ਤੋਂ ਵੱਖ ਨਹੀਂ ਸਮਝਿਆ ਹੈ। ਉਹਨਾਂ ਦਾਅਵਾ ਕੀਤਾ ਕਿ ਉਹਨਾਂ ਹਮੇਸ਼ਾ ਸ਼ਰੋਮਣੀ ਅਕਾਲੀ ਦਲ ਦੀ ਬਿਹਤਰੀ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਚ ਮੁੜ ਸਰਗਰਮ ਹੋਣ ਦਾ ਫੈਸਲਾ ਉਨ੍ਹਾਂ ਵਰਕਰਾਂ ਦੀਆਂ ਭਾਵਨਾਵਾਂ ਅਤੇ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਧਿਆਨ ਚ ਰੱਖ ਕੇ ਲਿਆ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਇਸ ਸਮੇਂ ਮਜ਼ਬੂਤ ਖੇਤਰੀ ਪਾਰਟੀ ਤੋਂ ਇਲਾਵਾ ਸੂਬੇ ਅਤੇ ਪੰਥਕ ਹਿੱਤਾਂ ਲਈ ਅਕਾਲੀ ਦਲ ਨਾਲ ਸਬੰਧਿਤ ਸਮੂਹ ਆਗੂਆਂ ਨੂੰ ਇੱਕ ਝੰਡੇ ਹੇਠ ਇਕੱਠੇ ਹੋਣ ਦੀ ਲੋੜ ਹੈ। ਇਸ ਮੌਕੇ ਹਰਿੰਦਰ ਸਿੰਘ ਹਿੰਦਾ ਮਹਿਰਾਜ, ਸਾਬਕਾ ਚੇਅਰਮੈਨ ਸਤਨਾਮ ਸਿੰਘ ਭਾਈਰੂਪਾ, ਸਾਬਕਾ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਰਾਕੇਸ਼ ਗੋਇਲ, ਜਗਮੋਹਨ ਲਾਲ ਭਗਤਾ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਹਾਜ਼ਰ ਸਨ।
Click to Follow Babushahi Facebook page →