ਵਿਧਾਇਕ ਜਿੰਪਾ ਨੇ ਸਟਰੀਟ ਲਾਈਟਾਂ ਦਾ ਕੀਤਾ ਉਦਘਾਟਨ
27 ਲੱਖ ਰੁਪਏ ਦੀ ਲਾਗਤ ਨਾਲ ਲਗਾਈਆ ਗਈਆਂ ਹਨ 48 ਸਟਰੀਟ ਲਾਈਟਾਂ
ਹੁਸ਼ਿਆਰਪੁਰ, 21 ਜੂਨ:
ਵਿਕਾਸਸ਼ੀਲ ਅਤੇ ਸੁਰੱਖਿਅਤ ਹੁਸ਼ਿਆਰਪੁਰ ਦੀ ਦਿਸ਼ਾ ਵਿਚ ਇਕ ਹੋਰ ਮਹੱਤਵਪੂਰਨ ਕਦਮ ਉਠਾਉਂਦੇ ਹੋਏ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਨਗਰ ਨਿਗਮ ਚੌਕ ਤੋਂ ਊਨਾ ਰੋਡ ਤੱਕ (ਨਗਰ ਨਿਗਮ ਸੀਮਾ ਤੱਕ) ਸੜਕ ’ਤੇ 27 ਲੱਖ ਰੁਪਏ ਦੀ ਲਾਗਤ ਨਾਲ ਸਥਾਪਿਤ 48 ਸਟਰੀਟ ਲਾਈਟਾਂ ਦਾ ਉਦਘਾਟਨ ਕਰਕੇ ਇਸ ਨੂੰ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ। ਇਹ ਸਥਾਨਕ ਨਾਗਰਿਕਾਂ ਨੂੰ ਸਮਰਪਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਕੇਵਲ ਰੌਸ਼ਨੀ ਦੀ ਸੁਵਿਧਾ ਲਈ ਹੀ ਨਹੀਂ ਬਲਕਿ ਸ਼ਹਿਰ ਦੀ ਸੁੰਦਰਤਾ ਅਤੇ ਢਾਂਚੇ ਵਿਚ ਸੁਧਾਰ ਦਾ ਸੰਕੇਤ ਵੀ ਹੈ।
ਵਿਧਾਇਕ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚੱਲਦੇ ਹੋਏ ਹੁਸ਼ਿਆਰਪੁਰ ਨੂੰ ਇਕ ਆਦਰਸ਼ ਸ਼ਹਿਰ ਬਣਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿਚ ਸਟਰੀਟ ਲਾਈਟਾਂ ਲਗਾਈਆਂ ਜਾ ਚੁੱਕੀਆਂ ਹਨ ਅਤੇ ਭਵਿੱਖ ਵਿਚ ਵੀ ਨਗਰ ਨਿਗਮ ਹੱਦ ਅੰਦਰ ਆਉਣ ਵਾਲੇ ਉਨ੍ਹਾਂ ਸਾਰੇ ਇਲਾਕਿਆਂ ਵਿਚ ਰੌਸ਼ਨੀ ਦੀ ਵਿਵਸਥਾ ਕੀਤੀ ਜਾਵੇਗੀ ਜਿਥੇ ਲੋਕ ਸਵੇਰ-ਸ਼ਾਮ ਸੈਰ ਕਰਦੇ ਹਨ ਜਾਂ ਆਵਾਜਾਈ ਵਧੇਰੇ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਵਿਚ ਰੌਸ਼ਨੀ ਦੀ ਵਿਵਸਥਾ ਹੋਣ ਨਾਲ ਨਾ ਕੇਵਲ ਸੁਰੱਖਿਆ ਯਕੀਨੀ ਹੋਵੇਗੀ ਬਲਕਿ ਸੜਕ ਦੁਰਘਟਨਾਵਾਂ ਦੀ ਸੰਭਾਵਨਾ ਵੀ ਘੱਟ ਹੋਵੇਗੀ। ਇਹ ਪਹਿਲ ਵਿਸ਼ੇਸ਼ ਤੌਰ ’ਤੇ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਲਈ ਆਰਾਮਦਾਇਕ ਵਾਤਾਵਰਣ ਤਿਆਰ ਕਰਨ ਵਿਚ ਸਹਾਇਕ ਸਿੱਧ ਹੋਵੇਗੀ।ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਡਿਪਟੀ ਮੇਅਰ ਰਣਜੀਤ ਚੌਧਰੀ, ਕੌਂਸਲਰ ਵਿਜੇ ਅਗਰਵਾਲ, ਕੌਂਸਲਰ ਪ੍ਰਦੀਪ ਬਿੱਟੂ, ਕੁਲਵਿੰਦਰ ਸਿੰਘ ਹੁੰਦ, ਸੁਰਿੰਦਰ ਭੋਗਲ, ਬਲਵਿੰਦਰ ਰਾਣਾ, ਖੁਸ਼ੀ ਰਾਮ ਧੀਮਾਨ, ਵਾਰਡ ਪ੍ਰਧਾਨ ਜੋਗਿੰਦਰ ਰਾਜਾ, ਸੰਜੇ ਸ਼ਰਮਾ, ਸੁਮੇਸ਼ ਸੈਣੀ, ਵਰਿੰਦਰ ਵੈਦ, ਪਰਮਜੀਤ ਪੰਮਾ, ਰਾਕੇਸ਼ ਕੁਮਾਰ ਬਿੱਲਾ ਅਤੇ ਬਲਵਿੰਦਰ ਬਾਘਾ ਸਮੇਤ ਕਈ ਹੋਰ ਪਤਵੰਤੇ ਵੀ ਮੌਜੂਦ ਸਨ।