ਮੁਕਤਸਰ ਪੁਲਿਸ ਵੱਲੋਂ ਪੂਰਾ ਸਾਲ ਨਸ਼ਿਆਂ ਖਿਲਾਫ ਸਖਤ ਕਾਰਵਾਈ ਅਤੇ ਫੈਲਾਈ ਜਾਗਰੂਕਤਾ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ , 28 ਦਸੰਬਰ 2025 :ਸਾਲ 2025 ਦੌਰਾਨ ਜ਼ਿਲ੍ਹਾ ਪੁਲਿਸ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿੱਥੇ ਜ਼ਿਲ੍ਹੇ ਦੇ ਲੋਕਾਂ ਨਾਲ ਮਜ਼ਬੂਤ ਸਾਂਝ ਬਣਾਈ ਗਈ, ਉੱਥੇ ਹੀ ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਸ਼ਿਆਂ ਖ਼ਿਲਾਫ਼ ਪ੍ਰਭਾਵਸ਼ਾਲੀ ਅਤੇ ਨਤੀਜਾ-ਮੁੱਖੀ ਕਾਰਵਾਈ ਕਰਦਿਆਂ ਕਈ ਮਹੱਤਵਪੂਰਨ ਪ੍ਰਾਪਤੀਆਂ ਹਾਸਲ ਕੀਤੀਆਂ ਗਈਆਂ।
ਸ਼੍ਰੀ ਅਭਿਮਨਿਊ ਰਾਣਾ, ਆਈ.ਪੀ.ਐਸ., ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਲੋਕਾਂ ਨਾਲ ਸਿੱਧਾ ਰਾਬਤਾ ਵਧਾਉਂਦੇ ਹੋਏ ਨਸ਼ਿਆਂ ਖ਼ਿਲਾਫ਼ ਵਿਸ਼ਾਲ ਪੱਧਰ ’ਤੇ ਜਨ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸਦੇ ਨਾਲ-ਨਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਅਤੇ ਸਾਇਬਰ ਅਪਰਾਧਾਂ ਤੋਂ ਬਚਾਅ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮਕਸਦ ਲਈ ਪੁਲਿਸ ਵੱਲੋਂ ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ, ਜੋ ਹਰ ਰੋਜ਼ ਦਿਨ ਅਤੇ ਰਾਤ ਦੇ ਸਮੇਂ ਪਿੰਡਾਂ ਅਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਪ੍ਰੋਜੈਕਟਰ ਰਾਹੀਂ ਜਨ ਜਾਗਰੂਕਤਾ ਫਿਲਮਾਂ ਦਿਖਾਉਂਦੀ ਰਹੀ ਅਤੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਤਰ੍ਹਾਂ ਪੁਲਿਸ ਅਤੇ ਜਨਤਾ ਵਿਚਕਾਰ ਸਿੱਧਾ ਸੰਪਰਕ ਬਣਦਾ ਹੈ, ਜਿਸ ਨਾਲ ਲੋਕ ਪੁਲਿਸ ਨੂੰ ਆਪਣੀ ਮਦਦਗਾਰ ਸੰਸਥਾ ਸਮਝਦੇ ਹੋਏ ਨਸ਼ਾ ਤਸਕਰਾਂ ਬਾਰੇ ਕੀਮਤੀ ਜਾਣਕਾਰੀ ਸਾਂਝੀ ਕਰਦੇ ਹਨ। ਇਸ ਉਪਰਾਲੇ ਨਾਲ ਪੁਲਿਸ ਪ੍ਰਤੀ ਲੋਕਾਂ ਦੇ ਨਜ਼ਰੀਏ ਵਿੱਚ ਵੀ ਸਕਾਰਾਤਮਕ ਬਦਲਾਅ ਆਇਆ ਹੈ।
ਸ਼੍ਰੀ ਅਭਿਮਨਿਊ ਰਾਣਾ ਆਈ.ਪੀ.ਐਸ ਨੇ ਦੱਸਿਆ ਕਿ ਇਸ ਤਰਾਂ ਲੋਕਾਂ ਨਾਲ ਪੁਲਿਸ ਦਾ ਸਿੱਧਾ ਰਾਬਤਾ ਜੁੜਦਾ ਹੈ ਅਤੇ ਲੋਕ ਪੁਲਿਸ ਨੂੰ ਆਪਣੀ ਮਦਦਗਾਰ ਸਮਝਦੇ ਹੋਏ ਪੁਲਿਸ ਨੂੰ ਨਸ਼ਾ ਤਸਕਰਾਂ ਸਬੰਧੀ ਸੂਚਨਾ ਵੀ ਦਿੰਦੇ ਹਨ ਅਤੇ ਪੁਲਿਸ ਪ੍ਰਤੀ ਲੋਕਾਂ ਦੇ ਨਜਰੀਏ ਵਿਚ ਵੀ ਬਦਲਾਅ ਆ ਰਿਹਾ ਹੈ। ਇਸੇ ਤਰਾਂ 1 ਜਨਵਰੀ 2025 ਤੋਂ ਪੂਰੇ ਸਾਲ ਤੱਕ ਪੁਲਿਸ ਦੀਆਂ ਅਲੱਗ ਅਲੱਗ ਟੀਮਾਂ ਵੱਲੋਂ 227 ਸਕੂਲ/ਕਾਲਜਾਂ, 1740 ਪਿੰਡਾ/ਸ਼ਹਿਰਾਂ ਤੇ ਹੋਰ ਮਹੱਤਵਪੂਰਨ ਥਾਂਵਾਂ ਤੇ ਕੁੱਲ 1967 ਸੈਮੀਨਾਰ ਲਗਾ ਕੇ ਟੈ੍ਰਫਿਕ ਨਿਯਮਾਂ ਪ੍ਰਤੀ, ਨਸ਼ਿਆਂ ਸਬੰਧੀ ਅਤੇ ਸਾਇਬਰ ਕ੍ਰਾਈਮ ਬਾਰੇ ਜਾਗਰੂਕ ਕੀਤਾ ਗਿਆ ਇਸ ਲਹਿਰ ਵਿੱਚ ਪਿੰਡਾਂ/ਸ਼ਹਿਰਾਂ ਅਤੇ ਸਕੂਲਾਂ/ਕਾਲਜ਼ਾਂ ਦੇ ਕੁੱਲ 165787 ਲੋਕਾਂ/ਵਿਦਿਆਰਥੀਆਂ ਨੂੰ ਜਾਗਰੂਕ ਕਰ ਇਸ ਚੈਤਨਾ ਲਹਿਰ ਨਾਲ ਜੋੜਿਆ।
ਦੂਜੇ ਪਾਸੇ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਲਈ ਸਾਲ 2025 ਦੌਰਾਨ ਪੂਰੀ ਸਖ਼ਤੀ ਨਾਲ ਕਾਰਵਾਈ ਕਰਦਿਆਂ ਐਨ.ਡੀ.ਪੀ.ਐਸ. ਐਕਟ ਤਹਿਤ 915 ਮੁੱਕਦਮੇ ਦਰਜ ਕਰਕੇ 1507 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਇਸ ਦੌਰਾਨ ਹੇਠ ਲਿਖੀ ਨਸ਼ੀਲੀ ਸਮੱਗਰੀ ਅਤੇ ਡਰੱਗ ਮਨੀ ਬ੍ਰਾਮਦ ਕੀਤੀ ਗਈ:
60.582 ਕਿਲੋਗ੍ਰਾਮ ਅਫੀਮ
4916.822 ਕਿਲੋਗ੍ਰਾਮ ਪੋਸਤ
81,300 ਨਸ਼ੀਲੀਆਂ ਗੋਲੀਆਂ/ਕੈਪਸੂਲ
4.115 ਕਿਲੋਗ੍ਰਾਮ ਗਾਂਜਾ
19.311 ਕਿਲੋਗ੍ਰਾਮ ਹੈਰੋਇਨ
0.008 ਗ੍ਰਾਮ ਭੰਗ
134 ਨਸ਼ੀਲੀਆਂ ਸ਼ੀਸ਼ੀਆਂ
₹23,05,260 ਡਰੱਗ ਮਨੀ
ਇਸ ਦੇ ਨਾਲ ਹੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ 2025 ਸਾਲ ਦੌਰਾਨ ਜਿਨਾਂ ਸਮਗਲਰਾਂ ਤੇ ਐਨ.ਡੀ.ਪੀ.ਐਸ ਐਕਟ ਦੇ ਕਮਰਸ਼ੀਅਲ ਕੁਆਂਟਿਟੀ ਦੇ ਮੁਕਦਮੇ ਦਰਜ ਸਨ ਅਤੇ ਉਨਾਂ 40 ਨਸ਼ਾ ਤਸਕਰਾਂ ਵੱਲੋਂ ਬਣਾਈ ਗਈ ਪ੍ਰੋਪਰਟੀ ਨੂੰ ਕੰਪਿਟੈਂਟ ਅਥਾਰਿਟੀ ਦਿੱਲੀ ਪਾਸ ਭੇਜਿਆ ਗਿਆ ਅਤੇ ਫਰੀਜ ਕਰਵਾਇਆ ਗਿਆ। ਜਿਨਾ ਦੀ ਪ੍ਰੋਪਰਟੀ ਦੀ ਕੁੱਲ 37526798 ਰੁਪਏ ਕੀਮਤ ਬਣਦੀ ਹੈ
ਇਸੇ ਤਰਾਂ ਐਕਸਾਈਜ਼ ਐਕਟ ਤਹਿਤ 211 ਮੁੱਕਦਮੇ ਦਰਜ ਕਰਕੇ 239 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਨ੍ਹਾ ਪਾਸੋ 1340.336 ਲੀਟਰ ਨਜਾਇਜ ਸ਼ਰਾਬ, 1818.938 ਲੀਟਰ ਜਾਇਜ਼ ਸ਼ਰਾਬ, 12575 ਲੀਟਰ ਲਾਹਣ 6 ਭੱਠੀਆ ਅਤੇ 164.531 ਲੀਟਰ ਅੰਗਰੇਜ਼ੀ ਸ਼ਰਾਬ ਬ੍ਰਾਮਦ ਕੀਤੀ ਗਈ।
ਇਸੇ ਤਰਾਂ ਟੈ੍ਰਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਵੀ ਪੁਲਿਸ ਨੇ ਮੁਸਤੈਦੀ ਨਾਲ ਭੁਮਿਕਾ ਨਿਭਾਈ ਕਿਉਂਕਿ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਮਨੁੱਖੀ ਜੀਵਨ ਲਈ ਵੀ ਕਈ ਵਾਰ ਵੱਡਾ ਖਤਰਾ ਬਣ ਜਾਂਦੀ ਹੈ। ਇਸ ਲਈ ਜ਼ਿਲੇ ਵਿਚ ਪੁਲਿਸ ਨੇ ਸਾਲ ਦੌਰਾਨ ਅਦਾਲਤੀ ਅਤੇ ਨਗਦ ਦੇ ਕੁੱਲ 44232 ਚਲਾਨ ਕੀਤੇ ਅਤੇ 31731100 ਰੁਪਏ ਦਾ ਜੁਰਮਾਨਾ ਕੀਤਾ ਗਿਆ। ਇਸੇ ਤਰਾਂ ਜ਼ਿਲੇ ਵਿਚ ਪੁਲਿਸ ਵਿਭਾਗ ਵੱਲੋਂ ਪਿਛਲੇ ਸਾਲ ਦੀਆਂ ਪੈਂਡਿੰਗ ਦਰਖਾਸਤਾਂ ਅਤੇ ਸਾਲ 2025 ਪੀ.ਜੀ.ਡੀ ਪੋਰਟਲ ਅਤੇ ਪੀ.ਸੀ ਦੀਆਂ ਕੁੱਲ 5110 ਸ਼ਕਾਇਤਾਂ ਤੇ ਤੁਰੰਤ ਕਾਰਵਾਈ ਕਰਦੇ ਹੋਏ 3939 ਸ਼ਿਕਾਇਤਾਂ ਦਾ ਨਿਪਟਾਰਾ ਕਰਕੇ ਲੋਕਾਂ ਨੂੰ ਇਨਸਾਫ ਦਵਾਇਆ ਗਿਆ।
ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮਾਨਯੋਗ ਅਦਾਲਤ ਵੱਲੋਂ ਪੀ.ਓ ਅਤੇ ਭਗੋੜੇ ਘੋਸ਼ਿਤ ਕੀਤੇ 143 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਕੀਤਾ ਗਿਆ ਜਿਨਾਂ ਨੂੰ ਮਾਨਯੋਗ ਅਦਾਲਤ ਪੇਸ਼ ਕਰਨ ਤੋਂ ਬਾਅਦ ਉਹਨਾਂ ਖਿਲਾਫ ਅਗਲੀ ਕਾਨੂੰਨੀ ਕਾਰਵਾਈ ਆਰੰਭ ਕੀਤੀ ਗਈ।
ਐਸ.ਐਸ.ਪੀ ਜੀ ਨੇ ਦੱਸਿਆ ਕਿ ਸਾਲ 2025 ਦੌਰਾਨ ਆਰਮਜ ਐਕਟ ਦੇ 14 ਮੁਕੱਦਮੇ ਦਰਜ਼ ਕਰਕੇ 25 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾ ਪਾਸੋ 45 ਪਿਸਟਲ/ ਰਿਵਾਲਵਰ, 116 ਰੌਂਦ ਅਤੇ 11 ਮੈਗਜ਼ੀਨ ਬ੍ਰਾਮਦ ਕਰਵਾਏ ਗਏ।
ਇਸ ਤੋਂ ਬਿਨਾਂ ਜੂਆ ਐਕਟ ਦੇ ਕੁੱਲ 35 ਮੁੱਕਦਮੇ ਦਰਜ਼ ਕਰ ਕੇ 98 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋ 1190480 ਰੁਪਏ ਬ੍ਰਾਮਦ ਕੀਤੇ ਗਏ।
ਇਸ ਦੇ ਨਾਲ ਹੀ ਮੋਬਾਇਲ ਗੁੰਮ ਹੋਣ ਦੀਆਂ ਪੈਂਡਿੰਗ ਦਰਖਾਸਤਾਂ ਅਤੇ ਸਾਲ 2025 ਵਿੱਚ ਨਵੀਆਂ ਆਈਆਂ ਦਰਖਾਸਤਾਂ ਤੇ ਕਾਰਵਾਈ ਕਰਦੇ ਹੋਏ ਸਾਈਬਰ ਸੈਲ ਵੱਲੋਂ 265 ਮੋਬਾਈਲ ਫੋਨ ਟਰੇਸ ਕਰਕੇ ਉਹਨਾਂ ਦੇ ਮਾਲਕਾ ਦੇ ਹਵਾਲੇ ਕੀਤੇ ਗਏ।
ਇਸ ਦੇ ਨਾਲ ਹੀ ਮ੍ਰਿਤਕ ਸ਼ਿਵਾ ਕੁਮਾਰ ਮਾਮਲੇ ਵਿੱਚ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ 12 ਘੰਟਿਆਂ ਦੇ ਅੰਦਰ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।
ਇਸੇ ਤਰ੍ਹਾਂ ਕਾਰਵਾਈ ਕਰਦੇ ਹੋਏ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਹਕੀਮ ਦਲੀਪ ਸਿੰਘ ਦਾ 2.5 ਸਾਲ ਪੁਰਾਣਾ ਅੰਨਾ ਕਤਲ ਮਾਮਲਾ ਸੁਲਝਾਇਆ ਗਿਆ ਜਿਸ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਾਬਾਲਗ ਬੱਚੀ ਦੇ ਅਪਹਰਣ ਅਤੇ ਕਤਲ ਦੀ ਗੁੱਥੀ ਕੁੱਝ ਹੀ ਘੰਟਿਆਂ ਵਿੱਚ ਸੁਲਝਾਈ ਅਤੇ ਦੋਸ਼ੀ ਇਨਕਾਊਂਟਰ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ।
ਸ੍ਰੀ ਅਭਿਮਨਿਊ ਰਾਣਾ ਆਈ.ਪੀ.ਐਸ. ਜੀ ਨੇ ਜ਼ਿਲ੍ਹਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਸੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਪੁਲਿਸ ਹਮੇਸ਼ਾ ਲੋਕਾਂ ਦੀ ਮੱਦਦ ਲਈ ਹਾਜ਼ਰ ਰਹੇਗੀ ਅਤੇ ਨਵਾਂ ਸਾਲ ਲੋਕਾਂ ਨਾਲ ਸਿੱਧੀ ਸਾਂਝ ਪਾਉਂਦਿਆਂ ਉਨ੍ਹਾਂ ਦੀ ਹਰ ਮੁਸ਼ਕਲ ਵੇਲੇ ਸਾਥ ਨਿਭਾਏਗੀ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਈ ਰੱਖਣਾ ਪੁਲਿਸ ਦੀ ਪਹਿਲੀ ਤਰਜੀਹ ਰਹੇਗੀ। ਨਸ਼ਿਆਂ, ਅਪਰਾਧਾਂ ਅਤੇ ਸਮਾਜ ਵਿਰੋਧੀ ਤੱਤਾਂ ਖਿਲਾਫ ਕਾਰਵਾਈ ਹੋਰ ਤੇਜ਼ ਕੀਤੀ ਜਾਵੇਗੀ। ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਅਤੇ ਪਾਰਦਰਸ਼ੀ ਢੰਗ ਨਾਲ ਨਿਪਟਾਰਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਦੀ ਪਾਲਣਾ ਕਰਨ ਅਤੇ ਸਮਾਜ ਦੀ ਭਲਾਈ ਲਈ ਪੁਲਿਸ ਨਾਲ ਸਹਿਯੋਗ ਜਾਰੀ ਰੱਖਣ।