Canada News: ਰਾਜਬੀਰ (ਰਾਜੂ) ਕਬੱਡੀ ਕਲੱਬ ਸਰੀ ਵੱਲੋਂ ਸ਼ਾਨਦਾਰ ਸਾਲਾਨਾ ਸਮਾਗਮ
ਹਰਦਮ ਮਾਨ
ਸਰੀ, 28 ਦਸੰਬਰ 2025 – ਰਾਜਬੀਰ (ਰਾਜੂ) ਕਬੱਡੀ ਕਲੱਬ ਸਰੀ ਵੱਲੋਂ ਬੀਤੇ ਦਿਨੀਂ ਗਰੈਂਡ ਤਾਜ ਬੈਂਕੁਇਟ ਹਾਲ, ਸਰੀ ਵਿਖੇ ਆਪਣਾ ਸਾਲਾਨਾ ਸਮਾਗਮ ਸ਼ਾਨਦਾਰ ਅਤੇ ਯਾਦਗਾਰੀ ਢੰਗ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿੱਚ ਕਬੱਡੀ ਖਿਡਾਰੀਆਂ, ਕਬੱਡੀ ਪ੍ਰੇਮੀਆਂ, ਖੇਡ ਨੂੰ ਉਤਸ਼ਾਹਿਤ ਕਰਨ ਵਾਲੀਆਂ ਸ਼ਖ਼ਸੀਅਤਾਂ ਦੇ ਨਾਲ-ਨਾਲ ਸਰੀ ਅਤੇ ਆਸ-ਪਾਸ ਦੇ ਖੇਤਰਾਂ ਤੋਂ ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਆਗੂਆਂ ਨੇ ਭਰਪੂਰ ਸ਼ਮੂਲੀਅਤ ਕੀਤੀ।
ਸਮਾਗਮ ਦੀ ਸ਼ੁਰੂਆਤ ਕਲੱਬ ਦੇ ਪ੍ਰਧਾਨ ਮਨਦੀਪ ਬਦੇਸ਼ਾ ਵੱਲੋਂ ਸਭ ਮਹਿਮਾਨਾਂ ਨੂੰ ਜੀ ਆਇਆਂ ਕਹਿਣ ਨਾਲ ਹੋਈ। ਉਨ੍ਹਾਂ ਕਲੱਬ ਦੀ ਸਾਲ ਭਰ ਦੀਆਂ ਸਰਗਰਮੀਆਂ, ਨੌਜਵਾਨਾਂ ਨੂੰ ਕਬੱਡੀ ਵੱਲ ਪ੍ਰੇਰਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸਰੀ ਨਿਊਟਨ ਤੋਂ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ, ਐਮਐਲਏ ਮਨਦੀਪ ਸਿੰਘ ਧਾਲੀਵਾਲ, ਡੈਲਟਾ ਸਿਟੀ ਦੇ ਮੇਅਰ ਜੌਰਜ ਹਾਰਵੀ, ਸਕੂਲ ਟਰਸਟੀ ਜੱਸੀ ਦੁਸਾਂਝ, ਸਰੀ ਸਿਟੀ ਦੇ ਸਾਬਕਾ ਮੇਅਰ ਡਗ ਮਕੱਲਮ, ਕੌਂਸਲਰ ਮਨਦੀਪ ਨਾਗਰਾ, ਸਕੂਲ ਟਰਸਟੀ ਗੈਰੀ ਥਿੰਦ ਅਤੇ ਪ੍ਰਸਿੱਧ ਗੀਤਕਾਰ ਜਸਬੀਰ ਗੁਣਾਚੌਰੀਆ ਨੇ ਸ਼ਿਰਕਤ ਕੀਤੀ। ਸਾਰੇ ਬੁਲਾਰਿਆਂ ਨੇ ਕਲੱਬ ਦੇ ਯਤਨਾਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਕਲੱਬ ਸਰੀ ਅਤੇ ਇਸ ਖੇਤਰ ਦੇ ਨੌਜਵਾਨਾਂ ਨੂੰ ਕਬੱਡੀ ਵਰਗੀ ਪਰੰਪਰਾਗਤ ਖੇਡ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਜੀਵਨਸ਼ੈਲੀ ਅਤੇ ਅਨੁਸ਼ਾਸਨ ਵੱਲ ਲਿਜਾਣ ਦਾ ਮਜ਼ਬੂਤ ਸਾਧਨ ਹੈ।
ਸਮਾਗਮ ਦੌਰਾਨ ਹਾਜ਼ਰ ਦਰਸ਼ਕਾਂ ਲਈ ਰੰਗਾਰੰਗ ਮਨੋਰੰਜਨਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਵਿੱਚ ਸ਼ਾਮ ਪੰਡੋਰੀਵਾਲਾ, ਸੁਰਿੰਦਰ ਭਲਵਾਨ, ਨਵੀਂ ਮਾਣਕ, ਕਮਲ ਢੱਟ, ਪੰਮਾ ਸੁੱਖਪੁਰੀਆ, ਲੱਖਾ ਸਿੱਧਵਾਂ ਅਤੇ ਰਿੰਪੀ ਗਰੇਵਾਲ ਨੇ ਆਪਣੇ ਲੋਕਪ੍ਰਿਯ ਗੀਤਾਂ ਨਾਲ ਮਾਹੌਲ ਨੂੰ ਖੁਸ਼ਗਵਾਰ ਬਣਾਇਆ। ਦਰਸ਼ਕਾਂ ਨੇ ਇਸ ਸੰਗੀਤਮਈ ਪ੍ਰੋਗਰਾਮ ਦਾ ਭਰਪੂਰ ਆਨੰਦ ਮਾਣਿਆ।
ਸਮੁੱਚੇ ਪ੍ਰੋਗਰਾਮ ਦੀ ਕਾਮਯਾਬੀ ਲਈ ਕਲੱਬ ਦੇ ਚੇਅਰਮੈਨ ਬਿੱਲਾ ਖੇਲਾ, ਵਾਈਸ ਪ੍ਰਧਾਨ ਬਿੱਟੂ ਦਿਓਲ, ਸਕੱਤਰ ਮਨਜੀਤ ਬਹਾਰੀਪੁਰ, ਵਾਈਸ ਸਕੱਤਰ ਜੱਗਾ ਰਾਏ, ਖ਼ਜ਼ਾਨਚੀਆਂ ਜੀਵਨ ਦਿਓਲ, ਨਿੱਕਾ ਜਵੰਦਾ ਅਤੇ ਇੰਦਰਜੀਤ ਬੁੱਟਰ ਨੇ ਸਰਗਰਮ ਭੂਮਿਕਾ ਨਿਭਾਈ । ਇਨ੍ਹਾਂ ਤੋਂ ਇਲਾਵਾ ਡਾਇਰੈਕਟਰਾਂ ਵਿੱਚੋਂ ਸੁੱਖਾ ਮਾਹਲ, ਨਛੱਤਰ ਬਾਠ, ਪਰਮਜੀਤ ਦੁਸਾਂਝ, ਲਾਲਾ ਭਲਵਾਨ, ਅਮਨ ਹੇਅਰ ਅਤੇ ਪਿੰਕਾ ਪੱਡਾ, ਮੁੱਖ ਆਰਗੇਨਾਈਜ਼ਰ ਮੋਹਨ ਹੀਰ, ਆਰਗੇਨਾਈਜ਼ਰ ਅਮਨ ਗਿੱਲ ਦੇ ਨਾਲ-ਨਾਲ ਵਿੱਕੀ ਜੋਹਲ, ਦਲੇਰ ਪੱਡਾ ਅਤੇ ਗੁਰਪ੍ਰੀਤ ਰਾਏ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਸਮਾਗਮ ਦੇ ਅੰਤ ਵਿੱਚ ਕਲੱਬ ਦੇ ਸਾਰੇ ਖਿਡਾਰੀਆਂ ਅਤੇ ਹਾਜ਼ਰ ਮਹਿਮਾਨਾਂ ਨੂੰ ਯਾਦਗਾਰੀ ਮੋਮੈਂਟੋ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਕਬੱਡੀ ਖੇਡ ਦੇ ਪ੍ਰਚਾਰ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੀ ਦਿਸ਼ਾ ਵਿੱਚ ਇੱਕ ਸਫਲ ਅਤੇ ਪ੍ਰੇਰਣਾਦਾਇਕ ਕਦਮ ਰਿਹਾ।