Election Special ਨਗਰ ਨਿਗਮ ਬਠਿੰਡਾ ਦੀ ਵਾਰਡਬੰਦੀ ਦੌਰਾਨ ਅਕਾਲੀਆਂ ਤੇ ਕਾਂਗਰਸੀਆਂ ਨੂੰ ਜੋਰਦਾਰ ਝਟਕੇ
ਅਸ਼ੋਕ ਵਰਮਾ
ਬਠਿੰਡਾ, 26 ਦਸੰਬਰ 2025: ਨਗਰ ਨਿਗਮ ਬਠਿੰਡਾ ਦੀਆਂ ਪ੍ਰਸਤਾਵਿਤ ਚੋਣਾਂ ਤੋਂ ਪਹਿਲਾਂ ਕਰਵਾਈ ਵਾਰਡਾਂ ਦੀ ਹੱਦਬੰਦੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਜੋਰਦਾਰ ਝਟਕਿਆਂ ਦਾ ਸਾਹਮਣਾ ਕਰਨਾ ਪਿਆ ਹੈ। ਪੰਜ ਸਾਲ ਪਹਿਲਾਂ ਜਦੋਂ ਕਾਂਗਰਸ ਦੇ ਰਾਜ ਦੌਰਾਨ ਹੱਦਬੰਦੀ ਹੋਈ ਸੀ ਤਾਂ ਉਦੋਂ ਆਮ ਆਦਮੀ ਪਾਰਟੀ ਅਤੇ ਅਕਾਲੀਆਂ ਦੇ ਵਾਰਡਾਂ ’ਚ ਜਿਆਦਾ ਫੇਰ ਬਦਲ ਕੀਤਾ ਗਿਆ ਸੀ। ਇਸ ਦਾ ਫਾਇਦਾ ਵੀ ਮਿਲਿਆ ਤੇ ਕਾਂਗਰਸ 34 ਵਾਰਡਾਂ ਚੋਂ ਜਿੱਤਣ ’ਚ ਸਫਲ ਰਹੀ। ਹੁਣ ਠੀਕ ਉਹੀ ਸਭ ਆਮ ਆਦਮੀ ਪਾਰਟੀ ਨੇ ਦੁਰਹਾਇਆ ਹੈ। ਇਸ ਵਾਰ ਵਾਰਡਾਂ ਦੀ ਹੱਦਬੰਦੀ ਦੌਰਾਨ ਸਭ ਤੋਂ ਵੱਧ ਹੇਰ ਫੇਰ ਕਾਂਗਰਸੀਆਂ ਅਤੇ ਅਕਾਲੀਆਂ ਦੇ ਵਾਰਡਾਂ ’ਚ ਹੋਇਆ ਹੈ। ਕਈ ਵਾਰਡ ਅਜਿਹੇ ਹਨ ਜਿੰਨ੍ਹਾਂ ਦੀਆਂ ਗਲੀਆਂ ਕਾਂਗਰਸ ਦਾ ਗੜ੍ਹ ਮੰਨੀਆਂ ਜਾਂਦੀਆਂ ਜਿੰਨ੍ਹਾਂ ਨੂੰ ਹੁਣ ਹੋਰਨਾਂ ਵਾਰਡਾਂ ’ਚ ਸ਼ਿਫਟ ਕੀਤਾ ਗਿਆ ਹੈ ਜਦੋਂਕਿ ਕੁੱਝ ਵਾਰਡ ਤਿੰਨ ਵੱਖ ਵੱਖ ਵਾਰਡਾਂ ’ਚ ਸ਼ਿਫਟ ਕਰ ਦਿੱਤੇ ਗਏ ਹਨ।
ਸਿਆਸੀ ਹਲਕਿਆਂ ਦਾ ਮੰਨਣਾ ਹੈ ਕਿ ਇਸ ਨਾਲ ਵੋਟਾਂ ਦਾ ਗਣਿਤ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ। ਖਾਸ ਤੌਰ ਤੇ ਨਗਰ ਨਿਗਮ ਦੇ ਸਾਬਕਾ ਕਾਰਜਕਾਰੀ ਮੇਅਰ ਤੇ ਸ਼ਹਿਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਉਰਫ ਅਸ਼ੋਕ ਪ੍ਰਧਾਨ ਅਤੇ ਸਾਬਕਾ ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੰਘ ਲਈ ਤਾਂ ਇਹ ਨਵੀਂ ਹੱਦਬੰਦੀ ਝਟਕਿਆਂ ਦੀ ਪੰਡ ਲਿਆਈ ਹੈ। ਹਾਲਾਂਕਿ ਨਗਰ ਨਿਗਮ ਨੇ ਨਵੀਂ ਹੱਦਬੰਦੀ ਲਈ ਇਤਰਾਜ ਦਾਖਲ ਕਰਨ ਲਈ ਅੰਤਿਮ ਮਿਤੀ 29 ਦਸੰਬਰ ਤੈਅ ਕੀਤੀ ਹੈ । ਇਸ ਮੌਕੇ ਤੱਕ ਸੁਝਾਅ ਦਿੱਤੇ ਜਾ ਸਕਦੇ ਹਨ ਪਰ ਪਿਛਲੇ ਰਿਕਾਰਡ ਨੂੰ ਦੇਖੀਏ ਤਾਂ ਅਜਿਹੇ ਇਤਰਾਜਾਂ ਤੇ ਕਾਰਵਾਈ ਦੀ ਸੰਭਾਵਨਾ ਘੱਟ ਵੱਧ ਹੀ ਹੁੰਦੀ ਹੈ। ਜਾਣਕਾਰੀ ਅਨੁਸਾਰ ਸਾਬਕਾ ਕਾਰਜਕਾਰੀ ਮੇਅਰ ਅਸ਼ੋਕ ਕੁਮਾਰ ਦਾ ਵਾਰਡ ਨੰਬਰ 37 ਔਰਤ ਲਈ ਰਾਖਵਾਂ ਕਰ ਦਿੱਤਾ ਗਿਆ ਹੈ। ਇੱਥੇ ਹੀ ਬੱਸ ਨਹੀਂ ਉਨ੍ਹਾਂ ਦੇ ਵਾਰਡ ਦੇ ਕੁੱਝ ਭਾਗਾਂ ਨੂੰ ਵੱਖ ਵੱਖ ਵਾਰਡਾਂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਸਾਬਕਾ ਡਿਪਟੀ ਮੇਅਰ ਹਰਮੰਦਰ ਸਿੰਘ ਦਾ ਵਾਰਡ ਨੰਬਰ 35 ਵੀ ਔਰਤਾਂ ਲਈ ਰਾਖਵਾਂ ਕੀਤਾ ਗਿਆ ਹੈ। ਵੱਡੀ ਗੱਲ ਇਹ ਵੀ ਹੈ ਕਿ ਉਨ੍ਹਾਂ ਦੇ ਵਾਰਡ ਦਾ ਬਹੁਤਾ ਇਲਾਕਾ ਵਾਰਡ ਨੰਬਰ 16 ’ਚ ਚਲਾ ਗਿਆ ਹੈ। ਸੂਤਰ ਦੱਸਦੇ ਹਨ ਕਿ ਇੰਨਾਂ ਵਾਰਡਾਂ ’ਚ ਜਿੰਨ੍ਹਾਂ ਹਿੱਸਿਆਂ ਦੀ ਕੱਟ ਵੱਢ ਕੀਤੀ ਗਈ ਹੈ ਉਨ੍ਹਾਂ ਵਿੱਚੋਂ ਜਿਆਦਾਤਰ ਅਸ਼ੋਕ ਪ੍ਰਧਾਨ ਅਤੇ ਮਾਸਟਰ ਹਰਮੰਦਰ ਸਿੰਘ ਦੇ ਪ੍ਰਭਾਵ ਵਾਲੇ ਹਨ। ਮਾਸਟਰ ਹਰਮੰਦਰ ਸਿੰਘ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸਨ ਅਤੇ ਤੱਤਕਾਲੀ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਦੇ ਨਜ਼ਦੀਕੀ ਮੰਨੇ ਜਾਂਦੇ ਸਨ। ਉਦੋਂ ਨਗਰ ਨਿਗਮ ’ਚ ਅਕਾਲੀ ਭਾਜਪਾ ਗਠਜੋੜ ਦੌਰਾਨ ਵੀ ਉਹ ਆਪਣੇ ਇਸੇ ਵਾਰਡ ਚੋਂ ਕੌਂਸਲਰ ਰਹੇ ਸਨ। ਮਗਰੋਂ ਮਾਸਟਰ ਹਰਮੰਦਰ ਸਿੰਘ ਨੇ ਉਸ ਵਕਤ ਦੇ ਕਾਂਗਰਸੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਹੱਥ ਮਿਲਾ ਲਿਆ ਅਤੇ ਚੋਣ ਜਿੱਤਣ ਪਿੱਛੋਂ ਉਨ੍ਹਾਂ ਨੂੰ ਸੀਨੀਅਰ ਡਿਪਟੀ ਮੇਅਰ ਬਣਾ ਦਿੱਤਾ ਗਿਆ ਸੀ।
ਆਪਣੀ ਦੋ ਪਾਰੀਆਂ ਦੌਰਾਨ ਉਨ੍ਹਾਂ ਨੇ ਤਕੜਾ ਪ੍ਰਭਾਵ ਕਾਇਮ ਕਰ ਲਿਆ ਜਿਸ ਨੂੰ ਹੁਣ ਨਵੀਂ ਹੱਦਬੰਦੀ ਦੌਰਾਨ ਸੱਟ ਵੱਜਣ ਦੇ ਚੁੰਝ ਚਰਚੇ ਹਨ। ਮੌਜੂਦਾ ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ ਦਾ ਵਾਰਡ ਨੰਬਰ 24 ਐਸਸੀ ਵਰਗ ਲਈ ਰਾਖਵਾਂ ਕੀਤਾ ਗਿਆ ਹੈ। ਜੈਨ ਦਾ ਕਾਫੀ ਇਲਾਕਾ ਵੀ ਵਾਰਡ ਨੰਬਰ 22 ’ਚ ਮਿਲਾਇਆ ਗਿਆ ਹੈ। ਉਨ੍ਹਾਂ ਦਾ ਏਰੀਆ ਹੁਣ ਖੇਤੀਬਾੜੀ ਖੇਤਰੀ ਕੇਂਦਰ ਅਤੇ ਡੱਬਵਾਲੀ ਰੋਡ ਦੇ ਮਿਲਣ ਵਾਲੀ ਥਾਂ ਤੋਂ ਸ਼ੁਰੂ ਹੋਕੇ ਮਾਨਸਾ ਰੇਲ ਲਾਈਨ, ਊਧਮ ਸਿੰਘ ਨਗਰ, ਬਾਬਾ ਦੀਪ ਸਿੰਘ ਨਗਰ, ਪਟਿਆਲਾ ਰੇਲ ਲਾਈਨ, ਅਨਾਜ ਮੰਡੀ ਵਾਲੀ ਸੜਕ , ਸਰਕਾਰੀ ਹਸਪਤਾਲ ਦੀ ਚਾਰਦਿਵਾਰੀ ਤੋਂ ਅੱਗੇ ਪਟਿਆਲਾ ਰੇਲ ਲਾਈਨ ਤੱਕ ਹੋਵੇਗਾ। ਮੇਅਰ ਪਦਮਜੀਤ ਸਿੰਘ ਮਹਿਤਾ ਦਾ ਵਾਰਡ ਨੰਬਰ 48 ਪਹਿਲਾਂ ਜਰਨਲ ਸੀ ਨੂੰ ਹੁਣ ਅਨੂਸੂਚਿਤ ਜਾਤੀ ਲਈ ਰਾਖਵਾਂ ਕੀਤਾ ਗਿਆ ਹੈ। ਰੌਚਕ ਪਹਿਲੂ ਹੈ ਕਿ ਮੇਅਰ ਦੇ ਜਿਆਦਾਤਰ ਇਲਾਕੇ ਵਾਰਡ ਨੰਬਰ 46 ’ਚ ਸ਼ਿਫਟ ਕੀਤੇ ਗਏ ਹਨ।
ਹੁਣ ਇਹ ਵਾਰਡ ਸਰਹਿੰਦ ਨਹਿਰ ਰੇਲਵੇ ਲਾਈਨ ਰਾਜੀਵ ਗਾਂਧੀ ਨਗਰ ਦੇ ਬੇਕਸਾਈਡ ਤੋਂ ਹੋਕੇ ਗੁਰੂਕੁਲ ਰੋਡ ਤੱਕ ਅਤੇ ਅੱਗੇ ਜੋਗੀ ਨਗਰ ਤੋਂ ਹੁੰਦੇ ਹੋਏ ਸਰਹਿੰਦ ਨਹਿਰ ਦੇ ਨਾਲ ਰੇਲਵੇ ਲਾਈਨ ਤੱਕ ਹੋਵੇਗਾ। ਵਿਧਾਇਕ ਜਗਰੂਪ ਗਿੱਲ ਦਾ ਘਰ ਹੁਣ ਵਾਰਡ ਨੰਬਰ 48 ਵਿੱਚ ਹੈ ਜੋ ਇਸ ਵਾਰਡ ਬੰਦੀ ਦੌਰਾਨ 44 ਨੰਬਰ ਵਾਰਡ ’ਚ ਚਲਾ ਗਿਆ ਹੈ। ਇਹ ਰੇਲਵੇ ਲਾਈਨ ਅਤੇ ਪਰਸ ਰਾਮ ਨਗਰ ਸੜਕ ਦੇ ਮਿਲਣ ਵਾਲੀ ਥਾਂ ਤੋ ਸੜਕ ਨਾਲ ਤੁਰਦਿਆਂ ਰੇਲ ਲਾਈਨ ਦੇ ਕੱਚੇ ਰਾਹ ਤੱਕ , ਰੇਲ ਲਾਈਨਾਂ ਤੋਂ ਪਰਸ ਰਾਮ ਨਗਰ ਦੀ ਸ਼ੁਰੂਅਤ ਤੱਕ ਹੋਵੇਗਾ। ਐਫਐਂਡਸੀਸੀ ਮੈਂਬਰ ਰਤਨ ਰਾਹੀ ਦਾ ਵਾਰਡ ਵੀ 46 ਤੋਂ ਬਦਲਕੇ 44 ਕੀਤਾ ਹੈ। ਇਹ ਸਮੱਚੀ ਵਾਰਡਬੰਦੀ 2026 ’ਚ ਨਗਰ ਨਿਗਮ ਦੀਆਂ ਪ੍ਰਸਤਾਵਿਤ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਕੀਤੀ ਗਈ ਹੈ। ਵਿਸ਼ੇਸ਼ ਤੱਥ ਇਹ ਹੈ ਕਿ ਵਾਰਡ 50 ਹੀ ਹੋਣਗੇ ਜਦੋਂ ਸਮੂਹ ਵਾਰਡਾਂ ’ਚ ਤਬਦੀਲੀਆਂ ਕੀਤੀਆਂ ਗਈਆਂ ਹਨ।
ਚੰਦਸਰ ਬਸਤੀ ਬਣੀ ਵਾਰਡ
ਚੰਦਸਰ ਬਸਤੀ ਨੂੰ ਪੂਰਨ ਵਾਰਡ ਨੰਬਰ 10 ਬਣਾਇਆ ਗਿਆ ਹੈ ਜੋਕਿ ਪਹਿਲਾਂ 30-31 ਅਤੇ 32 ਵਾਰਡਾਂ ’ਚ ਵੰਡੀ ਹੋਈ ਸੀ। ਵਾਰਡ ਨੰਬਰ 10 ਅਨੂਸੂਚਿਤ ਜਾਤੀ ਲਈ ਰਾਖਵਾਂ ਹੋਵੇਗਾ। ਕਈ ਕਿੱਲੋਮੀਟਰ ’ਚ ਫੈਲੇ ਵੱਡੇ ਵਾਰਡਾਂ 16 ਅਤੇ 50 ਦੀ ਦੂਰੀ ਵੀ ਘਟਾਈ ਗਈ ਹੈ। ਨਗਰ ਨਿਗਮ ਦੇ ਟਾਊਨ ਪਲਾਨਰ ਸੁਰਿੰਦਰ ਬਿੰਦਰਾ ਦਾ ਕਹਿਣਾ ਸੀ ਕਿ 29 ਦਸੰਬਰ ਸ਼ਾਮ 4 ਵਜੇ ਤੱਕ ਸੁਝਾਅ ਦਿੱਤੇ ਜਾ ਸਕਦੇ ਹਨ। ਇਸ ਤੋਂ ਬਾਅਦ ਕਿਸੇ ਵੀ ਸੁਝਾਅ ਤੇ ਕੋਈ ਗੌਰ ਨਹੀਂ ਕੀਤਾ ਜਾਏਗਾ।