ਐਮਪੀ ਸਤਨਾਮ ਸਿੰਘ ਸੰਧੂ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ’ਤੇ ਸੰਤ ਸਮਾਜ ਦੇ ਸਹਿਯੋਗ ਨਾਲ ਸ੍ਰੀ ਅਨੰਦਪੁਰ ਸਾਹਿਬ ’ਚ ਵਿਰਾਸਤ-ਏ-ਖ਼ਾਲਸਾ ਵਿਖੇ ਕਰਵਾਇਆ ’ਅਦੁੱਤੀ ਸ਼ਹਾਦਤ ਸਮਾਗਮ’
ਐਮਪੀ ਸਤਨਾਮ ਸਿੰਘ ਸੰਧੂ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ’ਤੇ ਸੰਤ ਸਮਾਜ ਦੇ ਸਹਿਯੋਗ ਨਾਲ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਯਾਦ ’ਚ ਸ੍ਰੀ ਅਨੰਦਪੁਰ ਸਾਹਿਬ ’ਚ ਵਿਰਾਸਤ-ਏ-ਖ਼ਾਲਸਾ ਵਿਖੇ ’ਅਦੁੱਤੀ ਸ਼ਹਾਦਤ ਸਮਾਗਮ’ ਦਾ ਕਰਵਾਇਆ ਆਯੋਜਨ
ਸ੍ਰੀ ਅਨੰਦਪੁਰ ਸਾਹਿਬ ਵਿਖੇ ’ਅਦੁੱਤੀ ਸ਼ਹਾਦਤ ਸਮਾਗਮ’ ਵਿੱਚ ਸਿੱਖ ਧਾਰਮਿਕ ਆਗੂਆਂ, ਫਿਲਮੀ ਜਗਤ ਦੀਆਂ ਸ਼ਖਸੀਅਤਾਂ, ਬੱਚਿਆਂ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਕੀਤੀ ਸ਼ਿਰਕਤ
ਅਦੁੱਤੀ ਸ਼ਹਾਦਤ ਸਮਾਗਮ ’ਚ ਸ੍ਰੀ ਅਨੰਦਪੁਰ ਸਾਹਿਬ ’ਚ ਵਿਰਾਸਤ-ਏ-ਖ਼ਾਲਸਾ ਵਿਖੇ ਕਰਵਾਏ ਗਤਕਾ, ਕਵੀਸ਼ਰੀ, ਕੀਰਤਨ, ਦਸਤਾਰਬੰਦੀ ਤੇ ਵਿਚਾਰ ਚਰਚਾ ਮੁਕਾਬਲੇ, ਜੇਤੂ ਬੱਚਿਆਂ ਨੂੰ ਸਨਮਾਨਿਤ ਕਰ ਕੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਕੀਤੀ ਭੇਟ
’ਅਦੁੱਤੀ ਸ਼ਹਾਦਤ ਸਮਾਗਮ’ ’ਚ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਸਿੱਖ ਨੌਜਵਾਨਾਂ ਨੂੰ ’ਵਿਦਿਆਰਥੀ ਪ੍ਰਤੀਭਾ ਪੁਰਸਕਾਰ’ ਨਾਲ ਕੀਤਾ ਸਨਮਾਨਿਤ
ਸਿੱਖ ਧਾਰਮਿਕ ਸ਼ਖ਼ਸੀਅਤਾਂ ਨੇ 26 ਦਸੰਬਰ ਨੂੰ ਸ਼ਹਾਦਤ ਦਿਵਸ ਵਜੋਂ ਮਨਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਕੀਤਾ ਸਵਾਗਤ
ਅਨੰਦਪੁਰ ਸਾਹਿਬ
ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਹੌਸਲੇ ਤੇ ਸੂਰਬੀਰਤਾ ਨੂੰ ਸਨਮਾਨ ਦੇਣ ਲਈ ਕੇਂਦਰ ਸਰਕਾਰ ਵੱਲੋਂ ਕੌਮੀ ਪੱਧਰ ’ਤੇ ਸ਼ਹੀਦੀ ਦਿਹਾੜੇ ’ਤੇ ਸਮਾਗਮ ਕਰਵਾਏ ਜਾ ਰਹੇ ਹਨ, ਇਸੇ ਲੜੀ ਤਹਿਤ ਐੱਮਪੀ ਸਤਨਾਮ ਸਿੰਘ ਸੰਧੂ ਵੱਲੋਂ ਸੰਤ ਸਮਾਜ ਦੇ ਸਹਿਯੋਗ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਚ ’ਵਿਰਾਸਤ-ਏ-ਖ਼ਾਲਸਾ’ ਵਿਖੇ ’ਅਦੁੱਤੀ ਸ਼ਹਾਦਤ’ ਸਮਾਗਮ ਦਾ ਆਯੋਜਨ ਕਰਵਾਇਆ ਗਿਆ।ਇਸ ਸਮਾਗਮ ਦਾ ਮੁੱਖ ਉਦੇਸ਼ ਛੋਟੇ ਸਾਹਿਬਜ਼ਾਦਿਆਂ ਦੀ ’ਲਾਸਾਨੀ ਸ਼ਹਾਦਤ’ ਨੂੰ ਇੱਕ ਨਿੱਘੀ ਸ਼ਰਧਾਂਜਲੀ ਭੇਟ ਕਰਨਾ ਸੀ, ਜਿਨ੍ਹਾਂ ਨੇ ਮੁਗਲਾਂ ਦੇ ਜਬਰ ਜੁਲਮ ਸਾਹਮਣੇ ਈਨ ਨਾ ਮੰਨਦਿਆਂ ਧਰਮ ਤੇ ਸਮੁੱਚੀ ਮਾਨਵਤਾ ਦੀ ਰਾਖੀ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸੀ। ਇਸ ਮੌਕੇ ਸਿੱਖ ਕੌਮ ਦੀਆਂ ਵੱਖ-ਵੱਖ ਸੰਪਰਦਾਵਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਇਕੱਤਰ ਹੋਈਆਂ ਅਤੇ ਵੱਖ-ਵੱਖ ਖੇਤਰਾਂ ਵਿਚ ਬੇਮੀਸਾਲ ਪ੍ਰਾਪਤੀਆਂ ਪਾਉਣ ਵਾਲੇ ਸਿੱਖ ਬੱਚਿਆਂ ਨੂੰ ’ਵਿਦਿਆਰਥੀ ਪ੍ਰਤੀਭਾ’ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ’ਅਦੁੱਤੀ ਸ਼ਹਾਦਤ ਸਮਾਗਮ’ ਵਿਚ ਸ਼ਾਮਲ ਹੋਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਐੱਮਪੀ (ਰਾਜ ਸਭਾ) ਸਤਨਾਮ ਸਿੰਘ ਸੰਧੂ, ਧਾਰਮਿਕ ਗੁਰੂ, ਸਿੱਖ ਪ੍ਰਚਾਰਕ, ਉਦਯੋਗਪਤੀ, ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੁੱਖੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ।
ਸਮਾਗਮ ਦੌਰਾਨ ਉਦਾਸੀ, ਨਿਰੰਕਾਰੀ, ਨਾਮਧਾਰੀ, ਨਿਰਮਲੇ, ਨਾਨਕਪੰਥੀ ਅਤੇ ਰਾਧਾ ਸੁਆਮੀ ਸਮੇਤ ਸਿੱਖ ਪੰਥ ਦੀਆਂ ਸਾਰੀਆਂ ਸੰਪਰਦਾਵਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸਿੱਖ ਕੌਮ ਨਾਲ ਸਬੰਧਤ ਰਵਾਇਤੀ ਸੱਭਿਆਚਾਰ ਅਤੇ ਧਾਰਮਿਕ ਗਤੀਵਿਧੀਆਂ ਦੇ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਵਿਚ ਗਤਕਾ, ਗੁਰਬਾਣੀ ਕੀਰਤਨ, ਕਵੀਸ਼ਰੀ, ਦਸਤਾਰਬੰਦੀ, ਵਿਚਾਰ ਚਰਚਾ ਅਤੇ ਢਾਡੀ ਵਾਰ ਮੁਕਾਬਲੇ ਕਰਵਾਏ। ਇਹ ਮੁਕਾਬਲੇ ’ਅਦੁੱਤੀ ਸ਼ਹਾਦਤ ਸਮਾਗਮ’ ਤੋਂ ਪਹਿਲਾਂ ਸੂਬੇ ਭਰ ਵਿਚ ਇੱਕ ਮਹੀਨਾ ਪਹਿਲਾਂ ਕਰਵਾਏ ਗਏ ਸਨ। ਇਨ੍ਹਾਂ ਮੁਕਾਬਲਿਆਂ ਵਿਚ ਚੁਣੀਆਂ ਗਈਆਂ ਚੋਟੀ ਦੀਆਂ ਟੀਮਾਂ ਵਿਚਕਾਰ ਇਹ ਮੁਕਾਬਲੇ ਅਨੰਦਪੁਰ ਸਾਹਿਬ ’ਚ ਵਿਰਾਸਤ-ਏ-ਖਾਲਸਾ ਵਿਖੇ ਕਰਵਾਏ ਗਏ। ਇਨ੍ਹਾਂ ਵਿਚ ਜੇਤੂ ਰਹੀਆਂ ਟੀਮਾਂ ਨੂੰ ਪੁਰਸਕਾਰ ਵੀ ਪ੍ਰਦਾਨ ਕੀਤੇ ਗਏ।
’ਅਦੁੱਤੀ ਸ਼ਹਾਦਤ ਸਮਾਗਮ’ ਦੌਰਾਨ 14 ਹੋਣਹਾਰ ਬੱਚਿਆਂ ਨੂੰ ’ਵਿਦਿਆਰਥੀ ਪ੍ਰਤੀਭਾ ਪੁਰਸਕਾਰ’ ਨਾਲ ਵੀ ਸਨਮਾਨਿਤ ਕੀਤਾ ਗਿਆ। ਇਹ ਉਹ ਬੱਚੇ ਸਨ, ਜਿਨ੍ਹਾਂ ਨੇ ਵਿਗਿਆਨ, ਖੇਡਾਂ, ਕਲਾ, ਸਮਾਜਿਕ ਗਤੀਵਿਧੀਆਂ, ਉਦਮਤਾ ਅਤੇ ਸਿੱਖ ਧਾਰਮਿਕ ਕਲਾ ਤੇ ਸੱਭਿਆਚਾਰ ਵਰਗੇ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰੀਆਂ ਹਨ।
ਇਨ੍ਹਾਂ ਬੱਚਿਆਂ ਵਿਚ ਅੰਮਿ੍ਰਤਸਰ ਦਾ ਰਹਿਣ ਵਾਲਾ ਤਿੰਲ ਸਾਲਾ ਗਤਕਾ ਖਿਡਾਰੀ ਫ਼ਤਹਿ ਸਿੰਘ ਗਿੱਲ ਵੀ ਸ਼ਾਮਲ ਸੀ, ਜਿਸ ਨੇ ਵਰਲਡ ਗ੍ਰੈਂਡ ਪਿ੍ਰਕਸ ਚੈਂਪੀਅਨਸ਼ਿਪ ਅਤੇ ਸਭ ਤੋਂ ਘੱਟ ਉਮਰ ’ਚ ਮਿਸਟਰ ਵਰਲਡ ਫਿਟ ਕਿਡ ਚੈਂਪੀਨਸ਼ਿਪ ਦਾ ਖਿਤਾਬ ਜਿੱਤਿਆ ਸੀ।ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿਚ ਆਪਣਾ ਲੋਹਾ ਮਨਵਾਉਣ ਵਾਲੇ ਬੱਚਿਆਂ ਵਿਚ ਜੋਬਨਪ੍ਰੀਤ ਸਿੰੰਘ, ਮਨਪ੍ਰੀਤ ਸਿੰਘ, ਸੁਖਮਨਦੀਪ ਸਿੰਘ, ਹਰਪ੍ਰੀਤ ਸਿੰਘ, ਪ੍ਰਭਨੂਰ ਕੌਰ ਢਿੱਲੋਂ, ਜੈਸਮੀਨ ਕੌਰ, ਮੀਪਾਂਸ਼ ਕੁਮਾਰ ਗੁਪਤਾ, ਕੰਵਰ ਪ੍ਰਤਾਪ, ਤੇਗਬੀਰ ਸਿੰਘ, ਮੰਚੁਨ ਕੁਮਾਰੀ, ਜਸਮੀਤ ਕੌਰ, ਗਲੋਰੀ ਅਤੇ ਸਿਮਰਪ੍ਰੀਤ ਕੌਰ ਸ਼ਾਮਲ ਸਨ। ਸਮਾਗਮ ਦੌਰਾਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿਚ ਕਿਤਾਬਾਂ ਅਤੇ ਤਸਵੀਰਾਂ ਰਾਹੀਂ ਉਨ੍ਹਾਂ ਦੇ ਜੀਵਨ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਜਾਣਕਾਰੀ ਵੀ ਪ੍ਰਦਰਸ਼ਿਤ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਸਿੱਖ ਧਾਰਮਿਕ ਸ਼ਖ਼ਸੀਅਤਾਂ ਨੇ ਕਿਹਾ ਕਿ ਧਰਮ ਤੇ ਸਮੁੱਚੀ ਮਾਨਵਤਾ ਦੀ ਰਾਖੀ ਲਈ ਛੋਟੇ ਸਾਹਿਬਜ਼ਾਦਿਆਂ ਨੇ ਜਬਰ ਜੁਲਮ ਦੇ ਸਾਹਮਣੇ ਈਨ ਨਾ ਮੰਨਦਿਆਂ ਆਪਣੀ ਲਾਸਾਨੀ ਸ਼ਹਾਦਤ ਦਿੱਤੀ ਸੀ।ਪਰ ਲੰਬੇ ਸਮੇਂ ਤੱਕ ਉਨ੍ਹਾਂ ਦੀ ਇਸ ਸ਼ਹਾਦਤ ਨੂੰ ਅੱਖੋ ਓਹਲੇ ਹੀ ਰੱਖਿਆ ਹੋਇਆ ਸੀ।ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆਂ ਭਾਰਤ ਸਰਕਾਰ ਨੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰਨ ਲਈ ਕੌਮੀ ਪੱੱਧਰ ’ਤੇ 26 ਦਸੰਬਰ 2022 ਨੂੰ ਸ਼ਹਾਦਤ ਦਿਵਸ ਵਜੋਂ ਮਨਾਉਣ ਐਲਾਨ ਕੀਤਾ।ਇਸ ਦੇ ਨਾਲ ਹੀ, ਦੇਸ਼ ਦੇ ਕੌਨੇ-ਕੌਨੇ ਵਿਚ ਬੱਚਿਆਂ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਬੱਚਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਸਿੱਖੀ ਦੇ ਅਨਮੋਲ ਵਿਰਸੇ ਨਾਲ ਜੋੜਿਆ ਗਿਆ। ਅੱਜ ਜੰਮ-ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੇਸ਼ ਵਾਸੀ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਬਾਰੇ ਜਾਣ ਚੁੱਕੇ ਹਨ।ਅੱਜ ਦਾ ਦਿਨ ਪੂਰੇ ਦੇਸ਼ ਵਿਚ ਕੌਮੀ ਸ਼ਹਾਦਤ ਦਿਵਸ ਵਜੋਂ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।
ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਕਿਹਾ ਕਿ 40 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ, ਕੇਂਦਰ ਸਰਕਾਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਹੈ ਅਤੇ 4000 ਤੋਂ ਵੱਧ ਪੀੜਤਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਅਤੇ ਨੌਕਰੀਆਂ ਪ੍ਰਦਾਨ ਕਰ ਕੇ ਇਨਸਾਫ਼ ਦਿਵਾਇਆ ਹੈ, ਜੋ ਕਿ ਪੀੜਤ ਸਿੱਖ ਪਰਿਵਾਰਾਂ ਦੇ ਮੁੜ ਵਸੇਬੇ ਅਤੇ ਆਰਥਿਕ ਵਿਕਾਸ ਨੂੰ ਯਕੀਨੀ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਸਿੱਖ ਭਾਈਚਾਰੇ ਨਾਲ ਗੂੜ੍ਹਾ ਅਤੇ ਮਜ਼ਬੂਤ ਰਿਸ਼ਤਾ ਹੈ, ਇਸ ਲਈ ਉਨ੍ਹਾਂ ਨੇ 2019 ਵਿਚ ਕਰਤਾਰਪੁਰ ਲਾਂਘਾ ਖੁੱਲਵਾ ਕੇ 70 ਸਾਲ ਪੁਰਾਣੀ ਲੰਬਿਤ ਮੰਗ ਨੂੰ ਪੂਰਾ ਕੀਤਾ ਅਤੇ ਹੇਮਕੁੰਟ ਸਾਹਿਬ ਰੋਪਵੇਅ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ। ਇਹ ਉਪਰਾਲੇ ਸਿੱਖ ਸੰਗਤ ਲਈ ਗੁਰੂ ਧਾਮਾਂ ਦੀ ਯਾਤਰਾਂ ਨੂੰ ਸੁਖਾਲਾ ਅਤੇ ਸੁਰੱਖਿਅਤ ਬਣਾਉਣ ਲਈ ਸਿੱਖ ਤੀਰਥ ਅਸਥਾਨਾਂ ਨੂੰ ਹਵਾਈ, ਰੇਲ ਅਤੇ ਸੜਕ ਮਾਰਗਾਂ ਰਾਹੀਂ ਜੋੜਨ ਲਈ ਕੇਂਦਰ ਸਰਕਾਰ ਦੀਆਂ ਪਹਿਲਕਦੀਆਂ ਦਾ ਹਿੱਸਾ ਹਨ।
ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਨਿੱਕੀ ਉਮਰ ਵਿਚ ਲਾਸਾਨੀ ਸ਼ਹਾਦਤ ਭਾਰਤ ਦੇ ਇਤਿਹਾਸ ਦੀ ਸਭ ਤੋਂ ਵੱਡੀ ਮਿਸਾਲ ਹੈ, ਜੋ ਜਬਰ ਜੁਲਮ ਵਿਰੁੱਧ ਸੂਰਬੀਰਤਾ ਤੇ ਬਹਾਦਰੀ ਦਾ ਪ੍ਰਤੀਕ ਹੈ।ਇੱਕ ਸਿੱਖ ਹੋਣ ਦੇ ਨਾਤੇ, ਮੈਂ ਪ੍ਰਧਾਨ ਮੰਤਰੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਜਨਵਰੀ 2022 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਛੋਟੇ ਸਾਹਿਬਜ਼ਾਦਿਆ ਦੀ ਕੁਰਬਾਨੀ ਨੂੰ ਕੌਮੀ ਪੱਧਰ ’ਤੇ ਯਾਦ ਕਰਨ ਲਈ ਇਸ ਦਿਨ ਨੂੰ ਸਲਾਨਾ ਮਨਾਉਣ ਦਾ ਐਲਾਨ ਕੀਤਾ। ਇਹ ਸ਼ਹੀਦੀ ਦਿਹਾੜਾ ਸਾਹਿਬਜ਼ਾਦਿਆਂ ਦੇ ਹੌਸਲੇ, ਜਜ਼ਬੇ ਤੇ ਸਿੱਖੀ ਸਿੱਦਕ ਦੀ ਜਿਉਂਦੀ ਜਾਗਦੀ ਮਿਸਾਲ ਹੈ, ਜਿਨ੍ਹਾਂ ਦਾ ਜੀਵਨ ਅਤੇ ਆਦਰਸ਼ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਇਹ ਇਤਿਹਾਸਕ ਕਦਮ ਕੇਂਦਰ ਸਰਕਾਰ ਦੇ ’ਸਬਕਾ ਸਾਥ, ਸਬਕਾ ਵਿਕਾਸ ਦੇ ਮੰਤਰ ਦੇ ਅਨੁਕੂਲ ਹੈ, ਜੋ ਸਿੱਖ ਫ਼ਲਸਫ਼ੇ ’ਸਰਬੱਤ ਦਾ ਭਲਾ’ ਤੋਂ ਪ੍ਰੇਰਿਤ ਹੈ, ਜਿਸ ਨੇ ਪਿਛਲੇ ਦਹਾਕੇ ਦੌਰਾਨ ਸਾਰੇ ਭਾਈਚਾਰਿਆਂ ਦੇ ਬਰਾਬਰ ਸ਼ਕਤੀਕਰਨ ਨੂੰ ਯਕੀਨੀ ਬਣਾਇਆ ਹੈ। ਪਿਛਲੇ 11 ਸਾਲਾਂ ਵਿਚ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦੇ ਵਿਸ਼ਵ ਭਰ ਵਿਚ ਪ੍ਰਚਾਰ ਲਈ ਬੇਮਿਸਾਲ ਉਪਰਾਲੇ ਕੀਤੇ ਗਏ ਹਨ। ਕੇਂਦਰ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਪ੍ਰਕਾਸ਼ ਪੁਰਬਾਂ ’ਤੇ ਵਿਸ਼ਵ ਪੱਧਰ ਕਰਵਾਏ ਸਮਾਗਮਾਂ ਰਾਹੀਂ ਸਿੱਖ ਗੁਰੂਆ ਦੀਆਂ ਸਿੱਖਿਆਵਾਂ ਨੂੰ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਕੋਨੇ-ਕੋਨੇ ਤੱਕ ਫੈਲਾਇਆ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ 11 ਸਾਲਾਂ ਵਿਚ ਅਮੀਰ ਸਿੱਖ ਵਿਰਸੇ ਤੇ ਵਿਰਾਸਤ ਦੀ ਸਾਂਭ ਸੰਭਾਲ ਅਤੇ ਪ੍ਰਚਾਰ ਲਈ ਕਈ ਉਪਰਾਲੇ ਕੀਤੇ ਹਨ। ਸਾਰੇ ਪ੍ਰਮੁੱਖ ਸਿੱਖ ਧਾਰਮਿਕ ਅਸਥਾਨਾਂ ਲਈ ਬਿਹਤਰ ਸੜਕ, ਰੇਲ ਅਤੇ ਹਵਾਈ ਕੂਨੈਕਟੀਵਿਟੀ ਸਥਾਪਿਤ ਕੀਤ ਗਈ ਹੈ, ਜਿਸ ਵਿਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਸਮੇਤ ਪੰਜ ਸਿੱਖ ਤਖ਼ਤਾਂ ਨੂੰ ਜੋੜਨ ਵਾਲੀ ਵਿਸ਼ੇਸ਼ ’ਗੁਰੂ ਕਿਰਪਾ ਯਾਤਰਾ’ ਰੇਲਗੱਡੀ, ਤਖ਼ਤ ਸ੍ਰੀ ਨਾਂਦੇੜ ਸਾਹਿਬ ਜਾਣ ਵਾਲੀ ਸੰਗਤ ਦੀ ਸਹੂਲਤ ਲਈ ਪੰਜਾਬ ਤੋਂ ਹਵਾਈ ਸੇਵਾ ਮੁੜ ਤੋਂ ਸ਼ੁਰੂ ਕਰਨਾ ਅਤੇ ਹੇਮਕੁੰਟ ਸਾਹਿਬ ਜੀ ਦੀ ਸੰਗਤ ਲਈ 27,730.13 ਕਰੋੜ ਰੁਪਏ ਦੇ ਰੋਪਵੇਅ ਪ੍ਰਾਜੈਕਟ ਮਨਜ਼ੂਰੀ ਦੇਣਾ ਸ਼ਾਮਲ ਹੈ। ਇਸ ਨਾਲ ਸਿੱਖ ਸੰਗਤ ਲਈ ਇਨ੍ਹਾਂ ਪਵਿੱਤਰ ਅਸਥਾਨਾਂ ਦੀ ਯਾਤਰਾ ਸੁਖਾਲੀ ਅਤੇ ਮੁਸ਼ਕਲ ਰਹਿਤ ਹੋਈ ਹੈ। ਕੇਂਦਰ ਸਰਕਾਰ ਨੇ ਲੰਗਰ ਸੇਵਾਵਾਂ ਨੂੰ ਜੀਐੱਸਟੀ ਤੋਂ ਮੁਕਤ ਕੀਤਾ ਹੈ ਅਤੇ ਸ੍ਰੀ ਹਰਿਮੰਦਰ ਸਾਹਿਬ ਲਈ ਐੱਫਸੀਆਰਏ ਰਜਿਸਟੇ੍ਰਸ਼ਨ ਵੀ ਦਿੱਤੀ ਹੈ ਤਾਂ ਜੋ ਪ੍ਰਵਾਸੀ ਸਿੱਖ ਸੰਗਤ (ਐੱਨਆਰਆਈ) ਵੱਲੋਂ ਵਿਦੇਸ਼ੀ ਦਾਨ ਸੰਭਵ ਹੋ ਸਕੇ। ਨਾਗਰਿਕਤਾ ਸੋਧ ਕਾਨੂੰਨ (ਸੀਏਏ) ਤਹਿਤ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ 337 ਪੀੜਤ ਸਿੱਖਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਗਈ ਹੈ ਅਤੇ ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੇ 33 ਸਿੱਖਾਂ ਨੂੰ ਪਦਮ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਇਹ ਸਾਰੇ ਉਪਰਾਲੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਅਤੇ ਯੋਗਦਾਨ ਪ੍ਰਤੀ ਕੇਂਦਰ ਸਰਕਾਰ ਦੇ ਸਨਮਾਨ ਨੂੰ ਦਰਸਾਉਂਦੇ ਹਨ।