ਮੁਕਤਸਰ ਪੁਲਿਸ ਨੇ ਗੁਆਚਿਆ ਨਾਬਾਲਿਗ ਨੌਜਵਾਨ ਲੱਭ ਕੇ ਕੀਤਾ ਪਰਿਵਾਰ ਦੇ ਹਵਾਲੇ
ਅਸ਼ੋਕ ਵਰਮਾ
ਸ਼੍ਰੀ ਮੁਕਤਸਰ ਸਾਹਿਬ, 21 ਜੂਨ 2025: ਮੌੜ ਰੋਡ ਸਥਿਤ ਗਲੀ ਨੰਬਰ 9 ਵਿਚ ਰਹਿਣ ਵਾਲਾ 16 ਸਾਲਾ ਨੌਜਵਾਨ ਵਿਵੇਕ, ਜੋ ਕਿ ਪਿਛਲੇ ਦਿਨੀ ਦੁਪਹਿਰ ਖੇਤ ਵਿੱਚ ਫ਼ਸਲ ਨੂੰ ਪਾਣੀ ਦੇਣ ਗਿਆ ਸੀ, ਅਚਾਨਕ ਗਾਇਬ ਹੋ ਗਿਆ ਸੀ। ਇਸ ਸਬੰਧੀ ਪਰਿਵਾਰਕ ਮੈਂਬਰਾਂ ਵੱਲੋਂ ਬੱਸ ਸਟੈਂਡ ਚੌਕੀ 'ਤੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ।ਸ਼ਿਕਾਇਤ ਮਿਲਣ 'ਤੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ। ਸਿਟੀ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੇ ਆਪਣੇ ਖੁਫੀਆ ਸਰੋਤਾਂ ਦੀ ਮਦਦ ਲੈ ਕੇ, ਵੱਖ-ਵੱਖ ਥਾਵਾਂ 'ਤੇ ਜਾਣਕਾਰੀ ਹਾਸਲ ਕੀਤੀ।
ਲਗਾਤਾਰ ਕੋਸ਼ਿਸ਼ਾਂ ਅਤੇ ਮੁਲਾਂਕਣ ਤੋਂ ਬਾਅਦ ਵਿਵੇਕ ਨੂੰ ਸੁਰੱਖਿਅਤ ਲੱਭ ਲਿਆ ਗਿਆ ਅਤੇ ਉਸ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ।ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਵਿਵੇਕ 8ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਹੈ। ਪਰਿਵਾਰ ਵੱਲੋਂ ਉਸ ਦੀ ਲੱਭਣ 'ਚ ਸਹਿਯੋਗ ਕਰਨ ਲਈ ਸਿਟੀ ਮੁਕਤਸਰ ਪੁਲਿਸ ਦਾ ਧੰਨਵਾਦ ਕੀਤਾ ਗਿਆ ਹੈ।