ਮਾਨਸਾ ਦੀਆਂ ਕਈ ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਅਤੇ ਲਿਫਟਿੰਗ ਵੀ ਸ਼ੁਰੂ: DC ਨਵਜੋਤ ਕੌਰ
ਹੁਣ ਤੱਕ ਖਰੀਦ ਏਜੰਸੀਆਂ ਵੱਲੋਂ ਕਰੀਬ 5 ਹਜ਼ਾਰ ਮੀਟਰਕ ਟਨ ਕਣਕ ਦੀ ਲਿਫਟਿੰਗ
ਅਸ਼ੋਕ ਵਰਮਾ
ਮਾਨਸਾ, 16 ਅਪ੍ਰੈਲ 2026:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਣ ਅਤੇ ਉਨ੍ਹਾਂ ਦੀ ਮਿਹਨਤ ਦਾ ਜਾਇਜ਼ ਮੁੱਲ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਜ਼ਿਲ੍ਹੇ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਂਦਿਆਂ ਕੀਤਾ।ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਨਾਲ-ਨਾਲ ਲਿਫਟਿੰਗ ਦਾ ਕੰਮ ਵੀ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ
ਹੁਣ ਤੱਕ ਜ਼ਿਲ੍ਹੇ ਵਿੱਚ ਲਗਭਗ 41 ਹਜ਼ਾਰ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਖਰੀਦੀ ਗਈ ਕਣਕ ਵਿੱਚੋਂ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਲਗਭਗ 5 ਹਜ਼ਾਰ ਮੀਟਰਕ ਟਨ ਕਣਕ ਦੀ ਲਿਫਟਿੰਗ ਮੁਕੰਮਲ ਕਰ ਲਈ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਮੰਡੀਆਂ ਵਿੱਚ ਆਮਦ ਵਧਣ ਦੇ ਨਾਲ-ਨਾਲ ਖਰੀਦ ਅਤੇ ਲਿਫਟਿੰਗ ਦੀ ਰਫ਼ਤਾਰ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ ਤਾਂ ਜੋ ਮੰਡੀਆਂ ਵਿੱਚ ਜਗ੍ਹਾ ਦੀ ਕੋਈ ਕਮੀ ਨਾ ਰਹੇ।
ਡੀਸੀ ਨਵਜੋਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਸਦਕਾ ਮਾਨਸਾ ਲੋਕਲ, ਸਰਦੂਲਗੜ੍ਹ, ਬੁਢਲਾਡਾ, ਭੀਖੀ, ਬੋੜਾਵਾਲ, ਅਲੀਸ਼ੇਰ ਕਲਾਂ, ਕੁਸਲਾ, ਕਿਸ਼ਨਗੜ੍ਹ ਫਰਵਾਹੀ ਅਤੇ ਝੁਨੀਰ ਸਮੇਤ ਕਈ ਮੰਡੀਆਂ ਵਿੱਚ ਖਰੀਦ ਅਤੇ ਚੁਕਾਈ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਡਾ ਮੁੱਖ ਮਕਸਦ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਉਣ ਦੇਣਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਖਰੀਦ ਦੇ ਨਾਲ-ਨਾਲ ਅਦਾਇਗੀ ਅਤੇ ਲਿਫਟਿੰਗ ਨੂੰ ਮਿੱਥੇ ਸਮੇਂ ਅੰਦਰ ਯਕੀਨੀ ਬਣਾਇਆ ਜਾਵੇ।"
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਪੀਣ ਵਾਲੇ ਸਾਫ਼ ਪਾਣੀ, ਬਿਜਲੀ, ਛਾਂ ਅਤੇ ਬਾਰਿਸ਼ ਤੋਂ ਬਚਾਅ ਲਈ ਤਰਪਾਲਾਂ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮੰਡੀਆਂ ਵਿੱਚ ਸੁੱਕੀ ਕਣਕ ਹੀ ਲੈ ਕੇ ਆਉਣ ਤਾਂ ਜੋ ਖਰੀਦ ਮੌਕੇ ਕੋਈ ਮੁਸ਼ਕਲ ਪੇਸ਼ ਨਾ ਆਵੇ।
Click to Follow Babushahi Facebook page →