ਬਜ਼ੁਰਗ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ: ਲੇਡੀ ਸਰਪੰਚ ਦੇ ਪਤੀ ਸਮੇਤ 8 ਖਿਲਾਫ ਪਰਚਾ ਦਰਜ
- ਪੁਲਿਸ ਨੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਸਮੇਤ 8 ਖਿਲਾਫ ਕੀਤਾ ਪਰਚਾ ਦਰਜ
- 8 ਵਿੱਚੋਂ 5 ਹਨ ਪੰਚਾਇਤ ਮੈਂਬਰ
ਦੀਪਕ ਜੈਨ
ਜਗਰਾਉਂ, 29 ਜੁਲਾਈ 2025 - ਬੀਤੇ ਸੋਮਵਾਰ ਪਿੰਡ ਅਖਾੜਾ ਦੇ ਰਹਿਣ ਵਾਲੇ ਇੱਕ 72 ਸਾਲਾਂ ਬਜ਼ੁਰਗ ਜੋਰਾ ਸਿੰਘ ਵੱਲੋਂ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੇ ਜੀਵਨ ਲੀਲਾ ਸਮਾਪਤ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਇਸ ਮਾਮਲੇ ਵਿੱਚ ਥਾਣਾ ਸਦਰ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਸਮੇਤ ਕੁੱਲ ਅੱਠ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਜਿਨਾਂ ਵਿੱਚ ਪੰਜ ਪੰਚਾਇਤ ਮੈਂਬਰ ਹਨ।
ਪੁਲਿਸ ਚੌਂਕੀ ਚੌਂਕੀਮਾਨ ਦੇ ਇੰਚਾਰਜ ਐਸਆਈ ਸੁਰਜੀਤ ਸਿੰਘ ਸਿੱਧੂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਿੰਡ ਅਖਾੜਾ ਦੇ ਬਜ਼ੁਰਗ ਜੋਰਾ ਸਿੰਘ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਵਿੱਚ ਪੁਲਿਸ ਨੂੰ ਮ੍ਰਿਤਕ ਦੇ ਲੜਕੇ ਸੁਖਦੇਵ ਸਿੰਘ ਆਪਣੇ ਬਿਆਨ ਦਰਜ ਕਰਵਾਉਂਦੇ ਦੱਸਿਆ ਸੀ ਕਿ ਉਹਨਾਂ ਦੇ ਪਿੰਡ ਦੀ ਪੰਚਾਇਤ ਵੱਲੋਂ ਉਹਨਾਂ ਦੀ ਗਲੀ ਦਾ ਪੱਧਰ ਉੱਚਾ ਕੀਤਾ ਜਾ ਰਿਹਾ ਸੀ ਜਿਸ ਦਾ ਉਹਨਾਂ ਦਾ ਪਰਿਵਾਰ ਵਿਰੋਧ ਕਰ ਗਿਆ ਤਾਂ ਪਿੰਡ ਦੀ ਮਹਿਲਾ ਸਰਪੰਚ ਦਾ ਪਤੀ ਜਸਵੀਰ ਸਿੰਘ ਪੁੱਤਰ ਗੁਰਮੇਲ ਸਿੰਘ, ਪੰਚਾਇਤ ਮੈਂਬਰ ਸੁਖਵਿੰਦਰ ਸਿੰਘ ਪੁੱਤਰ ਕੇਵਲ ਸਿੰਘ ਕੇਵਲ ਸਿੰਘ,ਦਰਸ਼ਨ ਸਿੰਘ ਪੁੱਤਰ ਜਗਸੀਰ ਸਿੰਘ, ਪਰਦੀਪ ਸਿੰਘ ਪੁੱਤਰ ਚਮਕੌਰ ਸਿੰਘ ਸੋਨੂ, ਭੁਜੀਆ ਤੇ ਪਿੰਡ ਦੇ ਹੀ ਸੁਖਦੇਵ ਸਿੰਘ ਪੁੱਤਰ ਸਰਵਨ ਸਿੰਘ ਅਤੇ ਸਰਵਨ ਸਿੰਘ ਪੁੱਤਰ ਬਿਸ਼ਨ ਸਿੰਘ ਉਹਨਾਂ ਨੂੰ ਕਹਿਣ ਲੱਗੇ ਕਿ ਤੁਸੀਂ ਜੋ ਕਰਨਾ ਹੈ ਕਰ ਲਓ ਗਲੀ ਦਾ ਪੱਧਰ ਤਾਂ ਸਾਡੇ ਹਿਸਾਬ ਨਾਲ ਹੀ ਬਣੇਗਾ।
ਸੁਖਦੇਵ ਸਿੰਘ ਨੇ ਦੱਸਿਆ ਕਿ ਇਹਨਾਂ ਗੱਲਾਂ ਤੋਂ ਪਰੇਸ਼ਾਨ ਹੋ ਕੇ ਹੀ ਉਸਦੇ ਪਿਤਾ ਨੇ ਅੱਜ ਘਰ ਪਈਆਂ ਸਲਫਾਜ਼ ਦੀਆਂ ਗੋਲੀਆਂ ਖਾ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ। ਐਸ ਆਈ ਸੁਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਲੜਕੇ ਸੁਖਦੇਵ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦਿਆਂ ਹੋਇਆਂ ਇਸ ਮਾਮਲੇ ਵਿੱਚ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ।