ਇੱਕੋ ਦਿਨ ਚੜ੍ਹੇ ਸੀ ਘੋੜੀ ਤੇ ਇੱਕੋ ਦਿਨ ਅਰਥੀ ‘ਤੇ ਸਵਾਰ ਹੋ ਸਿਵਿਆਂ ਨੂੰ ਚੱਲੇ ਦੋ ਸਕੇ ਭਰਾ
ਭਰਾ ਦੇ ਵਿਛੋੜੇ ‘ਚ ਪੰਜ ਘੰਟਿਆਂ ਅੰਦਰ ਹੀ ਤੋੜਿਆ ਦਮ, ਦਿਲ ਕੰਬਾਊ ਘਟਨਾ ਦੇਖ ਰੋਇਆ ਪੂਰਾ ਇਲਾਕਾ
Ravinder Singh/ ਬਾਬੂਸ਼ਾਹੀ ਬਿਊਰੋ
ਸਮਰਾਲਾ, 12 ਜੂਨ: ਰਿਸ਼ਤਿਆਂ ਦੇ ਅਟੁੱਟ ਪਿਆਰ ਅਤੇ ਪਰਛਾਵੇਂ ਵਾਂਗ ਸਾਥ ਨਿਭਾਉਣ ਦੀਆਂ ਗੱਲਾਂ ਤਾਂ ਅਕਸਰ ਸੁਣੀਆਂ ਜਾਂਦੀਆਂ ਹਨ, ਪਰ ਸਮਰਾਲਾ ਦੇ ਨਜ਼ਦੀਕੀ ਪਿੰਡ ਭੰਗਲਾਂ ਤੋਂ ਇੱਕ ਅਜਿਹਾ ਦਿਲ ਕੰਬਾਊ ਅਤੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦੀ ਰੂਹ ਕੰਬ ਗਈ। ਪਿੰਡ ਭੰਗਲਾਂ ਵਿਖੇ ਦੋ ਸਕੇ ਭਰਾਵਾਂ ਦੀ ਇੱਕੋ ਦਿਨ ਚਿਤਾ ਬਲਣ ਕਾਰਨ ਪੂਰੇ ਇਲਾਕੇ ਵਿੱਚ ਮਾਤਮ ਪਸਰ ਗਿਆ ਹੈ। ਦੋਵੇਂ ਭਰਾ ਇੱਕ-ਦੂਜੇ ਨੂੰ ਇੰਨਾ ਬੇਹੱਦ ਪਿਆਰ ਕਰਦੇ ਸਨ ਕਿ ਉਨ੍ਹਾਂ ਦਾ ਵਿਆਹ ਵੀ ਇੱਕੋ ਦਿਨ, ਇੱਕੋ ਘਰ ਵਿੱਚ ਦੋ ਸਕੀਆਂ ਭੈਣਾਂ ਨਾਲ ਹੋਇਆ ਸੀ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਬਚਪਨ ਤੋਂ ਲੈ ਕੇ ਵਿਆਹ ਦੇ ਮੰਡਪ ਤੱਕ ਇਕੱਠੇ ਰਹਿਣ ਵਾਲੇ ਇਹ ਭਰਾ ਦੁਨੀਆ ਤੋਂ ਰੁਖ਼ਸਤ ਵੀ ਇੱਕੋ ਦਿਨ ਹੀ ਹੋਣਗੇ।
ਇਸ ਦੁਖਦਾਈ ਘਟਨਾ ਦੇ ਵੇਰਵਿਆਂ ਮੁਤਾਬਕ ਪਿੰਡ ਦੇ ਇੱਕ ਮਿਹਨਤੀ ਕਿਸਾਨ ਪਰਿਵਾਰ ਨਾਲ ਸਬੰਧਤ 45 ਸਾਲਾ ਛੋਟਾ ਭਰਾ ਗੁਰਦੀਪ ਸਿੰਘ ਪਿਛਲੇ ਕਾਫੀ ਸਮੇਂ ਤੋਂ ਕਿਸੇ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਸੀ। ਪਰਿਵਾਰ ਵੱਲੋਂ ਉਸ ਦਾ ਲਗਾਤਾਰ ਇਲਾਜ ਕਰਵਾਇਆ ਜਾ ਰਿਹਾ ਸੀ, ਪਰ ਬੀਤੇ ਦਿਨੀਂ ਉਸ ਦੀ ਤਬੀਅਤ ਅਚਾਨਕ ਬਹੁਤ ਜ਼ਿਆਦਾ ਖ਼ਰਾਬ ਹੋ ਗਈ ਅਤੇ ਸ਼ਾਮ ਕਰੀਬ 5 ਵਜੇ ਉਸ ਨੇ ਆਖਰੀ ਸਾਹ ਲਿਆ। ਗੁਰਦੀਪ ਦੀ ਮੌਤ ਦੀ ਖ਼ਬਰ ਨੇ ਉਸ ਦੇ 50 ਸਾਲਾ ਵੱਡੇ ਭਰਾ ਗੁਰਜੀਤ ਸਿੰਘ ਨੂੰ ਅੰਦਰੋਂ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ। ਉਹ ਆਪਣੇ ਛੋਟੇ ਭਰਾ ਦੀ ਮ੍ਰਿਤਕ ਦੇਹ ਕੋਲ ਬੈਠਾ ਲਗਾਤਾਰ ਬੇਸੁੱਧ ਹੋ ਕੇ ਰੋ ਰਿਹਾ ਸੀ। ਅਜੇ ਛੋਟੇ ਭਰਾ ਦੀ ਮੌਤ ਨੂੰ ਪੰਜ ਘੰਟੇ ਵੀ ਨਹੀਂ ਹੋਏ ਸਨ ਕਿ ਦੇਰ ਰਾਤ ਕਰੀਬ 12 ਤੋਂ 1 ਵਜੇ ਦੇ ਵਿਚਕਾਰ ਗੁਰਜੀਤ ਸਿੰਘ ਦੀ ਵੀ ਅਚਾਨਕ ਹਾਰਟ ਅਟੈਕ (Heart Attack) ਕਾਰਨ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਆਪਣੇ ਜਾਨ ਤੋਂ ਪਿਆਰੇ ਛੋਟੇ ਭਰਾ ਦੇ ਵਿਛੋੜੇ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਦਿਲ ਦੀ ਧੜਕਣ ਰੁਕਣ ਕਾਰਨ ਉਸ ਦੇ ਮਗਰ ਹੀ ਚਲਾ ਗਿਆ।
ਪਿੰਡ ਵਾਸੀਆਂ ਨੇ ਬੇਹੱਦ ਭਾਵੁਕ ਹੁੰਦਿਆਂ ਦੱਸਿਆ ਕਿ ਦੋਵੇਂ ਭਰਾ ਹਮੇਸ਼ਾ ਇੱਕ-ਦੂਜੇ ਦਾ ਪਰਛਾਵਾਂ ਬਣ ਕੇ ਰਹਿੰਦੇ ਸਨ। ਖੇਤਾਂ ਦੀ ਮੋਟਰ ‘ਤੇ ਕੰਮ ਕਰਨਾ ਹੋਵੇ, ਸ਼ਹਿਰ ਜਾਣਾ ਹੋਵੇ ਜਾਂ ਕਿਸੇ ਰਿਸ਼ਤੇਦਾਰੀ ਵਿੱਚ ਜਾਣਾ ਹੋਵੇ, ਦੋਵਾਂ ਨੂੰ ਹਮੇਸ਼ਾ ਇਕੱਠੇ ਹੀ ਦੇਖਿਆ ਜਾਂਦਾ ਸੀ। ਜਦੋਂ ਗੁਰਦੀਪ ਸਿੰਘ ਬਿਮਾਰ ਸੀ ਤਾਂ ਗੁਰਜੀਤ ਸਿੰਘ ਅਕਸਰ ਕਹਿੰਦਾ ਹੁੰਦਾ ਸੀ ਕਿ ਉਹ ਆਪਣੇ ਭਰਾ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਦਾ ਅਤੇ ਉਸ ਨੇ ਆਪਣੀ ਇਹ ਗੱਲ ਸੱਚ ਕਰ ਦਿਖਾਈ। ਇਸ ਮੰਦਭਾਗੀ ਘਟਨਾ ਤੋਂ ਬਾਅਦ ਹੱਸਦੇ-ਖੇਡਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਦਕਿ ਬਜ਼ੁਰਗ ਪਿਤਾ ਆਪਣੇ ਦੋ ਜਵਾਨ ਪੁੱਤਰਾਂ ਦੀਆਂ ਲਾਸ਼ਾਂ ਨੂੰ ਇੱਕੋ ਵਾਰ ਦੇਖ ਕੇ ਗਹਿਰੇ ਸਦਮੇ ਵਿੱਚ ਚਲੇ ਗਏ ਹਨ। ਗੁਰਜੀਤ ਸਿੰਘ ਆਪਣੇ ਪਿੱਛੇ ਦੋ ਬੇਟੀਆਂ ਤੇ ਇੱਕ ਬੇਟਾ ਛੱਡ ਗਿਆ ਹੈ, ਜਦਕਿ ਗੁਰਦੀਪ ਸਿੰਘ ਦਾ ਇੱਕ ਬੇਟਾ ਹੈ।
ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਬੱਗਾ ਨੇ ਦੋਵਾਂ ਭਰਾਵਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਉਹ ਬਹੁਤ ਹੀ ਇਨਕਲਾਬੀ ਸਨ ਅਤੇ ਉਨ੍ਹਾਂ ਨੇ ਦਿੱਲੀ ਵਿਖੇ ਚੱਲੇ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਟਿਕਰੀ ਬਾਰਡਰ ‘ਤੇ ਇੱਕ ਸਾਲ ਤੋਂ ਵੱਧ ਸਮੇਂ ਲਈ ਮੋਰਚਾ ਲਾਇਆ ਸੀ। ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਤੱਕ ਇਹ ਦੋਵੇਂ ਭਰਾ ਸੰਘਰਸ਼ ਵਿੱਚ ਲਗਾਤਾਰ ਮੂਹਰਲੀ ਕਤਾਰ ਵਿੱਚ ਡਟੇ ਰਹੇ ਸਨ। ਵੀਰਵਾਰ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਦੋਵਾਂ ਭਰਾਵਾਂ ਦਾ ਅੰਤਮ ਸਸਕਾਰ ਇਕੱਠਿਆਂ ਹੀ ਕੀਤਾ ਗਿਆ। ਇੱਕੋ ਘਰ ਵਿੱਚੋਂ ਇੱਕੋ ਸਮੇਂ ਨਿਕਲੀਆਂ ਦੋ ਅਰਥੀਆਂ ਅਤੇ ਇੱਕੋ ਵਾਰ ਬਲਦੀਆਂ ਦੋ ਚਿਤਾਵਾਂ ਦਾ ਭਿਆਨਕ ਦ੍ਰਿਸ਼ ਦੇਖ ਕੇ ਉੱਥੇ ਮੌਜੂਦ ਹਰ ਇੱਕ ਸ਼ਖਸ ਦੀ ਅੱਖ ਨਮ ਹੋ ਗਈ ਅਤੇ ਪੂਰਾ ਪਿੰਡ ਚੀਕ-ਚਿਹਾਰਿਆਂ ਨਾਲ ਗੂੰਜ ਉੱਠਿਆ। ਇਹ ਘਟਨਾ ਸਿਰਫ਼ ਇੱਕ ਪਰਿਵਾਰ ਦਾ ਘਾਟਾ ਨਹੀਂ, ਸਗੋਂ ਭਰਾਵਾਂ ਦੇ ਅਟੁੱਟ ਪਿਆਰ ਦੀ ਉਹ ਮਿਸਾਲ ਹੈ ਜਿਸ ਨੂੰ ਇਲਾਕੇ ਦੇ ਲੋਕ ਕਦੇ ਨਹੀਂ ਭੁੱਲ ਸਕਣਗੇ।
- Download Babushahi App
-
-