ਹੌਲ਼ੀ ਹੌਲ਼ੀ ਮਰਨਾ..
ਪਾਬਲੋ ਨੇਰੂਦਾ
ਉਹ ਜੋ
ਆਦਤ ਦਾ ਗੁਲਾਮ ਬਣ ਜਾਂਦਾ ਹੈ
ਇੱਕੋ ਰਸਤੇ ਚਲਦਾ ਹੈ
ਕਦੇ ਰਫ਼ਤਾਰ ਨਹੀਂ ਬਦਲਦਾ
ਜੋ ਕੱਪੜਿਆਂ ਦਾ ਰੰਗ ਬਦਲਣ ਲਈ ਵੀ
ਜੋਖ਼ਮ ਨਹੀਂ ਉਠਾਉਂਦਾ।
ਜੋ ਬੋਲਦਾ ਨਹੀਂ ਤੇ ਮਹਿਸੂਸ ਨਹੀਂ ਕਰਦਾ
ਹੌਲ਼ੀ ਹੌਲ਼ੀ ਮਰਦਾ ਹੈ...
ਉਹ ਜੋ ਜਨੂੰਨ ਤੋਂ ਬਚਦਾ ਹੈ
ਚਿੱਟੇ ਦੀ ਥਾਂ ਕਾਲ਼ੇ ਨੂੰ ਤਰਜੀਹ ਦਿੰਦਾ ਹੈ
ਜੋ ਭਾਵਨਾਵਾਂ ਦੀ ਪੰਡ ਹੋਣ ਦੀ ਥਾਂ
ਇੱਕੋ ਜਿਹਾ ਚਿਹਰਾ ਬਣਾਈ ਰੱਖਦਾ ਹੈ
ਪਿਆਰ ਵਿੱਚ ਵੀ,
ਜਿਸ ਨੂੰ ਦੇਖ ਮੱਧਮ ਹੋ ਜਾਂਦੀ ਹੈ
ਤੁਹਾਡੀਆਂ ਅੱਖਾਂ ਦੀ ਰੋਸ਼ਨੀ
ਜੋ ਉਬਾਸੀ ਨੂੰ ਮੁਸਕਰਾਹਟ 'ਚ ਬਦਲ ਲੈਂਦਾ ਹੈ
ਜਿਸ ਨੂੰ ਹੌਲ ਪੈਣ ਲੱਗਦੇ ਹਨ
ਗਲਤੀਆਂ ਤੇ ਜਜ਼ਬਾਤਾਂ ਦਾ ਸਾਹਮਣਾ ਕਰਨ ਲੱਗੇ
ਹੌਲ਼ੀ ਹੌਲ਼ੀ ਮਰਦਾ ਹੈ...
ਉਹ ਜੋ ਚੀਜ਼ਾਂ ਨੂੰ ਉਲਟਾ-ਪੁਲਟਾ ਨਹੀਂ ਕਰਦਾ
ਜੋ ਕੰਮ ਕਰਦਾ ਖੁਸ਼ ਨਹੀਂ
ਜੋ ਇੱਕ ਸੁਪਨੇ ਦਾ ਪਿੱਛਾ ਕਰਦੇ ਹੋਏ
ਅਸਥਿਰਤਾ ਲਈ ਸਥਿਰਤਾ ਛੱਡਣ ਦਾ
ਖਤਰਾ ਨਹੀਂ ਉਠਾਉਂਦਾ
ਜੋ ਜ਼ਿੰਦਗੀ 'ਚ ਇੱਕ ਵਾਰ ਵੀ 'ਨਰੋਈ' ਸਲਾਹ ਨਹੀਂ ਠੁਕਰਾਂਉਂਦਾ
ਹੌਲ਼ੀ ਹੌਲ਼ੀ ਮਰਦਾ ਹੈ...
ਉਹ ਜੋ ਯਾਤਰਾਵਾਂ ਨਹੀਂ ਕਰਦਾ
ਜੋ ਪੜ੍ਹਦਾ ਨਹੀਂ
ਸੰਗੀਤ ਨਹੀਂ ਮਾਣਦਾ
ਖੁਦ ਵਿੱਚ ਕੋਈ ਸੁਹੱਪਣ ਨਹੀਂ ਦੇਖਦਾ
ਹੌਲ਼ੀ ਹੌਲ਼ੀ ਮਰਦਾ ਹੈ...
ਉਹ ਜੋ ਹੌਲ਼ੀ ਹੌਲ਼ੀ ਆਪਣਾ ਸਵੈਮਾਣ ਖਤਮ ਕਰ ਲੈਂਦਾ ਹੈ
ਖ਼ੁਦ ਦੀ ਮੱਦਦ ਪ੍ਰਵਾਨ ਨਹੀਂ ਕਰਦਾ
ਜੋ ਮਾੜੀ ਕਿਸਮਤ ਦੀਆਂ
ਕਦੇ ਨਾ ਰੁਕਣ ਵਾਲ਼ੀ ਬਾਰਿਸ਼ ਦੀਆਂ
ਸ਼ਿਕਾਇਤਾਂ ਕਰਦੇ ਹੋਏ ਦਿਨ ਕੱਟਦਾ ਹੈ
ਹੌਲ਼ੀ ਹੌਲ਼ੀ ਮਰਦਾ ਹੈ...
ਉਹ ਜੋ ਕੋਈ ਯੋਜਨਾ ਤਿਆਗ ਦਿੰਦਾ ਹੈ
ਸ਼ੁਰੂ ਕਰਨ ਤੋਂ ਪਹਿਲਾਂ ਹੀ
ਨਹੀਂ ਪੁੱਛਦਾ ਸਵਾਲ ਉਹਨਾਂ ਮਸਲਿਆਂ ਬਾਰੇ
ਜਿਹਨਾਂ ਬਾਰੇ ਉਸ ਨੂੰ ਪਤਾ ਨਹੀਂ
ਤੇ ਉਸ ਦਾ ਉੱਤਰ ਨਹੀਂ ਦਿੰਦਾ
ਜਿਸ ਬਾਰੇ ਉਹ ਜਾਣਦਾ ਹੁੰਦਾ ਹੈ
ਹੌਲ਼ੀ ਹੌਲ਼ੀ ਮਰਦਾ ਹੈ...
ਆਉ ਕੋਸ਼ਿਸ਼ ਕਰੀਏ
ਕਿਸ਼ਤਾਂ 'ਚ ਆਉਂਦੀ ਮੌਤ ਤੋਂ ਬਚੀਏ
ਖੁਦ ਨੂੰ ਯਾਦ ਦਵਾਉਂਦੇ ਹੋਏ
ਕਿ ਜ਼ਿੰਦਾ ਰਹਿਣ ਲਈ
ਸਾਹ ਲੈਣ ਤੋਂ ਵੱਧ ਕੋਸ਼ਿਸ਼ ਕਰਨੀ ਪੈਂਦੀ ਹੈ
ਤੇ ਸਿਰਫ਼ ਮੱਚਦਾ ਸਬਰ ਹੀ ਲੈ ਕੇ ਜਾਵੇਗਾ ਸਾਨੂੰ
ਸ਼ਾਨਾਮੱਤੀ ਖੁਸ਼ੀ ਤੱਕ...