ਹੜ੍ਹ ਦੀ ਮਾਰ ਕਿਸਾਨ ਅਜੇ ਵੀ ਅਵਾਜ਼ਾਰ; ਬਾਊਪੁਰ ਮੰਡ ਇਲਾਕੇ ਵਿੱਚ ਮੱਕੀ ਬੀਜਣ ਲਈ ਜ਼ਮੀਨ ਹੋਣ ਲੱਗੀ ਤਿਆਰ
*ਖੇਤਾਂ ਵਿੱਚ ਰੇਤ ਜ਼ਿਆਦਾ ਹੋਣ ਕਾਰਨ ਕਿਸਾਨ ਕਣਕ ਬੀਜਣ ਤੋਂ ਪੱਛੜੇ*
*ਸੰਤ ਸੀਚੇਵਾਲ ਨੇ ਡੀਜ਼ਲ ਦਾਨ ਕਰਨ ਦੀ ਕੀਤੀ ਅਪੀਲ*
*ਸੰਤ ਸੀਚੇਵਾਲ ਬਾਂਹ ਨਾ ਫੜਦੇ ਤਾਂ 10 ਸਾਲ ਖੇਤਾਂ ਵਿੱਚ ਰੇਤਾ ਨਹੀਂ ਸੀ ਚੁੱਕੀ ਜਾਣੀ*
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 24 ਦਸੰਬਰ 2025
ਬਾਊਪੁਰ ਮੰਡ ਇਲਾਕੇ ਵਿੱਚ ਹੜ੍ਹਾਂ ਨਾਲ ਹੋਈ ਤਬਾਹੀ ਤੋਂ ਬਾਅਦ ਅਜੇ ਵੀ ਵੱਡੇ ਹਿੱਸੇ ਵਿੱਚੋਂ ਰੇਤਾ ਚੁੱਕਣ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ ਤਾਂ ਜੋ ਖੇਤ ਪੱਧਰੇ ਕਰਕੇ ਫਰਵਰੀ ਤੱਕ ਮੱਕੀ ਬੀਜੀ ਜਾ ਸਕੇ। ਪੀੜਤ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਲਗਾਤਾਰ ਇੱਥੇ ਐਕਸਾਵੇਟਰ ਮਸ਼ੀਨਾਂ ਅਤੇ ਵੱਡੇ ਟਰੈਕਟਰ ਲਾ ਕੇ ਜ਼ਮੀਨਾਂ ਪੱਧਰੀਆਂ ਕਰਵਾ ਰਹੇ ਹਨ। ਜਿੱਥੇ ਮੰਡ ਇਲਾਕੇ ਦੇ ਵੱਡੇ ਹਿੱਸੇ ਵਿੱਚੋਂ ਰੇਤਾ ਚੁੱਕੀ ਗਈ ਸੀ ਤੇ ਉਥੇ ਤਾਂ ਕਣਕਾਂ ਬੀਜੀਆਂ ਗਈਆਂ ਸਨ। ਬਹੁਤ ਸਾਰੇ ਕਿਸਾਨ ਅਜਿਹੇ ਵੀ ਹਨ ਜਿੰਨ੍ਹਾਂ ਦੇ ਖੇਤਾਂ ਵਿੱਚ ਚੜ੍ਹੀ ਪੰਜ-ਪੰਜ ਫੁੱਟ ਤੱਕ ਰੇਤ ਨਾ ਚੁੱਕਣ ਕਾਰਨ ਕਣਕ ਨਹੀਂ ਸੀ ਬੀਜੀ ਜਾ ਸਕੀ।
ਬਾਅਦ ਦੁਪਹਿਰ ਮੰਡ ਇਲਾਕੇ ਵਿੱਚ ਪਹੁੰਚੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਉਸ ਥਾਂ ਗਏ ਜਿੱਥੇ ਖੇਤਾਂ ਵਿੱਚ ਅਜੇ ਵੀ ਰੇਤਾ ਪਹਾੜ ਲੱਗੇ ਹੋਏ ਹਨ। ਸੰਤ ਸੀਚੇਵਾਲ ਨੇ ਦਾਨੀ ਸੱਜਣਾਂ ਨੂੰ ਡੀਜ਼ਲ ਦੇਣ ਦੀ ਅਪੀਲ ਕਰਦਿਆ ਕਿਹਾ ਕਿ ਅਜੇ ਵੀ ਬਹੁਤ ਸਾਰੇ ਕਿਸਾਨ ਹਨ, ਜਿੰਨ੍ਹਾਂ ਦੀ ਜ਼ਮੀਨ ਵਿੱਚ ਵੱਡੇ ਪੱਧਰ ‘ਤੇ ਰੇਤਾ ਚੜ੍ਹੀ ਹੋਈ ਹੈ।
ਬਿਆਸ ਦਰਿਆ ਨੇੜੇ ਹੋਣ ਕਾਰਨ ਹੜ੍ਹ ਦੌਰਾਨ ਸਭ ਤੋਂ ਵੱਧ ਰੇਤਾ ਏਨਾਂ ਕਿਸਾਨਾਂ ਦੇ ਖੇਤਾਂ ਵਿੱਚ ਹੀ ਚੜ੍ਹ ਗਈ ਸੀ। ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਸੰਤ ਸੀਚੇਵਾਲ ਦੇ ਕਾਰਸੇਵਕਾਂ ਵਲੋਂ ਏਨਾਂ ਕਿਸਾਨਾਂ ਦੇ ਖੇਤਾਂ ਵਿੱਚ ਪੰਜ-ਪੰਜ ਫੁੱਟ ਡੂੰਘੀਆਂ ਖਾਈਆਂ ਪੁੱਟੀਆਂ ਜਾ ਰਹੀਆਂ ਹਨ। ਇਸ ਨਾਲ ਸਖਤ ਮਿੱਟੀ ਕੱਢੀ ਜਾ ਰਹੀ ਤੇ ਉਨ੍ਹਾਂ ਖਾਈਆਂ ਨੂੰ ਰੇਤਾ ਨਾਲ ਪੂਰਿਆ ਜਾ ਰਿਹਾ ਹੈ।
ਕਿਸਾਨਾਂ ਨੇ ਦੱਸਿਆ ਕਿ ਜੇਕਰ ਉਹ ਆਪ ਆਪਣੇ ਖੇਤ ਪੱਧਰ ਕਰਨ ਲੱਗਦੇ ਤਾਂ 10 ਸਾਲ ਤੱਕ ਵੀ ਜ਼ਮੀਨ ਪੱਧਰੀ ਨਹੀਂ ਸੀ ਹੋਣੀ। ਹੁਣ ਜਦੋਂ ਸੰਤ ਸੀਚੇਵਾਲ ਦੀ ਅਗਵਾਈ ਹੇਠ ਕਾਰ ਸੇਵਾ ਦੇ ਰੂਪ ਵਿੱਚ ਜ਼ਮੀਨਾਂ ਸਾਂਝੇ ਤੌਰ ‘ਤੇ ਪੱਧਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਕੰਮ ਦਾ ਨਿਬੇੜਾ ਵੀ ਛੇਤੀ ਹੋ ਰਿਹਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜਿਸ ਗਤੀ ਨਾਲ ਇਹ ਕਾਰਸੇਵਾ ਚੱਲ ਰਹੀ ਹੈ ਫਰਵਰੀ ਤੱਕ ਅਗਲੀ ਫਸਲ ਮੱਕੀ ਬੀਜਣ ਤੱਕ ਖੇਤ ਤਿਆਰ-ਬਰ ਤਿਆਰ ਹੋ ਜਾਣਗੇ।
ਮੌਕੇ ‘ਤੇ ਹਾਜ਼ਰ ਕਿਸਾਨਾਂ ਨੇ ਦੱਸਿਆ ਕਿ ਹੜ੍ਹ ਦੀ ਮਾਰ ਨਾਲ ਉਨ੍ਹਾਂ ਦੀ ਝੋਨੇ ਦੀ ਫਸਲ ਤਾਂ 100 ਫੀਸਦੀ ਤਬਾਹ ਹੋ ਗਈ ਸੀ ਤੇ ਨਾਲ ਲੱਗਦੀ ਜ਼ਮੀਨ ਵੀ ਬੇਅਬਾਦ ਹੋ ਗਈ ਸੀ। ਇਸ ਦੋਹਰੀ ਮਾਰ ਤੋਂ ਸੰਤ ਸੀਚੇਵਾਲ ਨੇ ਬਚਾਅ ਕੀਤਾ। ਉਨ੍ਹਾਂ ਨੇ ਅਪਾਣੀ ਸਾਰੀ ਵੱਡੀ ਮਸ਼ੀਨਰੀ ਮੰਡ ਇਲਾਕੇ ਵਿੱਚ ਲਾਈ ਹੋਈ ਹੈ। ਹੜ੍ਹਾਂ ਦੌਰਾਨ ਕਿਸ਼ਤੀਆਂ ਰਾਹੀ ਲੋਕਾਂ ਦੀ ਮੱਦਦ ਕਰਦੇ ਰਹੇ ਤੇ ਪਾਣੀ ਉਤਰਣ ਤੋਂ ਬਾਅਦ ਖੇਤ ਪੱਧਰ ਕਰਨ ਤੋਂ ਲੈਕੇ ਕਣਕਾਂ ਬੀਜਣ ਤੱਕ ਆਪਣੇ ਹੱਥੀ ਕੰਮ ਕਰਦੇ ਰਹੇ। ਹੁਣ ਵੀ ਲਗਤਾਰ ਦਰਿਆ ਦੇ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।