ਸੁਰਜੀਤ ਪਾਤਰ ਆਪਣੇ ਸ਼ਬਦਾਂ ਨਾਲ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦੇ ਰਹਿਣਗੇ ਰਹਿਣਗੇ - ਡਾ. ਗੋਸਲ
- ਪੀ.ਏ.ਯੂ. ਵਿੱਚ ਮਨਾਇਆ ਗਿਆ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਦਾ ਜਨਮ ਦਿਨ
ਲੁਧਿਆਣਾ, 14 ਜਨਵਰੀ 2025 - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਯੁਗ ਕਵੀ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ''ਲਫ਼ਜ਼ਾਂ ਦੀ ਦਰਗਾਹ'' ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਡਾ. ਪਾਤਰ ਸਾਡੇ ਸਮਿਆਂ ਦੇ ਮਹਾਨ ਸ਼ਾਇਰ ਅਤੇ ਚਿੰਤਕ ਸਨ ਜਿਸ ਨੇ ਆਪਣੀਆਂ ਲਿਖਤਾਂ ਨਾਲ ਪੂਰੀ ਦੁਨੀਆਂ ਵਿੱਚ ਪ੍ਰਭਾਵ ਪਾਇਆ ਹੈ। ਡਾ. ਗੋਸਲ ਨੇ ਕਿਹਾ ਕਿ ਪੀ.ਏ. ਯੂ. ਨੂੰ ਇਸ ਗੱਲ ਦਾ ਹਮੇਸ਼ਾ ਮਾਣ ਰਹੇਗਾ ਕਿ ਡਾ. ਪਾਤਰ ਨੇ ਆਪਣੀ ਜਿੰਦਗੀ ਦਾ ਬੇਹਤਰੀਨ ਸਮਾਂ ਇੱਥੇ ਬਤੀਤ ਕੀਤਾ ਅਤੇ ਸਾਹਤਿਕ ਸਿਰਜਣਾ ਕੀਤੀ।
ਡਾ. ਗੋਸਲ ਨੇ ਦੱਸਿਆ ਨੇ ਯੂਨੀਵਰਸਿਟੀ ਵੱਲੋਂ ਸੁਰਜੀਤ ਪਾਤਰ ਚੇਅਰ ਸਥਾਪਿਤ ਕੀਤੀ ਗਈ ਹੈ ਅਤੇ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਰਹਾਂਗੇ ਤਾਂ ਕਿ ਆਉਣ ਵਾਲੀਆਂ ਪੀੜੀਆਂ ਡਾ. ਪਾਤਰ ਦੇ ਸ਼ਬਦਾਂ ਤੋਂ ਸਬਕ ਲੈਂਦੀਆਂ ਰਹਿਣ। ਸਵਾਗਤੀ ਸ਼ਬਦਾਂ ਦੌਰਾਨ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਦਾ ਨਾਮ ਪੀ.ਏ.ਯੂ. ਨਾਲ ਹਮੇਸ਼ਾ ਜੁੜਿਆ ਰਹੇਗਾ ਕਿਉਂ ਕਿ ਉਹਨਾਂ ਦੀ ਸਿਰਜਨ ਪ੍ਰਕਿਰਿਆ ਵਿੱਚ ਇੱਥੋਂ ਦੇ ਕੁਦਰਤੀ ਵਾਤਾਵਰਨ ਦਾ ਬਹੁਤ ਵੱਡਾ ਯੋਗਦਾਨ ਹੈ। ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਦੀਆਂ ਲਿਖਤਾਂ ਮਨੁੱਖਤਾ ਦੀ ਚੜ੍ਹਦੀ ਕਲਾ ਲਈ ਰਾਹ ਦਸੇਰਾ ਹਨ, ਜਿਨ੍ਹਾਂ ਦੇ ਅਰਥ ਹਮੇਸ਼ਾ ਗੂੜ੍ਹੇ ਹੀ ਰਹਿਣਗੇ। ਵਿਸ਼ ਮਹਿਮਾਨ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਡਾ. ਜਗਤਾਰ ਧੀਮਾਨ ਨੇ ਕਿਹਾ ਕਿ ਡਾ ਪਾਤਰ ਵੱਡੇ ਸ਼ਾਇਰ ਹੋਣ ਦੇ ਨਾਲ ਨਾਲ ਰੂਹਦਾਰ ਇਨਸਾਨ ਵੀ ਸਨ।
ਖੇਤੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਦੇ ਇਸ ਯੂਨੀਵਰਿਸਟੀ ਵਿੱਚ ਸਾਹਿਤਕ ਮਹੌਲ ਸਿਰਜਨ ਵਿੱਚ ਡਾ. ਪਾਤਰ ਦਾ ਅਹਿਮ ਯੋਗਦਾਨ ਹੈ। ਬੇਸਿਕ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਦੀਆਂ ਲਿਖਤਾਂ ਵਿੱਚ ਬਹੁਤ ਕੁਝ ਅਜਿਹਾ ਹੈ ਜੋ ਸਮਾਜ ਨੂੰ ਵਧੀਆ ਬਣਾਉਣ ਵਿੱਚ ਸਹਾਈ ਹੁੰਦਾ ਹੈ। ਇਸ ਮੌਕੇ, ਪੰਜਾਬੀ ਸਾਹਿਤ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਪੰਧੇਰ, ਪੰਜਾਬੀ ਦੇ ਪ੍ਰੋਫੈਸਰ ਡਾ. ਜਗਦੀਸ਼ ਕੌਰ, ਕਰਨਲ ਜਸਜੀਤ ਸਿੰਘ ਗਿੱਲ, ਅਮਰਜੀਤ ਸ਼ੇਰਪੁਰੀ, ਸ਼ਾਇਰ ਜਸਪ੍ਰੀਤ ਅਮਲਤਸ, ਡਾ. ਰਵਿੰਦਰ ਚੰਦੀ, ਡਾ. ਕਰਨਬੀਰ ਸਿੰਘ ਗਿੱਲ, ਡਾ. ਅਮਿੰਦਰ ਸਿੰਘ ਬਰਾੜ, ਡਾ. ਮਾਨ ਸਿੰਘ ਤੂਰ, ਡਾ. ਏ. ਪੀ. ਸਿੰਘ, ਲਾਈਬ੍ਰੇਰੀਅਨ ਡਾ. ਯੋਗੀਤਾ ਸ਼ਰਮਾ, ਡਾ. ਬਿਕਰਮਜੀਤ ਸਿੰਘ, ਮਨਦੀਪ ਕੌਰ ਭੰਮਰਾ, ਸੁਰਿੰਦਰਬੀਰ ਸਿੰਘ, ਹਰੀ ਸਿੰਘ ਜਾਚਕ ਅਤੇ ਪੀ.ਏ.ਯੂ. ਦੇ ਵਿਦਿਆਰਥੀਆਂ ਗੁਰਵਿੰਦਰ ਸਿੰਘ, ਤਸ਼ਮੀਨ ਸਿੰਘ, ਪ੍ਰੀਤਮਨ ਕੌਰ, ਪ੍ਰਤੀਕ ਸ਼ਰਮਾ ਅਤੇ ਜੈਸਮੀਨ ਕੋਰ ਨੇ ਪਾਤਰ ਸਾਹਿਬ ਦੀਆਂ ਰਚਨਾਵਾਂ ਪੇਸ਼ ਕੀਤੀਆਂ।
ਯੂਨੀਵਰਸਿਟੀ ਦੇ ਐਸੋਸੀਏਟ ਡਾਇਰੈਕਟਰ (ਸਭਿਆਚਾਰ) ਡਾ. ਰੁਪਿੰਦਰ ਕੌਰ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ. ਪਾਤਰ ਆਪਣੇ ਵਿਚਾਰਾਂ ਨਾਲ ਸਾਡੇ ਅੰਗ—ਸੰਗ ਹਨ ਅਤੇ ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਨਾਲ ਹੈ। ਇਸ ਮੌਕੇ ਜੁਆਇੰਟ ਡਾਇਰੈਕਟਰ ਡਾ. ਕਮਲਜੀਤ ਸਿੰਘ ਸੂਰੀ, ਸਤਵੀਰ ਸਿੰਘ, ਰਜਿਸਟਰਿੰਗ ਅਫ਼ਸਰ ਵੀ ਹਾਜ਼ਰ ਸਨ। ਪ੍ਰੋਗਰਾਮ ਦਾ ਸੰਚਾਲਨ ਡਾ. ਦਵਿੰਦਰ ਦਿਲਰੂਪ ਨੇ ਸਾਹਿਤਕ ਅੰਦਾਜ਼ ਵਿੱਚ ਕੀਤਾ।