ਕੈਪਟਨ ਅਮਰਿੰਦਰ ਪਾਰਟੀ ਦਾ ਗੱਦਾਰ, ਉਸ ਦੀ ਵਾਪਸੀ ਨਾਲ ਹੋਵੇਗਾ ਕਾਂਗਰਸ ਦਾ ਨੁਕਸਾਨ: ਘੁਬਾਇਆ
Babushahi Network
ਚੰਡੀਗੜ੍ਹ, 19 ਦਸੰਬਰ 2025: ਕਾਂਗਰਸ ਦੇ ਸੀਨੀਅਰ ਆਗੂ ਅਤੇ MP ਸ਼ੇਰ ਸਿੰਘ ਘੁਬਾਇਆ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਵਿੱਚ ਸੰਭਾਵੀ ਵਾਪਸੀ ਨੂੰ ਲੈ ਕੇ ਜ਼ੋਰਦਾਰ ਹਮਲਾ ਬੋਲਿਆ ਹੈ। ਘੁਬਾਇਆ ਨੇ ਕੈਪਟਨ ਨੂੰ "ਪਾਰਟੀ ਦਾ ਗੱਦਾਰ" ਕਰਾਰ ਦਿੰਦਿਆਂ ਕਿਹਾ ਕਿ ਅਜਿਹੇ ਵਿਅਕਤੀ ਦੀ ਵਾਪਸੀ ਨਾਲ ਕਾਂਗਰਸ ਨੂੰ ਫਾਇਦੇ ਦੀ ਬਜਾਏ ਵੱਡਾ ਨੁਕਸਾਨ ਹੋਵੇਗਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ੇਰ ਸਿੰਘ ਘੁਬਾਇਆ ਨੇ ਬੜੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜਿਸ ਇਨਸਾਨ ਨੇ ਪਾਰਟੀ ਨਾਲ ਦਗ਼ਾ ਕਮਾਇਆ ਹੋਵੇ, ਉਸ ਨੂੰ ਮੁੜ ਸ਼ਾਮਲ ਕਰਨਾ ਘਾਤਕ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ, "ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਆਪਣੀ ਚਲਾਈ ਹੈ ਅਤੇ ਪਾਰਟੀ ਹਿੱਤਾਂ ਨੂੰ ਛਿੱਕੇ ਟੰਗਿਆ ਹੈ। ਗੱਦਾਰ ਨੂੰ ਪਾਰਟੀ ਵਿੱਚ ਕਦੇ ਵੀ ਵਾਪਸ ਨਹੀਂ ਆਉਣਾ ਚਾਹੀਦਾ।"
ਘੁਬਾਇਆ ਨੇ ਕੈਪਟਨ 'ਤੇ ਨਿੱਜੀ ਤੌਰ 'ਤੇ ਨਿਸ਼ਾਨਾ ਸਾਧਦਿਆਂ ਇੱਕ ਵੱਡਾ ਖੁਲਾਸਾ ਕੀਤਾ। ਉਨ੍ਹਾਂ ਇਲਜ਼ਾਮ ਲਗਾਇਆ ਕਿ ਕੈਪਟਨ ਨੇ ਆਪਣੀ ਹੀ ਪਾਰਟੀ ਦੇ ਉਮੀਦਵਾਰ (ਘੁਬਾਇਆ) ਨੂੰ ਹਰਾਉਣ ਲਈ ਅੰਦਰਖਾਤੇ ਸਾਜ਼ਿਸ਼ਾਂ ਰਚੀਆਂ। ਰਾਣਾ ਗੁਰਮੀਤ ਸਿੰਘ ਸੋਢੀ ਨੂੰ ਫਾਇਦਾ ਪਹੁੰਚਾਉਣ ਲਈ ਪੂਰੀ ਮਸ਼ੀਨਰੀ, ਉੱਚ ਲੀਡਰਾਂ ਤੇ ਅਧਿਕਾਰੀਆਂ ਦੀ ਵਰਤੋਂ ਕੀਤੀ ਗਈ। ਹਾਈ ਕਮਾਂਡ ਵੱਲੋਂ ਟਿਕਟ ਦਿੱਤੇ ਜਾਣ ਦੇ ਬਾਵਜੂਦ, ਕੈਪਟਨ ਨੇ ਉਨ੍ਹਾਂ ਨੂੰ ਹਰਾਉਣ ਵਿੱਚ ਕੋਈ ਕਸਰ ਨਹੀਂ ਛੱਡੀ।
ਘੁਬਾਇਆ ਨੇ ਕਿਹਾ ਕਿ ਕੈਪਟਨ ਦਾ ਬੀਜੇਪੀ ਵਿੱਚ ਜਾਣਾ ਅਤੇ ਫਿਰ ਵਾਪਸੀ ਦੀਆਂ ਕੋਸ਼ਿਸ਼ਾਂ ਕਰਨਾ ਸਿਰਫ਼ ਸਿਆਸੀ ਮਕਸਦ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੇ ਮਨ ਵਿੱਚ ਕਾਂਗਰਸ ਲਈ ਕੋਈ ਹਮਦਰਦੀ ਨਹੀਂ ਹੈ, ਉਹ ਸਿਰਫ਼ ਆਪਣਾ ਵਜੂਦ ਬਚਾਉਣ ਲਈ ਹੱਥ-ਪੈਰ ਮਾਰ ਰਹੇ ਹਨ।
ਜ਼ਿਕਰਯੋਗ ਹੈ ਕਿ ਸ਼ੇਰ ਸਿੰਘ ਘੁਬਾਇਆ ਲੰਬੇ ਸਮੇਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹੇ ਹਨ ਅਤੇ ਅਕਾਲੀ ਦਲ ਦੀ ਟਿਕਟ 'ਤੇ ਸਾਂਸਦ ਵੀ ਰਹੇ। ਬਾਅਦ ਵਿੱਚ ਉਹ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਇਸ ਵੇਲੇ ਉਹ ਕਾਂਗਰਸ ਦੇ ਮੌਜੂਦਾ ਸਾਂਸਦ ਹਨ ਅਤੇ ਪਾਰਟੀ ਅੰਦਰ ਆਪਣੀ ਮਜ਼ਬੂਤ ਪਕੜ ਰੱਖਦੇ ਹਨ। ਘੁਬਾਇਆ ਨੇ ਅਖੀਰ ਵਿੱਚ ਕਿਹਾ ਕਿ ਹੁਣ ਅਗਲਾ ਫੈਸਲਾ ਪਾਰਟੀ ਹਾਈ ਕਮਾਂਡ ਨੇ ਕਰਨਾ ਹੈ, ਪਰ ਉਹ ਕੈਪਟਨ ਦੀ ਵਾਪਸੀ ਦੇ ਸਖ਼ਤ ਖ਼ਿਲਾਫ਼ ਹਨ।