ਪੰਜਾਬੀ ਲੇਖਕ ਮੰਚ ਵੱਲੋਂ ਬਿੰਦੂ ਮਠਾੜੂ ਅਤੇ ਆਰਟਿਸਟ ਜਸਵੰਤ ਸਿੰਘ ਦੀਆਂ ਪੁਸਤਕਾਂ ਰਿਲੀਜ਼
ਹਰਦਮ ਮਾਨ
ਸਰੀ, 28 ਮਈ 2026-ਪੰਜਾਬੀ ਲੇਖਕ ਮੰਚ ਵੱਲੋਂ ਬੀਤੇ ਦਿਨੀ ਸ਼ਾਹੀ ਕੇਟਰਿੰਗ ਹਾਲ ਵਿਖੇ ਇੱਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪ੍ਰਸਿੱਧ ਲੇਖਿਕਾ ਬਿੰਦੂ ਮਠਾੜੂ ਦੀ ਪੁਸਤਕ “ਮਨ ਬਉਰਾ” ਅਤੇ ਜਾਣੇ-ਪਛਾਣੇ ਆਰਟਿਸਟ ਜਸਵੰਤ ਸਿੰਘ ਦੀ ਪੁਸਤਕ “ਅੰਤਰਾਲ ਯਾਤਰਾ” ਲੋਕ-ਅਰਪਣ ਕੀਤੀਆਂ ਗਈਆਂ। ਇਸ ਸਮਾਗਮ ਵਿੱਚ ਪੰਜਾਬੀ ਸਾਹਿਤ ਜਗਤ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਸਮੇਤ 70 ਤੋਂ ਵੱਧ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ।
ਸਮਾਗਮ ਦੀ ਸ਼ੁਰੂਆਤ ਵਿੱਚ ਲੇਖਕ ਮੰਚ ਦੇ ਕੁਆਡੀਨੇਟਰ ਸੁਰਜੀਤ ਕਲਸੀ ਨੇ ਆਏ ਹੋਏ ਤਮਾਮ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ। ਇਸ ਉਪਰੰਤ ਸਟੇਜ ਦੀ ਕਾਰਵਾਈ ਨੂੰ ਸੁਚੱਜੇ ਢੰਗ ਨਾਲ ਚਲਾਉਣ ਦੀ ਜ਼ਿੰਮੇਵਾਰੀ ਸ਼ਾਇਰ ਕਵਿੰਦਰ ਚਾਂਦ ਵੱਲੋਂ ਸੰਭਾਲੀ ਗਈ। ਪ੍ਰਧਾਨਗੀ ਮੰਡਲ ਦੇ ਬਿਰਾਜਮਾਨ ਹੋਣ ਤੋਂ ਬਾਅਦ ਜਸਬੀਰ ਮਾਨ, ਅਮਰੀਕ ਪਲਾਹੀ, ਰਾਜਵੰਤ ਰਾਜ ਅਤੇ ਸੁਰਜੀਤ ਕਲਸੀ ਵੱਲੋਂ ਕਿਤਾਬ “ਮਨ ਬਉਰਾ” ਉੱਪਰ ਪਰਚੇ ਪੜ੍ਹੇ ਗਏ ਅਤੇ ਇਸ ਦੇ ਸਾਹਿਤਕ ਮੁੱਲ 'ਤੇ ਰੌਸ਼ਨੀ ਪਾਈ ਗਈ। ਦੂਸਰੇ ਪਾਸੇ ਅਜਮੇਰ ਰੋਡੇ, ਇੰਦਰਜੀਤ ਸਿੰਘ ਧਾਮੀ, ਡਾ. ਤਾਰਾ ਸਿੰਘ ਆਲਮ ਅਤੇ ਪ੍ਰੀਤ ਇੰਦਰ ਵੱਲੋਂ ਪੁਸਤਕ “ਅੰਤਰਾਲ ਯਾਤਰਾ” ਉੱਪਰ ਆਪੋ-ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ ਗਏ।
ਸਮਾਗਮ ਦੌਰਾਨ ਕੇਸੀ ਅਤੇ ਪਰੇਮਦੀਪ ਨੇ ਬਿੰਦੂ ਮਠਾੜੂ ਦੀਆਂ ਖ਼ੂਬਸੂਰਤ ਗ਼ਜ਼ਲਾਂ ਨੂੰ ਤਰੰਨਮ ਵਿੱਚ ਗਾ ਕੇ ਪੂਰੇ ਮਾਹੌਲ ਨੂੰ ਸੰਗੀਤਕ ਰੰਗ ਵਿੱਚ ਰੰਗ ਦਿੱਤਾ। ਡਾ. ਤਾਰਾ ਸਿੰਘ ਆਲਮ ਅਤੇ ਅੰਦਰੇਸ਼ ਵੱਲੋਂ ਵੀ ਬਿੰਦੂ ਮਠਾੜੂ ਦੀਆਂ ਕੁਝ ਚੋਣਵੀਆਂ ਗ਼ਜ਼ਲਾਂ ਦਾ ਪਾਠ ਕੀਤਾ ਗਿਆ।
ਇਸ ਮੌਕੇ ਉੱਘੇ ਸਾਹਿਤਕਾਰ ਜਰਨੈਲ ਸਿੰਘ ਸੇਖਾ, ਡਾ. ਜਸਮਲਕੀਤ, ਬਲਜਿੰਦਰ ਸੰਧੂ ਅਤੇ ਪ੍ਰੋ. ਕਸਮੀਰਾ ਸਿੰਘ ਨੇ ਦੋਹਾਂ ਸਿਰਜਣਹਾਰਾਂ ਨੂੰ ਨਵੀਆਂ ਪੁਸਤਕਾਂ ਦੀ ਆਮਦ 'ਤੇ ਮੁਬਾਰਕਬਾਦ ਦਿੱਤੀ ਅਤੇ ਲੇਖਕਾਂ ਦੀ ਸਿਰਜਣਾਤਮਕ ਸੋਚ ਤੇ ਕਿਤਾਬਾਂ ਦੇ ਵਿਸ਼ਾ-ਵਸਤੂ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਦੇ ਅਖੀਰ ਵਿੱਚ ਦੋਹਾਂ ਲੇਖਕਾਂ ਨੇ ਪੰਜਾਬੀ ਲੇਖਕ ਮੰਚ ਅਤੇ ਸਮਾਗਮ ਵਿੱਚ ਪਹੁੰਚੇ ਸਾਰੇ ਬੁਲਾਰਿਆਂ, ਸਾਹਿਤ ਪ੍ਰੇਮੀਆਂ ਤੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।