ਆਸਟ੍ਰੇਲੀਆ ਦੀ ਧਰਤੀ ‘ਤੇ ਪੰਜਾਬੀ ਖਿਡਾਰੀ ਦਾ ਡੰਕਾ--ਗੁਰਿੰਦਰ ਸਿੰਘ ਧਾਲੀਵਾਲ ਨੇ 7 ਮੈਡਲ ਜਿੱਤ ਕੇ ਰਚਿਆ ਇਤਿਹਾਸ
ਸੁਖਮਿੰਦਰ ਭੰਗੂ | ਬਾਬੂਸ਼ਾਹੀ ਬਿਊਰੋ
ਪੰਜਾਬੀ ਨੌਜਵਾਨਾਂ ਦੀ ਖੇਡ ਪ੍ਰਤਿਭਾ ਇੱਕ ਵਾਰ ਫਿਰ ਵਿਦੇਸ਼ੀ ਧਰਤੀ ‘ਤੇ ਚਮਕੀ ਹੈ। ਆਸਟ੍ਰੇਲੀਆ ਵਿੱਚ 18-23 ਮਈ 2026 ਤੱਕ Darwin, Australia ,Arafura Stadium ਵਿਖੇ ਆਯੋਜਿਤ ਕੀਤੀਆਂ ਗਈਆਂ Oceania Master Athletics Championships ਵਿੱਚ ਪਟਿਆਲਾ ਦੇ ਪਿੰਡ ਗੰਗਰੋਲੀ ਨਾਲ ਸੰਬੰਧਿਤ ਹਰਫਨਮੌਲਾ ਅਥਲੀਟ ਗੁਰਿੰਦਰ ਸਿੰਘ ਧਾਲੀਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 7 ਮੈਡਲ ਆਪਣੇ ਨਾਮ ਕਰਕੇ ਨਾ ਸਿਰਫ ਪੰਜਾਬ, ਸਗੋਂ ਪੂਰੇ ਭਾਰਤੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ।
35 ਸਾਲਾ ਅਥਲੀਟ ਗੁਰਿੰਦਰ ਸਿੰਘ ਧਾਲੀਵਾਲ ਨੇ ਵੱਖ-ਵੱਖ ਐਥਲੈਟਿਕਸ ਮੁਕਾਬਲਿਆਂ ਵਿੱਚ ਆਪਣੀ ਫੁਰਤੀ, ਤਾਕਤ ਅਤੇ ਦਮਦਾਰ ਤਿਆਰੀ ਦਾ ਪ੍ਰਮਾਣ ਦਿੰਦਿਆਂ ਤਿੰਨ ਸੋਨੇ, ਤਿੰਨ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ।
ਇਹ ਰਹੀ ਗੁਰਿੰਦਰ ਦੀ ਸ਼ਾਨਦਾਰ ਉਪਲਬਧੀ
- ਟ੍ਰਿਪਲ ਜੰਪ – ਪਹਿਲਾ ਸਥਾਨ
-ਲਾਂਗ ਜੰਪ – ਪਹਿਲਾ ਸਥਾਨ
- 400 ਮੀਟਰ ਹਰਡਲ – ਪਹਿਲਾ ਸਥਾਨ
-ਸ਼ਾਟ ਪੁੱਟ – ਦੂਜਾ ਸਥਾਨ
-ਜੈਵਲਿਨ ਥ੍ਰੋ – ਦੂਜਾ ਸਥਾਨ
-200 ਮੀਟਰ ਦੌੜ – ਦੂਜਾ ਸਥਾਨ
-100 ਮੀਟਰ ਦੌੜ – ਤੀਜਾ ਸਥਾਨ
ਖਾਸ ਗੱਲ ਇਹ ਰਹੀ ਕਿ ਗੁਰਿੰਦਰ ਸਿੰਘ ਨੇ ਸਿਰਫ ਇੱਕ ਹੀ ਖੇਡ ਵਿੱਚ ਨਹੀਂ, ਸਗੋਂ ਦੌੜਾਂ, ਜੰਪ ਅਤੇ ਥ੍ਰੋ ਇਵੈਂਟਾਂ ਵਿੱਚ ਇਕਸਾਰ ਕਾਬਲਿਯਤ ਦਿਖਾ ਕੇ ਆਪਣੇ ਆਪ ਨੂੰ “ਆਲ ਰਾਊਂਡ ਅਥਲੀਟ” ਸਾਬਤ ਕੀਤਾ।
ਪਿੰਡ ਗੰਗਰੋਲੀ ਅਤੇ ਪਟਿਆਲਾ ਇਲਾਕੇ ਵਿੱਚ ਗੁਰਿੰਦਰ ਦੀ ਇਸ ਕਾਮਯਾਬੀ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ। ਖੇਡ ਪ੍ਰੇਮੀਆਂ ਅਤੇ ਇਲਾਕੇ ਦੇ ਨੌਜਵਾਨਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਗੁਰਿੰਦਰ ਵਰਗੇ ਖਿਡਾਰੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਹਨ, ਜੋ ਸਖ਼ਤ ਮਿਹਨਤ ਅਤੇ ਲਗਨ ਨਾਲ ਵਿਸ਼ਵ ਪੱਧਰ ‘ਤੇ ਆਪਣਾ ਮਕਾਮ ਬਣਾਉਂਦੇ ਹਨ।
ਗੁਰਿੰਦਰ ਸਿੰਘ ਧਾਲੀਵਾਲ ਦੀ ਇਹ ਪ੍ਰਾਪਤੀ ਸਾਬਤ ਕਰਦੀ ਹੈ ਕਿ ਪੰਜਾਬੀ ਖਿਡਾਰੀਆਂ ਵਿੱਚ ਹੁਨਰ ਦੀ ਕੋਈ ਘਾਟ ਨਹੀਂ, ਲੋੜ ਹੈ ਤਾਂ ਕੇਵਲ ਮੌਕਿਆਂ ਅਤੇ ਹੌਸਲੇ ਦੀ।