ਨਿਊਜ਼ੀਲੈਂਡ : ਅਪਰਾਧਿਕ ਸਬੰਧ: ਅੰਦਰੂਨੀ ਸੁਰੱਖਿਆ ਪ੍ਰਬੰਧ ਖਤਰੇ ’ਚ
ਗੈਂਗ ਮੈਂਬਰ ਨਾਲ ਰਹਿ ਰਹੀ ਮਹਿਲਾ ਅਧਿਕਾਰੀ ਦੇ ਘਰ ਪੁਲਿਸ ਦਾ ਛਾਪਾ-10 ਵੱਖ-ਵੱਖ ਚੱਲ ਰਹੀਆਂ ਜਾਂਚਾਂ ’ਤੇ ਹੋ ਰਹੀ ਹੈ ਕਾਰਵਾਈ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 10 ਜਨਵਰੀ 2026:-ਨਿਊਜ਼ੀਲੈਂਡ ਪੁਲਿਸ ਵਿਭਾਗ ਉਸ ਵੇਲੇ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਜਦੋਂ ਇੱਕ ਸਹੁੰ ਚੁੱਕ ਮਹਿਲਾ ਪੁਲਿਸ ਅਧਿਕਾਰੀ ਦੇ ਘਰੋਂ ਨਸ਼ੀਲੇ ਪਦਾਰਥ ਬਰਾਮਦ ਹੋਏ। ਇਹ ਮਹਿਲਾ ਅਧਿਕਾਰੀ ਇੱਕ ਅਜਿਹੇ ਗੈਂਗ ਮੈਂਬਰ ਨਾਲ ਰਹਿ ਰਹੀ ਸੀ, ਜਿਸ ’ਤੇ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ।
ਗੈਂਗਸਟਰ ਨਾਲ ਸਬੰਧ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ
ਰਿਪੋਰਟਾਂ ਅਨੁਸਾਰ, ’ਕਿੰਗ ਕੋਬਰਾ’ ਗੈਂਗ ਦਾ ਇੱਕ ਮੈਂਬਰ, ਜੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਮਨੀ ਲਾਂਡਰਿੰਗ ਦੇ ਸ਼ੱਕ ਹੇਠ ਸੀ, ਆਪਣੀ ਸਾਥੀ ਅਤੇ ਉਸਦੀ ਪੁਲਿਸ ਅਧਿਕਾਰੀ ਧੀ ਨਾਲ ਰਹਿ ਰਿਹਾ ਸੀ। ਜਦੋਂ ਪੁਲਿਸ ਨੇ ਇਸ ਟਿਕਾਣੇ ’ਤੇ ਛਾਪਾ ਮਾਰਿਆ, ਤਾਂ ਉੱਥੋਂ ਨਸ਼ੀਲਾ ਪਦਾਰਥ (ਗਾਂਜਾ) ਬਰਾਮਦ ਹੋਇਆ, ਜਿਸ ਨੇ ਵਿਭਾਗ ਦੇ ਅੰਦਰੂਨੀ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ।
ਭ੍ਰਿਸ਼ਟਾਚਾਰ ਦੇ 10 ਮਾਮਲਿਆਂ ਦੀ ਚੱਲ ਰਹੀ ਹੈ ਜਾਂਚ
ਇਹ ਮਾਮਲਾ ਕੋਈ ਇਕੱਲੀ ਘਟਨਾ ਨਹੀਂ ਹੈ। ਪੁਲਿਸ ਵਿਭਾਗ ਦੇ ਅੰਦਰ ਭ੍ਰਿਸ਼ਟਾਚਾਰ ਅਤੇ ਅਪਰਾਧਿਕ ਗਿਰੋਹਾਂ ਨਾਲ ਸਾਂਝ-ਭਿਆਲੀ ਨੂੰ ਲੈ ਕੇ ਅਜਿਹੀਆਂ 10 ਵੱਖ-ਵੱਖ ਜਾਂਚਾਂ ਚੱਲ ਰਹੀਆਂ ਹਨ। ਇਹ ਜਾਂਚਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਕਿਵੇਂ ਸੰਗਠਿਤ ਅਪਰਾਧ ਹੁਣ ਸਰਕਾਰੀ ਅਦਾਰਿਆਂ ਵਿੱਚ ਆਪਣੀ ਪੈਂਠ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਪੁਲਿਸ ਦੀ ਸਾਖ ’ਤੇ ਲੱਗਾ ਵੱਡਾ ਦਾਗ
ਇਸ ਘਟਨਾ ਨੇ ਨਿਊਜ਼ੀਲੈਂਡ ਪੁਲਿਸ ਦੀ ਇਮਾਨਦਾਰੀ ਅਤੇ ਸੁਰੱਖਿਆ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਅਪਰਾਧਿਕ ਸਮੂਹਾਂ ਦੁਆਰਾ ਦਿੱਤਾ ਜਾਂਦਾ ਪੈਸੇ ਦਾ ਲਾਲਚ ਪੁਲਿਸ ਮੁਲਾਜ਼ਮਾਂ ਲਈ ਇੱਕ ਵੱਡਾ ਖਤਰਾ ਬਣ ਰਿਹਾ ਹੈ, ਜੋ ਕਿ ਪੂਰੇ ਵਿਭਾਗ ਦੀ ਭਰੋਸੇਯੋਗਤਾ ਨੂੰ ਖਤਮ ਕਰ ਸਕਦਾ ਹੈ।
ਸਖ਼ਤ ਕਾਰਵਾਈ ਦੀ ਮੰਗ
ਇਸ ਖੁਲਾਸੇ ਤੋਂ ਬਾਅਦ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ’ਤੇ ਸਖ਼ਤ ਕਦਮ ਚੁੱਕਣ ਲਈ ਦਬਾਅ ਵੱਧ ਗਿਆ ਹੈ। ਮੰਗ ਕੀਤੀ ਜਾ ਰਹੀ ਹੈ ਕਿ ਅਪਰਾਧੀਆਂ ਨਾਲ ਸਬੰਧ ਰੱਖਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਪੁਲਿਸ ਵਿਭਾਗ ਵਿੱਚ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ।
ਦੋਸ਼ ਅਤੇ ਅਸਤੀਫ਼ਾ: ਜਦੋਂ ਅਕਤੂਬਰ 2023 ਵਿੱਚ ਉਸਦੇ ਘਰ ਛਾਪਾ ਮਾਰਿਆ ਗਿਆ ਸੀ, ਤਾਂ ਉਸਦੇ ਬੈੱਡਸਾਈਡ ਡਰਾਅਰ (ਮੇਜ਼) ਵਿੱਚੋਂ ਗਾਂਜਾ ਅਤੇ ਨਸ਼ਾ ਕਰਨ ਵਾਲਾ ਸਾਮਾਨ (utensils) ਬਰਾਮਦ ਹੋਇਆ ਸੀ। ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਪੁਲਿਸ ਵਿਭਾਗ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਅਦਾਲਤੀ ਫੈਸਲਾ: ਅਦਾਲਤ ਨੇ ਉਸਨੂੰ ਬਿਨਾਂ ਕਿਸੇ ਸਜ਼ਾ (discharged without conviction) ਦੇ ਛੱਡ ਦਿੱਤਾ ਸੀ ਅਤੇ ਉਸਦੇ ਨਾਮ ਨੂੰ ਗੁਪਤ ਰੱਖਣ (name suppression) ਦੇ ਪੱਕੇ ਹੁਕਮ ਦਿੱਤੇ ਸਨ।
ਗੈਂਗ ਨਾਲ ਸਬੰਧ: ਜਾਂਚ ਵਿੱਚ ਸਾਹਮਣੇ ਆਇਆ ਕਿ ਉਹ ’ਕਿੰਗ ਕੋਬਰਾ’ ਗੈਂਗ ਦੇ ਉਸ ਮੈਂਬਰ ਦੀ ਮਤਰੇਈ ਧੀ ਸੀ, ਜਿਸ ’ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਸ਼ੱਕ ਸੀ।
ਇਹ ਮਾਮਲਾ ਹੁਣ ਇਸ ਲਈ ਚਰਚਾ ਵਿੱਚ ਹੈ ਕਿਉਂਕਿ ਨਿਊਜ਼ੀਲੈਂਡ ਪੁਲਿਸ ਦੀ ਨੈਸ਼ਨਲ ਇੰਟੀਗ੍ਰਿਟੀ ਯੂਨਿਟ (National Integrity ”nit) ਪੁਲਿਸ ਮੁਲਾਜ਼ਮਾਂ ਅਤੇ ਗੈਂਗਾਂ ਵਿਚਕਾਰ ਅਜਿਹੇ 10 ਹੋਰ ਸਬੰਧਾਂ ਦੀ ਜਾਂਚ ਕਰ ਰਹੀ ਹੈ।