Putin ਦੇ ਭਾਰਤ ਦੌਰੇ 'ਤੇ China ਦਾ ਆਇਆ ਵੱਡਾ ਬਿਆਨ! ਕਹਿ ਦਿੱਤੀ 'ਇਹ' ਗੱਲ
ਬਾਬੂਸ਼ਾਹੀ ਬਿਊਰੋ
ਬੀਜਿੰਗ/ਨਵੀਂ ਦਿੱਲੀ, 9 ਦਸੰਬਰ, 2025: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਹਾਲੀਆ ਭਾਰਤ ਯਾਤਰਾ 'ਤੇ ਗੁਆਂਢੀ ਦੇਸ਼ ਚੀਨ (China) ਨੇ ਆਪਣੀ ਪਹਿਲੀ ਅਤੇ ਸਕਾਰਾਤਮਕ ਪ੍ਰਤੀਕਿਰਿਆ ਦਿੱਤੀ ਹੈ। ਦੱਸ ਦੇਈਏ ਕਿ ਚੀਨ ਨੇ ਭਾਰਤ, ਰੂਸ ਅਤੇ ਖੁਦ ਨੂੰ 'ਗਲੋਬਲ ਸਾਊਥ' ਦਾ ਸਭ ਤੋਂ ਮਹੱਤਵਪੂਰਨ ਹਿੱਸਾ ਦੱਸਦੇ ਹੋਏ ਇੱਕ ਵੱਡਾ ਕੂਟਨੀਤਕ ਸੰਦੇਸ਼ ਦਿੱਤਾ ਹੈ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜਿਆਕੁਨ ਨੇ ਇੱਕ ਮੀਡੀਆ ਬ੍ਰੀਫਿੰਗ ਵਿੱਚ ਕਿਹਾ ਕਿ ਇਹ ਤਿੰਨੇ ਦੇਸ਼ ਉਭਰਦੀਆਂ ਹੋਈਆਂ ਬਾਜ਼ਾਰ ਅਰਥਵਿਵਸਥਾਵਾਂ (Market Economies) ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਤਿੰਨਾਂ ਦੇਸ਼ਾਂ ਵਿਚਾਲੇ ਚੰਗੇ ਤਿਕੋਣੇ ਸਬੰਧ ਨਾ ਸਿਰਫ਼ ਉਨ੍ਹਾਂ ਦੇ ਆਪਣੇ ਹਿੱਤ ਵਿੱਚ ਹਨ, ਸਗੋਂ ਇਹ ਖੇਤਰੀ ਅਤੇ ਆਲਮੀ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਲਈ ਵੀ ਬੇਹੱਦ ਲਾਹੇਵੰਦ ਸਾਬਤ ਹੋਣਗੇ।
"ਭਾਰਤ ਨਾਲ ਮਜ਼ਬੂਤ ਰਿਸ਼ਤਿਆਂ ਲਈ ਤਿਆਰ"
2020 ਦੇ ਪੂਰਬੀ ਲੱਦਾਖ ਗਤੀਰੋਧ ਤੋਂ ਬਾਅਦ ਆਮ ਹੋ ਰਹੇ ਭਾਰਤ-ਚੀਨ ਸਬੰਧਾਂ 'ਤੇ ਬੁਲਾਰੇ ਨੇ ਚੀਨ ਦਾ ਰੁਖ ਸਪੱਸ਼ਟ ਕੀਤਾ। ਉਨ੍ਹਾਂ ਕਿਹਾ ਕਿ ਚੀਨ, ਭਾਰਤ ਨਾਲ ਨਿਰੰਤਰ ਅਤੇ ਸਥਿਰ ਸਬੰਧਾਂ ਨੂੰ ਵਧਾਵਾ ਦੇਣਾ ਚਾਹੁੰਦਾ ਹੈ। ਬੀਜਿੰਗ ਭਾਰਤ ਨਾਲ ਮਿਲ ਕੇ ਇਨ੍ਹਾਂ ਰਿਸ਼ਤਿਆਂ ਨੂੰ ਰਣਨੀਤਕ ਉਚਾਈ 'ਤੇ ਲਿਜਾਣ ਲਈ ਤਿਆਰ ਹੈ, ਤਾਂ ਜੋ ਏਸ਼ੀਆ ਅਤੇ ਉਸ ਤੋਂ ਅੱਗੇ ਵੀ ਸ਼ਾਂਤੀ ਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਇਆ ਜਾ ਸਕੇ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਇਸਦਾ ਅਸਲੀ ਲਾਭ ਮਿਲੇ।
ਵਪਾਰ ਟੀਚੇ ਅਤੇ ਸਮਝੌਤੇ
ਦੱਸ ਦੇਈਏ ਕਿ ਰਾਸ਼ਟਰਪਤੀ ਪੁਤਿਨ 4-5 ਦਸੰਬਰ ਨੂੰ ਭਾਰਤ ਦੀ ਅਧਿਕਾਰਤ ਯਾਤਰਾ 'ਤੇ ਆਏ ਸਨ, ਜੋ 2021 ਤੋਂ ਬਾਅਦ ਉਨ੍ਹਾਂ ਦਾ ਪਹਿਲਾ ਦੌਰਾ ਸੀ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਵਪਾਰ, ਨਿਵੇਸ਼ ਅਤੇ ਆਰਥਿਕ ਸਹਿਯੋਗ ਵਧਾਉਣ ਲਈ ਕਈ ਅਹਿਮ ਸਮਝੌਤਿਆਂ 'ਤੇ ਦਸਤਖਤ ਹੋਏ। ਦੋਵਾਂ ਧਿਰਾਂ ਨੇ ਸਾਲ 2030 ਤੱਕ ਦੁਵੱਲੇ ਵਪਾਰ ਨੂੰ 100 ਅਰਬ ਅਮਰੀਕੀ ਡਾਲਰ (100 Billion USD) ਤੱਕ ਲਿਜਾਣ ਦਾ ਟੀਚਾ ਰੱਖਿਆ ਹੈ।